ਸਿੱਖਸ ਆਫ ਅਮਰੀਕਾ ਨੇ 10 ਵਿਦਿਆਰਥੀਆਂ ਨੂੰ ਚੈੱਕ ਕੀਤੇ ਤਕਸੀਮ
ਅੰਮਿ੍ਤਸਰ/ਪੰਜਾਬ ਪੋਸਟ
ਸਮਾਜ ਸੇਵਾ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਲੰਮੇ ਸਮੇਂ ਤੋਂ ਸਫਲਤਾਪੂਰਬਕ ਅੰਦਾਜ਼ ਨਾਲ ਯਤਨਸ਼ੀਲ ਸੰਸਥਾ ‘ਸਿੱਖਸ ਆਫ ਅਮਰੀਕਾ’ ਵੱਲੋਂ ਆਪਣੇ ਤਾਜ਼ਾ ਉਪਰਾਲੇ ਤਹਿਤ ਗੁਰੂ ਕੀ ਨਗਰੀ ਅੰਮਿ੍ਰਤਸਰ ਵਿਖੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਿੱਚ ਸਹਾਇਤਾ ਕਰਨ ਦੇ ਮਕਸਦ ਵਜੋਂ ਵਜ਼ੀਫੇ ਪ੍ਰਦਾਨ ਕੀਤੇ ਗਏ। ਇਸ ਮੌਕੇ ‘ਸਿੱਖਸ ਆਫ ਅਮਰੀਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਡਾਇਰੈਕਟਰ ਸੁਖਪਾਲ ਸਿੰਘ ਧਨੋਆ ਆਪਣੀ ਟੀਮ ਸਮੇਤ ਉਚੇਚੇ ਤੌਰ ’ਤੇ ਪਹੁੰਚੇ ਅਤੇ ਇਸ ਨੇਕ ਕਾਰਜ ਨੂੰ ਨਿਭਾਇਆ। ਇਸ ਸਬੰਧੀ ਸੰਸਥਾ ਵੱਲੋਂ ਲੰਮੇ ਸਮੇਂ ਤੋਂ ਲੋੜਵੰਦ ਬੱਚਿਆਂ ਦੀ ਪਛਾਣ ਕੀਤੀ ਜਾ ਰਹੀ ਸੀ, ਜਿਨਾਂ ਨੂੰ ਪੜ੍ਹਾਈ ਲਿਖਾਈ ਜਾਰੀ ਰੱਖਣ ਸਬੰਧੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਪਹਿਲੇ ਗੇੜ ਤਹਿਤ ਹੁਣ ਇਨਾਂ ਬੱਚਿਆਂ ਨੂੰ ਸੰਸਥਾ ਵੱਲੋਂ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖ ਸਕਣ। ਇਸ ਨੇਕ ਉਪਰਾਲੇ ਤਹਿਤ ਮੈਰਿਟ ਦੇ ਅਧਾਰ ਉੱਤੇ ਇਨ੍ਹਾਂ 10 ਹੋਣਹਾਰ ਬੱਚਿਆਂ ਦੀ ਚੋਣ ਕੀਤੀ ਗਈ ਜਿਨਾਂ ਨੂੰ ਵੱਖ-ਵੱਖ ਪਰਿਵਾਰਿਕ ਅਤੇ ਆਰਥਿਕ ਮੁਸ਼ਕਿਲਾਂ ਕਰਕੇ ਪੜ੍ਹਾਈ ਜਾਰੀ ਰੱਖਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਸਾਲ ਫਰਵਰੀ ਮਹੀਨੇ ‘ਸਿੱਖਸ ਆਫ ਅਮਰੀਕਾ’ ਦੀ ਟੀਮ ਅੰਮਿ੍ਰਤਸਰ ਦੇ ਦੌਰੇ ’ਤੇ ਆਈ ਸੀ ਅਤੇ ਉਦੋਂ ਹੀ ਇਸ ਨੇਕ ਕਾਰਜ ਸਬੰਧੀ ਐਲਾਨ ਕਰ ਦਿੱਤਾ ਗਿਆ ਸੀ ਅਤੇ ਹੁਣ ਉਸੇ ਐਲਾਨ ਨੂੰ ਅਮਲੀ ਜਾਮਾ ਪਵਾਇਆ ਗਿਆ। ਸ. ਜਸਦੀਪ ਸਿੰਘ ਜੱਸੀ ਨੇ ਇਸ ਗੱਲ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਕਿ ਉਨਾਂ ਦੀ ਟੀਮ ਅਤੇ ਇਹ ਸਮੁੱਚੀ ਸੰਸਥਾ, ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਮੌਜੂਦਾ ਸਮੇਂ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੋਂ ਪ੍ਰੇਰਨਾ ਲੈ ਕੇ ਇਸ ਕਾਰਜ ਵੱਲ ਤੁਰੀ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾਉਂਦੇ ਸਮੇਂ ਤਰਨਜੀਤ ਸਿੰਘ ਸੰਧੂ ਵੱਲੋਂ ਅਕਸਰ ਇਸ ਸੰਸਥਾ ਨੂੰ ਅੰਮਿ੍ਰਤਸਰ ਜਾ ਕੇ ਸਮਾਜ ਭਲਾਈ ਦੇ ਕਾਰਜ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ ਅਤੇ ਉਸੇ ਦਾ ਸਿੱਟਾ ਹੈ ਕਿ ਹੁਣ ਇਸ ਸੰਸਥਾ ਨੇ ਅੰਮਿ੍ਰਤਸਰ ਦੇ ਲੋੜਵੰਦ ਬੱਚਿਆਂ ਦੀ ਬਾਂਹ ਫੜ੍ਹੀ ਹੈ। ਇਸੇ ਪ੍ਰੇਰਨਾ ਸਦਕਾ ‘ਸਿੱਖਸ ਆਫ ਅਮਰੀਕਾ’ ਸੰਸਥਾ ਹੋਰਨਾਂ ਖੇਤਰਾਂ ਵਿੱਚ ਵੀ ਅੰਮਿ੍ਰਤਸਰ ਅੰਦਰ ਕਾਰਜ ਕਰਨ ਲਈ ਯਤਨਸ਼ੀਲ ਹੋ ਰਹੀ ਹੈ ਜਿਸ ਵਿੱਚ ਪ੍ਰਮੁੱਖ ਤੌਰ ‘ਤੇ ਆਉਂਦੇ ਸਮੇਂ ਦੌਰਾਨ, ‘ਸਵੱਛ ਅੰਮਿ੍ਰਤਸਰ’ ਮੁਹਿੰਮ ਉੱਤੇ ਵੀ ਕੰਮ ਕੀਤਾ ਜਾਵੇਗਾ। ਇਸ ਮੁਹਿੰਮ ਜ਼ਰੀਏ ਅੰਮਿ੍ਰਤਸਰ ਨੂੰ ਮੱਧ ਪ੍ਰਦੇਸ਼ ਸੂਬੇ ਦੇ ਦੇ ਇੰਦੌਰ ਸ਼ਹਿਰ ਵਾਂਗ ਦੇਸ਼ ਦਾ ਇੱਕ ਪ੍ਰਮੁੱਖ ਸਾਫ ਸੁਥਰਾ ਸ਼ਹਿਰ ਬਣਾਉਣ ਦਾ ਮਕਸਦ ਰੱਖਿਆ ਜਾਵੇਗਾ। ਇਹੋ ਜਿਹੇ ਸਮੂਹ ਕਾਰਜਾਂ ਨੂੰ ਨਿਭਾਉਣ ਹਿੱਤ ‘ਸਿੱਖਸ ਆਫ ਅਮਰੀਕਾ’ ਸੰਸਥਾ ਵੱਲੋਂ ਭਾਰਤ ਅਤੇ ਪੰਜਾਬ ਵਿੱਚ ਆਪਣੀ ਸਥਾਨਕ ਟੀਮ ਵੀ ਬਣਾਈ ਗਈ ਹੈ ਜਿਸ ਦਾ ਗਠਨ ਸੰਸਥਾ ਦੇ ਡਾਇਰੈਕਟਰ ਸ. ਸੁਖਪਾਲ ਸਿੰਘ ਧਨੋਆ ਵੱਲੋਂ ਕੀਤਾ ਗਿਆ ਹੈ। ਇਸੇ ਤਹਿਤ ਸੰਸਥਾ ਵੱਲੋਂ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਸ਼ਹਿਰ ਦੇ ਵੱਖ-ਵੱਖ ਪਹਿਲੂਆਂ ਵਿੱਚ ਯੋਗਦਾਨ ਪਾਉਣ ਸਬੰਧੀ ਤਫਸੀਲੀ ਚਰਚਾ ਹੋਈ ਹੈ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ ’ਤੇ ਆਮ ਲੋਕਾਂ ਦੇ ਲਈ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਨਾਲ ਦੀ ਨਾਲ ਅੰਮਿ੍ਰਤਸਰ ਨੂੰ ਦੁਨੀਆਂ ਦਾ ਇੱਕ ਮਿਸਾਲੀ ਸ਼ਹਿਰ ਬਣਾਉਣ ਦਾ ਪ੍ਰਮੁੱਖ ਟੀਚਾ ਵੀ ਸਾਂਝਾ ਕੀਤਾ ਗਿਆ। ਇਸ ਮੌਕੇ ਸ. ਸੁਖਪਾਲ ਸਿੰਘ ਧਨੋਆ ਨੇ ਇਸ ਮੁੱਦੇ ਵੱਲ ਸਭ ਦਾ ਧਿਆਨ ਦੁਆਇਆ ਕਿ ਪਿਛਲੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਨੇ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ, ਪਰ ਅੰਮਿ੍ਰਤਸਰ ਵਿੱਚ ਅਮਲੀ ਰੂਪ ਵਿੱਚ ਕੰਮ ਬਹੁਤ ਘੱਟ ਕੀਤਾ ਗਿਆ ਜਦਕਿ ਹੁਣ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਇੱਕ ਲੋਕ ਪੱਖੀ ਮੁਹਿੰਮ ਬਣ ਰਹੀ ਹੈ ਅਤੇ ਸ਼ਹਿਰ ਦੇ ਵਿਕਾਸ ਨੂੰ ਪ੍ਰਮੁੱਖ ਵਿਸ਼ਾ ਬਣਾ ਕਰ ਅੱਗੇ ਵਧ ਰਹੀ ਹੈ। ਪੰਜਾਬ ਅੰਦਰ ਨਸ਼ਿਆਂ ਵਰਗੇ ਗੰਭੀਰ ਮੁੱਦੇ ਉੱਤੇ ਆਉਂਦੇ ਸਮੇਂ ਦੌਰਾਨ ਬਚਾਅ ਕਾਰਜ ਸ਼ੁਰੂ ਕਰਨ ਹਿੱਤ ਉਨ੍ਹਾਂ ਅਮਰੀਕਾ ਤੋਂ ਵੀ ਪ੍ਰਵਾਸੀ ਆਗੂਆਂ ਅਤੇ ਭਾਈਚਾਰਿਆਂ ਵੱਲੋਂ ਵੱਡਾ ਸਮਰਥਨ ਮਿਲਣ ਦੀ ਗੱਲ ਸਾਂਝੀ ਕੀਤੀ। ਕਰੋਨਾ ਕਾਲ ਦੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਇਸ ਸੰਸਥਾ ਵੱਲੋਂ ਅੰਮਿ੍ਰਤਸਰ ਦੇ ਨਾਲ-ਨਾਲ ਪੰਜਾਬ ਦੇ ਹੋਰਨਾਂ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਵੀ ਆਉਂਦੇ ਸਮੇਂ ਦੌਰਾਨ ਇਸੇ ਤਰ੍ਹਾਂ ਦੇ ਭਲਾਈ ਕਾਰਜ ਆਰੰਭੇ ਜਾਣਗੇ ਅਤੇ ਪਿਛਲੇ ਸਮਿਆਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਅਤੇ ਇਸੇ ਤਰ੍ਹਾਂ ਹੋਰ ਅਹਿਮ ਸਮਾਜਿਕ ਅਤੇ ਧਾਰਮਿਕ ਮੌਕਿਆਂ ਉੱਤੇ ਵੀ ਮੈਡੀਕਲ ਕੈਂਪ ਲਾਏ ਜਾਂਦੇ ਰਹੇ ਹਨ ਜਦਕਿ ਹੁਣ ਇਸੇ ਲੜੀ ਨੂੰ ਵੱਡੇ ਪੱਧਰ ਉੱਤੇ ਅੱਗੇ ਤੋਰਨ ਦੀ ਤਿਆਰੀ ਵੀ ਹੋ ਰਹੀ ਹੈ। ਇਸ ਤਰ੍ਹਾਂ ‘ਸਿੱਖਸ ਆਫ ਅਮੈਰੀਕਾ’ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਲੋੜਵੰਦ ਬੱਚਿਆਂ ਦੀ ਵਜ਼ੀਫੇ ਰਾਹੀਂ ਮਦਦ ਦਾ ਇਹ ਇਕਲੌਤਾ ਭਲਾਈ ਕਾਰਜ ਦਾ ਯੋਗਦਾਨ ਨਹੀਂ ਸੀ ਬਲਕਿ ਇਹ ਇੱਕ ਲੜੀ ਹੈ, ਜਿਸ ਦਾ ਹਾਲੇ ਸਿਰਫ ਆਗਾਜ਼ ਹੋਇਆ ਹੈ ਅਤੇ ਬਿਨਾਂ ਕਿਸੇ ਸਿਆਸੀ ਮਤਵ ਦੇ ਇਸ ਲੜੀ ਨੂੰ ਇੱਕ ਅਹਿਮ ਜ਼ਿੰਮੇਵਾਰੀ ਮੰਨਦੇ ਹੋਏ ਸਮੁੱਚੇ ਪੰਜਾਬ ਵਿੱਚ ਲਗਾਤਾਰਤਾ ਦੇ ਨਾਲ ਅੱਗੇ ਤੋਰਿਆ ਜਾਵੇਗਾ। ਅਖੀਰ ਵਿੱਚ ਵਜ਼ੀਫਿਆਂ ਦੇ ਇਸ ਸਮਾਗਮ ਦੇ ਲਾਭਪਾਤਰੀਆਂ ਨੇ ‘ਸਿੱਖਸ ਆਫ ਅਮਰੀਕਾ’ ਸੰਸਥਾ ਦੇ ਆਗੂਆਂ ਦੇ ਨਾਲ ਨਾਲ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨਾਂ ਦੀ ਪ੍ਰੇਰਨਾ ਸਦਕਾ ਇਹ ਨੇਕ ਕਾਰਜ ਹੋਇਆ।