ਪੰਜਾਬ ਪੋਸਟ/ਬਿਓਰੋ
ਸਿੰਗਾਪੁਰ ਏਅਰਲਾਈਨਜ਼ ਨੇ ਪਿਛਲੇ ਮਹੀਨੇ ਟਰਬੂਲੈਂਸ ਹਾਦਸੇ ਦਾ ਸ਼ਿਕਾਰ ਹੋਏ ਇੱਕ ਜਹਾਜ਼ ’ਚ ਸਵਾਰ 211 ਮੁਸਾਫ਼ਰਾਂ ਨੂੰ ਪੂਰਾ ਹਵਾਈ ਕਿਰਾਇਆ ਵਾਪਸ ਕਰਨ ਅਤੇ ਆਰਥਕ ਮੁਆਵਜ਼ੇ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਲੰਡਨ ਤੋਂ ਸਿੰਗਾਪੁਰ ਦੀ ਉਡਾਣ ’ਚ ਵਾਪਰੇ ਇਸ ਹਾਦਸੇ ’ਚ ਇਕ ਮੁਸਾਫ਼ਰ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਏਅਰਲਾਈਨਜ਼ ਨੇ ਇੱਕ ਬਿਆਨ ’ਚ ਕਿਹਾ ਕਿ ਬੀਤੇ ਦਿਨ ਮੁਸਾਫ਼ਰਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼ ਭੇਜ ਦਿੱਤੀ ਗਈ ਹੈ। ਬਿਆਨ ਅਨੁਸਾਰ ਜਿਨਾਂ ਲੋਕਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ, ਉਨਾਂ ਨੂੰ ਮੁਆਵਜ਼ੇ ਵਜੋਂ 10 ਹਜ਼ਾਰ ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਜਿਨਾਂ ਲੋਕਾਂ ਨੂੰ ਇਸ ਹਾਦਸੇ ’ਚ ਗੰਭੀਰ ਸੱਟਾਂ ਵੱਜੀਆਂ ਹਨ, ਉਨਾਂ ਨੂੰ ਉਨਾਂ ਦੀ ਹਾਲਤ ਦੇ ਹਿਸਾਬ ਨਾਲ ਮੁਆਵਜ਼ੇ ਬਾਰੇ ਚਰਚਾ ਲਈ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ ਤੋਂ ਸਿੰਗਾਪੁਰ ਜਾ ਰਹੀ ਉਡਾਣ ਨੰਬਰ ਐਸਕਿਊ 321 ਨੂੰ 21 ਮਈ ਨੂੰ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜਹਾਜ਼ ਨੂੰ ਹੰਗਾਮੀ ਹਾਲਤ ’ਚ ਬੈਂਕਾਕ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ ਸੀ। ਇਸ ਘਟਨਾ ’ਚ ਜਹਾਜ਼ ਇੰਨੀ ਬੁਰੀ ਤਰਾਂ ਲੜਖੜਾਇਆ ਸੀ ਕਿ ਮੁਸਾਫ਼ਰ ਅਤੇ ਚਾਲਕ ਦਲ ਦੇ ਮੈਂਬਰ ਜਹਾਜ਼ ਦੀ ਛੱਤ ਤੱਕ ਉਛਲ ਕੇ ਹੇਠਾਂ ਡਿੱਗੇ ਸਨ। ਉਡਾਣ ਨੰਬਰ ਐਸਕਿਊ 321 ਦੇ ਸਾਰੇ ਮੁਸਾਫ਼ਰਾਂ ਨੂੰ ਹਵਾਈ ਕਿਰਾਏ ਦੀ ਪੂਰੀ ਰਾਸ਼ੀ ਵਾਪਸ ਕੀਤੀ ਜਾਵੇਗੀ, ਇਨਾਂ ’ਚ ਉਹ ਮੁਸਾਫ਼ਰ ਵੀ ਸ਼ਾਮਲ ਹੋਣਗੇ ਜਿਨਾਂ ਨੂੰ ਕੋਈ ਸੱਟ ਨਹੀਂ ਵੱਜੀ ਹਾਲਾਂਕਿ ਮੀਡੀਆ ਰਿਪੋਰਟ ਅਨੁਸਾਰ ਇਸ ਜਹਾਜ਼ ’ਚ ਸਵਾਰ ਚਾਲਕ ਟੀਮ ਦੇ 18 ਮੈਂਬਰਾਂ ਲਈ ਮੁਆਵਜ਼ੇ ਦਾ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਟਰਬੂਲੈਂਸ ਹਾਦਸੇ ਦਾ ਸ਼ਿਕਾਰ ਹੋਏ ਯਾਤਰੀਆਂ ਨੂੰ ਮੁਆਵਜ਼ਾ ਦੇਵੇਗੀ ਸਿੰਗਾਪੁਰ ਏਅਰਲਾਈਨਜ਼

Published: