4.3 C
New York

ਸਰਹਿੰਦ ਫਤਹਿ ਦਿਵਸ ਦੀ ਮਾਣਮੱਤੀ ਗਾਥਾ

Published:

Rate this post

ਦਸਮ ਪਿਤਾ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਓਸੇ ਸਮੇਂ ਤੋਂ ਖਾਲਸਾ ਪੰਥ ਨੇ ਜ਼ੁਲਮ ਅਤੇ ਜਬਰ ਖਿਲਾਫ਼ ਅਜਿਹੀ ਟੱਕਰ ਦਾ ਸਿਲਸਿਲਾ ਆਰੰਭਿਆ ਜਿਸ ਨੇ ਇੱਕ ਕ੍ਰਾਂਤੀਕਾਰੀ ਮੁਜ਼ਾਹਿਰਾ ਕੀਤਾ ਅਤੇ ਸਮੁੱਚੀ ਦੁਨੀਆਂ ਦੇ ਇਤਿਹਾਸ ਨੂੰ ਇੱਕ ਨਵੀਂ ਸੇਧ ਦਿੱਤੀ। ਇਹ ਓਹ ਸਮਾਂ ਸੀ ਜਦੋਂ ਭਾਰਤ ਵਿੱਚ ਰਾਜ ਤਖਤ ‘ਤੇ ਕਾਬਜ਼ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਹੋਰਨਾਂ ਮੁਗਲ ਸੂਬੇਦਾਰਾਂ ਦੁਆਰਾ ਸਮੁੱਚੇ ਦੇਸ਼ ਅੰਦਰ ਮਜ਼ਹਬੀ ਕੱਟੜਤਾ ਫੈਲਾਅ ਕੇ ਆਮ ਲੋਕਾਂ ‘ਤੇ ਜ਼ੁਲਮ ਕੀਤੇ ਜਾ ਰਹੇ ਸਨ। ਜ਼ੁਲਮ ਦੇ ਇਸ ਦੌਰ ਨੂੰ ਠੱਲਣ ਲਈ ਦਸਮ ਪਿਤਾ ਦੇ ਥਾਪੜੇ ਨਾਲ ਇੱਕ ਮਹਾਨ ਜਰਨੈਲ ਨੇ ਅਗੁਆਈ ਕੀਤੀ ਅਤੇ ਆਪਣੀ ਸੂਰਬੀਰਤਾ ਦੀ ਅਜਿਹੀ ਇਬਾਰਤ ਲਿਖ ਦਿੱਤੀ ਜਿਸ ਵਰਗੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਹੋਰ ਮਿਲਦੀ ਹੋਵੇ। ਕਿਲਾ ਅਨੰਦਗੜ ਛੱਡਣ ਉਪਰੰਤ ਮਾਤਾ ਗੁਜਰੀ ਜੀ ਅਤੇ ਦਸਮ ਪਾਤਸ਼ਾਹ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸਰਹਿੰਦ ਵਿਖੇ ਹੋਈ ਸ਼ਹਾਦਤ ਸਿੱਖ, ਪੰਜਾਬ, ਭਾਰਤ ਅਤੇ ਦੁਨੀਆ ਦੇ ਇਤਿਹਾਸ ਅੰਦਰ ਵਾਪਰੀ ਇੱਕ ਵੱਡੀ ਘਟਨਾ ਸੀ। ਸਿੱਖੀ ਦਾ ਸਮੁੱਚਾ ਇਤਿਹਾਸ ਇੱਕ ਤੋਂ ਇੱਕ ਵੱਧ ਅਦੁੱਤੀ ਅਤੇ ਹਿਰਦੇਵੇਧਕ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਇਸ ਕੁਰਬਾਨੀ ਤੋਂ ਬਾਅਦ ‘ਸਰਹਿੰਦ ਫਤਹਿ ਦਿਵਸ’ ਨੇ ਸਮੁੱਚੇ ਇਤਿਹਾਸ ਨੂੰ ਇੱਕ ਵੱਡਾ ਮੋੜਾ ਦਿੱਤਾ। ਇੱਕ ਤਾਂ ਮਈ 12, 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਜ਼ਾਲਮ ਵਜ਼ੀਰ ਖਾਨ ਮਾਰਿਆ ਗਿਆ ਅਤੇ ਦੂਜਾ ਬਾਬਾ ਜੀ ਦੀ ਕਮਾਨ ਹੇਠ ਸਿੱਖਾਂ ਨੇ ਮਈ 14, 1710 ਈਸਵੀ ਨੂੰ ਸਰਹਿੰਦ ’ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨਿਆਜਿਸ ਨੂੰ ਸਿੱਖ ਤਵਾਰੀਕ ਵਿੱਚ ਸਰਹਿੰਦ ਫਤਹਿ ਦਿਵਸ ਦੀ ਲਾਸਾਨੀ ਗਾਥਾ ਵਜੋਂ ਮਾਣ ਅਤੇ ਸਤਿਕਾਰ ਨਾਲ ਚੇਤੇ ਕੀਤਾ ਜਾਂਦਾ ਹੈ।

ਸਰਹਿੰਦ ਫਤਹਿ ਦਿਵਸ ਦੇ ਨਾਲ ਜ਼ਿਕਰ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਨਾਂ ਦਾ ਜਨਮ ਦੇ ਨਾਂਅ ਹੇਠ 16 ਅਕਤੂਬਰ 1670 ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲੇ ਦੇ ਇੱਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਸ੍ਰੀ ਰਾਮ ਦੇਵ ਦੇ ਘਰ ਹੋਇਆ। ਬਚਪਨ ਦਾ ਨਾਂਅ ਲਛਮਣ ਦਾਸ ਅਤੇ ਪਿਤਾ ਜੀ ਇੱਕ ਰਾਜਪੂਤ ਕਿਸਾਨ ਸਨ। ਜ਼ਿੰਦਗੀ ਦਾ ਗੇੜ ਅਜਿਹਾ ਬਣਿਆ ਕਿ 3 ਸਤੰਬਰ, 1708 ਈਸਵੀ ਨੂੰ ਗੋਦਾਵਰੀ ਦੇ ਕੰਢੇ ਨੰਦੇੜ ਵਿਖੇ ਬੰਦਾ ਬੈਰਾਗੀ ਦੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਜਿੱਥੇ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਨੂੰ ‘ਬਹਾਦਰ’ ਦਾ ਖ਼ਿਤਾਬ ਦੇ ਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਨਵੀਂ ਸ਼ਕਤੀ ਨਾਲ ਜ਼ੁਲਮ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਰਵਾਨਾ ਕੀਤਾ। ਪੰਜਾਬ ਵੱਲ ਵਧਦਿਆਂ ਹੀ ਵੱਡੀ ਗਿਣਤੀ ਵਿੱਚ ਸਿੰਘ ਉਨਾਂ ਦੀ ਫੌਜ ਵਿੱਚ ਸ਼ਾਮਲ ਹੁੰਦੇ ਗਏ। ਇਨਾਂ ਦੀ ਗਿਣਤੀ 40,000 ਤੱਕ ਪਹੁੰਚ ਗਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਆਉਂਦੇ ਸਮੇਂ ਕਈ ਜੰਗਾਂ ਜਿੱਤੀਆਂ। ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਾਤਲ ਜਲਾਲ-ਉਲ-ਦੀਨ, ਜੋ ਸਮਾਣੇ ਦਾ ਰਹਿਣ ਵਾਲਾ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਨੂੰ ਵੀ ਮੌਤ ਦੇ ਘਾਟ ਉਤਾਰਿਆ। ਨਾਲ ਹੀਘੜਾਮ, ਜੋ ਪਠਾਣਾਂ ਦਾ ਗੜ ਸੀ, ਉਸ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ।

ਇਸ ਉਪਰੰਤ ਆਉਂਦਾ ਹੈ ਦਿਨ 12 ਮਈ ਦਾ, ਸੰਨ 1710 ਈਸਵੀ ਜਦੋਂ ਚੱਪੜਚਿੜੀ, ਜੋ ਸਰਹਿੰਦ ਤੋਂ 10 ਕੋਹ ਦੀ ਵਿੱਥ ’ਤੇ ਸੀ, ਵਿਖੇ ਫੈਸਲਾਕੁਨ ਯੁੱਧ ਸ਼ੁਰੂ ਹੋਇਆ। ਇਸ ਜੰਗ ਨੂੰ ਸੇਧ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੱਕ ਉੱਚੀ ਥਾਂ ’ਤੇ ਬੈਠ ਗਏ। ਸ਼ੁਰੂ ਵਿੱਚ ਤਾਂ ਸ਼ਾਹੀ ਫੌਜ ਦਾ ਪੱਲੜਾ ਭਾਰੀ ਰਿਹਾ। ਉੱਪ-ਕਮਾਂਡਰ ਭਾਈ ਬਾਜ ਸਿੰਘ, ਬਾਜ਼ੀ ਹੱਥੋਂ ਜਾਂਦੀ ਦੇਖ ਕੇ ਬਾਬਾ ਜੀ ਕੋਲ ਆ ਪਹੁੰਚਿਆ, ਜੋ ਪਹਿਲਾਂ ਹੀ ਸਭ ਕੁੱਝ ਦੇਖ ਰਹੇ ਸਨ। ਝੱਟ ਹੀ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਆ ਖੜੋਤੇ ਅਤੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਓਹ ਆਉਂਦੇ ਹੀ ਮੁਗਲਾਂ ’ਤੇ ਟੁੱਟ ਪਏ। ਇਹ ਹਮਲਾ ਏਨਾ ਜ਼ਬਰਦਸਤ ਸੀ ਕਿ ਦੁਸ਼ਮਣ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ। ਇਸ ਖੂਨ-ਡੋਲਵੀਂ ਲੜਾਈ ਵਿੱਚ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੀ ਫੌਜ ਵਿੱਚ ਭਗਦੜ ਮੱਚ ਗਈ ਅਤੇ ਸਿੱਖ ਜਿੱਤ ਦੇ ਝੰਡੇ ਲਹਿਰਾਉਂਦੇ ਹੋਏ ਸਰਹਿੰਦ ਵੱਲ ਵਧਣ ਲੱਗੇ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਸਿਰਕੱਢ ਜਰਨੈਲ ਭਾਈ ਫਤਹਿ ਸਿੰਘ ਨੇ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦਰਅਸਲ, ਵਜ਼ੀਰ ਖਾਨ ਨੇ ਸਿਖਾਂ ’ਤੇ ਕਾਬੂ ਪਾਉਣ ਲਈ ਆਪਣਾ ਹਾਥੀ ਅਗਲੀ ਪਾਲ ਵਿੱਚ ਲਿਆ ਕੇ ਗਾਜ਼ੀਆਂ ਨੂੰ ਹੱਲਾ ਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਅਤੇ ਉਸ ਦੀ ਬਾਂਹ ਕੱਟ ਦਿੱਤੀ ਅਤੇ ਉਹ ਧਰਤੀ ’ਤੇ ਡਿੱਗ ਪਿਆ। ਸ਼ਾਹੀ ਫੌਜ ਵਿੱਚ ਹਫੜਾ-ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨੱਸ ਗਏ ਸਭ ਕੱੁਝ ਧਨ, ਮਾਲ, ਤੋਪਾਂ ਘੋੜੇ, ਰਸਦ ਸਿੰਘਾਂ ਦੇ ਹੱਥ ਆ ਗਏ ਸਨ। 14 ਮਈ, 1710 ਈਸਵੀ ਨੂੰ ਸਿੱਖ ਜੇਤੂਆਂ ਦੇ ਰੂਪ ਵਿੱਚ ਸਰਹਿੰਦ ਵਿੱਚ ਦਾਖਲ ਹੋਏ। ਵਜ਼ੀਰ ਖਾਨ ਨੂੰ ਸਰਹਿੰਦ ਦੀ ਗਲੀ-ਗਲੀ ਵਿੱਚ ਘੰੁਮਾਇਆ ਗਿਆ। ਇਸ ਤਰਾਂ ਬਾਬਾ ਬੰਦਾ ਸਿੰਘ ਬਹਦਾਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸੁੱਚਾ ਨੰਦ ਦੀ ਹਵੇਲੀ ਵੀ ਤਬਾਹੀ ਦੇ ਮਲਬੇ ਵਿੱਚ ਬਦਲ ਦਿੱਤੀ। ਇਹ ਉਹੀ ਸੁੱਚਾ ਨੰਦ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਬਹੁਤ ਹੀ ਭੱਦੀ ਭੂਮਿਕਾ ਨਿਭਾਈ ਸੀ। ਉਸ ਦੇ ਨੱਕ ਵਿੱਚ ਲੋਹੇ ਦੀ ਮੁੰਦਰੀ ਪਾ ਕੇ ਸਾਰੇ ਸ਼ਹਿਰ ਵਿੱਚ ਘੁੰਮਾਇਆ ਗਿਆ। ਇਸ ਹਾਰ ਉਪਰੰਤ ਵਜ਼ੀਰ ਖਾਨ ਦਾ ਵੱਡਾ ਪੁੱਤਰ ਸਭ ਕੱੁਝ ਛੱਡ ਕੇ ਦਿੱਲੀ ਭੱਜ ਗਿਆ।

ਇਸ ਇਤਿਹਾਸਕ ‘ਫਤਹਿ’ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਦੇ ਸਿਰਕੱਢ ਜਰਨੈਲ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਭਾਈ ਆਲੀ ਸਿੰਘ ਨੂੰ ਉਨਾਂ ਦਾ ਡਿਪਟੀ ਥਾਪਿਆ। ਸਢੌਰਾ ਅਤੇ ਨਾਹਨ ਵਿਚਕਾਰਲੇ ਇਲਾਕੇ ਨੂੰ ਰਾਜਧਾਨੀ ਬਣਾਇਆ ਅਤੇ ਇਸ ਨੂੰ ‘ਲੋਹਗੜ’ ਦਾ ਨਾਂਅ ਦਿੱਤਾ। ਇਸ ਨਵੇਂ ਮੁਕਾਮ ਤਹਿਤ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਸਿੱਕਾ ਜਾਰੀ ਕਰ ਕੇ ਸੁਤੰਤਰ ਸਿੱਖ ਰਾਜ ਦਾ ਐਲਾਨ ਕੀਤਾ। ਇੱਕ ਛੋਟੀ ਜਿਹੀ ਕੌਮ ਪਹਿਲੀ ਵਾਰੀ ਭਾਰਤ ਦੇ ਨਕਸ਼ੇ ’ਤੇ ਇੱਕ ਮਜ਼ਬੂਤ ਸਿਆਸੀ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਈ ਅਤੇ ਇਸ ਤਰਾਂ ਸਹੀ ਮਾਇਨਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਉਣ ਵਾਲੇ ਸਮੇਂ ਦੇ ਸਿੱਖ ਰਾਜ ਦਾ ਨੀਂਹ-ਪੱਥਰ ਰੱਖਿਆ। ਇਸੇ ਤਰਾਂ, ਸੁੱਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿੱਤੀ ਅਤੇ ਉਸ ਦੇ ਨੱਕ ਵਿੱਚ ਨਕੇਲ ਪਾਕੇ ਦਰ-ਦਰ ਤੋਂ ਭੀਖ ਮੰਗਵਾਈ ਗਈ। ਉਹ ਲੋਕਾਂ ਤੋਂ ਸਿਰ ਵਿੱਚ ਜੁਤੀਆਂ ਖਾਂਦਾ ਖਾਂਦਾ ਫੌਤ ਹੋਇਆ ਸੀ। ਸਿੱਖਾਂ ਅਤੇ ਗਰੀਬ ਜਨਤਾ ’ਤੇ ਜ਼ੁਲਮ ਢਾਹੁਣ ਤੇ ਲੁੱਟ ਘਸੁੱਟ ਕਰਨ ਵਾਲੇ ਅਹਿਲਕਾਰਾਂ ’ਤੇ ਲਹੁ ਪੀਣ ਵਾਲੇ ਹਾਕਮਾਂ ਨੂੰ ਬਣਦੀ ਸਜ਼ਾ ਮਿਲੀ। ਇਹ ਵੀ ਵੇਰਵਾ ਮਿਲਦਾ ਹੈ ਕਿ ਸਰਹਿੰਦ ਦੀ ਜੰਗ ਤੋਂ ਬਾਅਦ ਵਜ਼ੀਰ ਖ਼ਾਨ ਦੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ ਸੀ। ‘ਅਖ਼ਬਾਰ-ਏ-ਦਰਬਾਰ-ਏ-ਮੁਅੱਲਾ’ ਵਿਚ ਲਿਖਿਆ ਮਿਲਦਾ ਹੈ ਕਿ ਵਜ਼ੀਰ ਖ਼ਾਨ ਦੀ ਪਤਨੀ, ਪੁੱਤਰ ਅਤੇ ਭਤੀਜੇ ਦੀ ਹਾਲਤ ਮੰਗ ਕੇ ਖਾਣ ਵਾਲੀ ਹੋ ਗਈ ਸੀ। ਉਸ ਦੀ ਪਤਨੀ ਖੇਰ-ਉਲ-ਨਿਸ਼ਾ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਈ ਤੇ ਨਿਰਬਾਹ ਲਈ ਮਦਦ ਮੰਗੀ। ਬਦਸ਼ਾਹ ਨੇ ਹੁਕਮ ਕੀਤਾ ਕਿ ਇਸ ਨੂੰ ਪੰਜ ਰੁਪਏ ਰੋਜ਼ਾਨਾ ਦਾ ਭੱਤਾ ਲਾਇਆ ਜਾਵੇ।

ਖਾਲਸਾ ਫੌਜ ਅਤੇ ਇਲਾਕੇ ਦੀਆਂ ਸੰਗਤਾ ਨੇ ਇਕ ਵੱਡੇ ਇਕੱਠ ਵਿੱਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ। ਸਿੱਖ ਰਾਜ ਦਾ ਝੰਡਾ ਉਥੇ ਲਹਿਰਾਇਆ, ਜਿੱਥੇ ਗੁਰੂ ਸਾਹਿਬ ਜੀ ਦੇ ਦੁਹੇਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ। ਬਾਬਾ ਬੰਦਾ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਇਸ ਉਪਰੰਤ ਵੀ ਜਿੱਤਾਂ ਦਾ ਸਿਲਸਲਾ ਚਲਦਾ ਰਿਹਾ। ਜੁਲਾਈ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਗੰਗਾ ਅਤੇ ਜਮਨਾ ਦੇ ਮੈਦਾਨੀ ਇਲਾਕੇ ’ਤੇ ਫ਼ਤਿਹ ਕਰ ਲਈ। ਅਕਤੂਬਰ 1710 ਵਿੱਚ ਕਿਲਾ ਭਗਵੰਤ ਰਾਇ ਅਤੇ ਭਿਲੋਵਾਲ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ-ਨਾਲ ਆਪਣੇ ਜਿਤੇ ਇਲਾਕਿਆਂ ਦੀ ਵਿਵਸਥਾ ਦਾ ਸੁਧਾਰ ਕਰਦੇ ਹੋਏ ਵੀ ਚੱਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣਾ ਦਾ, ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿੱਤਾ ਗਿਆ। ਇਸ ਤਰਾਂ ਸਰਹਿੰਦ ਫਤਹਿ ਦਿਵਸ ਸਦਕਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਦਾ ਬਦਲਾ ਲਿਆ ਗਿਆ, ਜ਼ੁਲਮ ਅਤੇ ਜਾਬਰ ਨੂੰ ਓਸ ਦੇ ਕੀਤੇ ਦੀ ਸਜ਼ਾ ਦਿੱਤੀ ਗਈ ਅਤੇ ਇਸ ਜਿੱਤ ਦੇ ਕਈ ਹੋਰ ਦੂਰਗਾਮੀ ਪਹਿਲੂ ਵੀ ਸਾਹਮਣੇ ਆਏ ਸਨ ਜਿਵੇਂ ਕਿ ਖ਼ਾਲਸਾ ਰਾਜ ਕਾਇਮ ਹੋਣ ਦੇ ਨਾਲ ਹੀ ਗ਼ਰੀਬ ਕਿਸਾਨਾਂ ਨੂੰ ਉਨਾਂ ਦੇ ਮਾਲਕਾਨਾ ਹੱਕ ਵੀ ਦੁਆਏ ਗਏ।ਇਸ ਤਰਾਂ ਖਾਲਸਾ ਪੰਥ ਦੇ ਬੁਨਿਆਦੀ ਸਿਧਾਂਤ ਅਤੇ ਇਨਕਲਾਬੀ ਸੁਨੇਹੇ ਨੂੰ ਵੀ ਸਰਹੰਦ ਫਤਿਹ ਦਿਵਸ ਨੇ ਰੂਪਮਾਨ ਕੀਤਾ।

Read News Paper

Related articles

spot_img

Recent articles

spot_img