- ਇੰਗਲੈਂਡ ਦੀ ਟੀਮ ਲਗਾਤਾਰ ਦੂਜੀ ਵਾਰ ਫ਼ਾਈਨਲ ‘ਚ ਪਹੁੰਚ ਕੇ ਹਾਰੀ
ਬਰਲਿਨ, ਜਰਮਨੀ/ਪੰਜਾਬ ਪੋਸਟ
ਸਪੇਨ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਆਪਣਾ ਰਿਕਾਰਡ ਚੌਥਾ ਯੂਏਫਾ ਯੂਰੋ ਖਿਤਾਬ ਜਿੱਤਿਆ। ਜਰਮਨੀ ਦੇ ਬਰਲਿਨ ਵਿੱਚ ਹੋਏ ਇਸ ਖ਼ਿਤਾਬੀ ਮੁਕਾਬਲੇ ਦਾ ਪਹਿਲਾ ਅੱਧ ਬਹੁਤ ਹੀ ਰੋਮਾਂਚਕ ਰਿਹਾ ਜਿਸ ਵਿੱਚ ਸਪੇਨ ਨੇ ਸ਼ੁਰੂ ਤੋਂ ਹੀ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਇੰਗਲੈਂਡ ਦਬਾਅ ਅੱਗੇ ਨਹੀਂ ਝੁਕਿਆ ਅਤੇ ਗੋਲ ਨਹੀਂ ਕਰਨ ਦਿੱਤਾ ਹਾਲਾਂਕਿ ਦੂਜੇ ਹਾਫ ਵਿੱਚ ਸਪੇਨ ਖਿਤਾਬੀ ਮੈਚ ਦਾ ਪਹਿਲਾ ਗੋਲ ਕਰਨ ਵਿੱਚ ਕਾਮਯਾਬ ਰਿਹਾ। ਸਪੇਨ ਦੀ ਟੀਮ ਨੇ 47ਵੇਂ ਮਿੰਟ ‘ਚ ਨੇਕੋ ਵਿਲੀਅਮਜ਼ ਦੇ ਗੋਲ ਨਾਲ ਇੰਗਲੈਂਡ ‘ਤੇ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਨੇ ਕੋਲ ਪਾਲਮਰ ਦੇ ਗੋਲ ਨਾਲ ਬਰਾਬਰੀ ਕਰ ਲਈ ਅਤੇ ਮੈਚ 1-1 ਦੀ ਬਰਾਬਰੀ ‘ਤੇ ਚੱਲ ਰਿਹਾ ਸੀ ਜਦਕਿ ਸਪੇਨ ਦੇ ਬਦਲਵੇਂ ਖਿਡਾਰੀ ਮਿਕੇਲ ਓਅਰਜ਼ਾਬਾਲ ਨੇ 86ਵੇਂ ਮਿੰਟ ‘ਚ ਗੋਲ ਕਰਕੇ ਟੀਮ ਨੂੰ 2-1 ਦੀ ਅਗੇਤ ਦਿਵਾਈ ਜੋ ਅੰਤ ਤੱਕ ਬਰਕਰਾਰ ਰਹੀ। ਸਪੇਨ ਨੇ ਸਾਲ 2012 ਤੋਂ ਬਾਅਦ ਪਹਿਲੀ ਵਾਰ ਯੂਏਫਾ ਯੂਰੋ ਖਿਤਾਬ ਜਿੱਤਿਆ ਹੈ। ਸਪੇਨ ਦੀ ਟੀਮ ਇਸ ਤੋਂ ਪਹਿਲਾਂ 1964, 2008 ਅਤੇ 2012 ਵਿੱਚ ਤਿੰਨ ਵਾਰ ਟਰਾਫੀ ਜਿੱਤ ਚੁੱਕੀ ਹੈ। ਦੂਜੇ ਬੰਨੇ ਇੰਗਲੈਂਡ ਦੀ ਟੀਮ ਲਗਾਤਾਰ ਦੂਜੀ ਵਾਰ ਯੂਰੋ ਦੇ ਫ਼ਾਈਨਲ ‘ਚ ਹਾਰ ਗਈ, ਇਸ ਤੋਂ ਪਹਿਲਾਂ ਪਿਛਲੀ ਵਾਰ ਭਾਵ ਯੂਰੋ 2020 ਦੇ ਫ਼ਾਈਨਲ ‘ਚ ਵੀ ਇੰਗਲੈਂਡ ਨੂੰ ਇਟਲੀ ਹੱਥੋਂ ਹਾਰ ਝੱਲਣੀ ਪਈ ਸੀ।