4.7 C
New York

ਸ੍ਰੀ ਗੁਰੂ ਤੇਗ ਬਹਾਦਰ ਜੀ

Published:

Rate this post

ਬਾਬਾ ਬਕਾਲਾ’ ਤੋਂ ਭਾਵ ਇਹ ਸੀ ਕਿ ਗੁਰੂ ਪਿੰਡ ਬਕਾਲੇ ਵਿੱਚ ਹੈ। ਬਹੁਤ ਸਾਰੇ ਗੁਰੂ ਸਾਹਿਬ ਦੇ ਦੂਰ ਦੇ ਰਿਸ਼ਤੇਦਾਰਾਂ ਤੇ ਝੂਠੇ ਦਾਅਵੇਦਾਰਾਂ ਨੇ ਆਪਣੇ ਆਪ ਦੇ ਨਵੇਂ ਗੁਰੂ ਹੋਣ ਦਾ ਐਲਾਨ ਕੀਤਾ। ਪਰ ਸੱਚੇ ਸ਼ਰਧਾਵਾਨ ਸਿੱਖ, ਗੁਰੂ ਪ੍ਰੀਤਮ ਦੀ ਆਤਮਾ ਦੀ ਭਿੰਨੀ ਸੁਗੰਧੀ ਤੋਂ ਜਾਣੂ ਸਨ। ਉਨ੍ਹਾਂ ਨੇ ਛੇਤੀ ਹੀ ਆਪਣੇ ਗੁਰੂ ਨੂੰ ਢੂੰਡ ਲਿਆ। ਉਨ੍ਹਾਂ ਦੀ ਖੁਸ਼ੀ ਦਾ ਇਹ ਹਾਲ ਸੀ ਕਿ ਇੱਕ ਸਿੱਖ ਭਾਈ ਮੱਖਣ ਸ਼ਾਹ ਕੋਠੇ ਦੀ ਛੱਤ ਉੱਪਰ ਚੜ੍ਹ ਗਿਆ ਤੇ ਖ਼ੁਸ਼ੀ ਵਿੱਚ ਉੱਚੀ-ਉੱਚੀ ਕੂਕ-ਕੂਕ ਕੇ ਕਹਿਣ ਲੱਗਾ ‘ਗੁਰੂ ਲਾਧੋ ਰੇ! ਗੁਰੂ ਲਾਧੋ ਰੇ!’ ਗੁਰੂ ਲੱਭ ਪਿਆ ਹੈ। ਗੁਰੂ ਲੱਭ ਪਿਆ ਹੈ।
ਹੁਣ ਤੱਕ ਤੇਗ ਬਹਾਦਰ ਜੀ ਗੂੜ੍ਹੀ ਲਿਵ-ਲੀਨਤਾ ਤੇ ਅਤਿ ਦੇ ਇਕਾਂਤਵਾਸ ਵਿੱਚ ਰਹੇ ਸਨ। ਉਹ ਏਨੇ ਸੰਕੋਚਵਾਨ ਤੇ ਆਤਮ ਮੁਖੀ ਸਨ ਕਿ ਉੱਚੀ ਪਰਬਤ ਚੋਟੀ ਉੱਤੇ ਪੁੱਜਣ ਸਮਾਨ ਕੋਈ ਘੱਟ ਹੀ ਉਨ੍ਹਾਂ ਤੱਕ ਪੁੱਜਦਾ ਸੀ ਉਨ੍ਹਾਂ ਦੀ ਧਿਆਨ ਮਗਨ ਤੇ ਲਿਵਲੀਨ ਬਿਰਤੀ ਤੋਂ ਲੋਕਾਂ ਨੂੰ ਭਰਮ ਜਿਹਾ ਹੋ ਜਾਂਦਾ ਸੀ ਤੇ ਉਹ ‘ਤੇਗਾ ਕਮਲਾ’ ਕਹਿਕੇ ਕੋਲੋਂ ਦੀ ਲੰਘ ਜਾਂਦੇ ਸਨ।
ਹੁਣ ਤੱਕ, ਅਸਾਂ ਦੇਖਿਆ ਹੈ ਕਿ ਗੁਰੂ ਨਾਨਕ ਦਾ ਹਰ ਸਰੂਪ (ਅਵਤਾਰ) ਭਾਵੇਂ ਵੱਖਰੇ ਵੱਖਰੇ ਜਾਮੇ ਵਿੱਚ ਸੀ, ਪਰ (ਜੋਤ ਵਜੋਂ) ਇੱਕ ਸਮਾਨ ਸੀ। ਤੇਗ ਬਹਾਦਰ ਜੀ ਵੀ ਇਸ ਗੁਰੂ_ਤਵ ਦੀ ਪ੍ਰਾਪਤੀ ਨੂੰ ਆਤਮਾ ਦੀ ਡੂੰਘੀ ਸੰਵੇਦਨਾ ਤੋਂ ਬਿਨਾਂ ਕਿਵੇਂ ਪ੍ਰਾਪਤ ਕਰ ਸਕਦੇ ਸਨ। ਇਸ ਨੀਵੇਂ ਅਕਾਸ਼ ਦੇ ਉੱਲਟੇ ਪਿਆਲੇ ਹੇਠਾਂ ਕੈਦ, ਮਨੁੱਖੀ ਜੀਵਨ ਦੀ ਸੋਗੀ ਹੋਣੀ ਤੇ ਦੁਖੀਆਂ ਵਾਲੀ ਦੀਨਤਾ ਅਤੇ ਆਤੁਰਤਾ ਨੂੰ ਵੇਖਕੇ ਉਹ ਡੂੰਘੀ  ਉਪਰਾਮਤਾ ਤੋਂ ਕਿਵੇਂ ਬਚ ਸਕਦੇ ਸਨ। ਉਹ ਸਦਾ ਸਭ ਕੁਝ ਭੁਲਾ ਕੇ ਪ੍ਰਭੂ ਪ੍ਰੀਤਮ ਦੇ ਧਿਆਨ ਵਿੱਚ ਮਗਨ ਤਾਂ ਰਹਿ ਸਕਦੇ ਸਨ। ਸੰਸਾਰ ਦੇ ਦੁੱਖਾਂ ਪ੍ਰਤੀ ਏਨੇ ਦਿਆਲ ਤੇ ਗਮਗੀਨ; ਕਿ ਜੇ ਉਹ ਉਸ ਕੇਂਦਰ ਧਾਮ ਤੇ ਬਿਰਾਜਮਾਨ ਨਾ ਹੁੰਦੇ, ਜਿੱਥੋਂ ਕਿ ਪ੍ਰਭੂ ਪ੍ਰੀਤਮ ਦਾ ਪ੍ਰਕਾਸ਼ ਲੱਗਦਾ ਹੈ ਤਾਂ ਉਹ ਇਸ ਹਮਦਰਦੀ ਵਿੱਚ ਹੀ ਪ੍ਰਾਣ ਤਿਆਗ ਦੇਂਦੇ। ਜੇ ਪ੍ਰਮਾਤਮਾ ਨੇ ਆਪ ਉਨ੍ਹਾਂ ਦੇ ਮਨ ਨੂੰ ਆਪਣੀ ਤੇਜੱਸਵੀ ਅਦਭੁੱਤ ਕਲਾ ਨਾਲ ਨਾ ਜੋੜ ਲਿਆ ਹੁੰਦਾ, ਜੇ ਤੇਗ ਬਹਾਦਰ ਜੀ ਨੂੰ ਗੁਰੂ ਨਾਨਕ ਜੀ ਦੀ ਆਤਮਾ ਵਿੱਚੋਂ ਸ਼ਾਂਤੀ ਨਾ ਮਿਲਦੀ ਤਾਂ ਉਨ੍ਹਾਂ ਦਾ ਆਪਣਾ ਸੁਭਾਵ ਉਨ੍ਹਾਂ ਨੂੰ ਅਵੱਸ਼ ਹੀ ਉਨ੍ਹਾਂ ਮਹਾਂ ਪੁਰਸ਼ਾਂ ਨਾਲ ਜੋੜ ਦੇਂਦਾ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ ਸੀ। ਭਵਸਾਗਰ ਦੀ ਪੀੜਾ ਤੋਂ ਬਚਣ ਲਈ ਉਹ ਕਿਸੇ ਕਤਲਗਾਹ ਵੱਲ ਲਿਜਾਈ ਜਾ ਰਹੀ ਬੇਦੋਸ਼ੀ ਗਊ ਰੂਹ ਦੀ ਰੱਖਿਆ ਕਰਨ ਲਈ ਜਾਨ ਵਾਰ ਦੇਂਦੇ।
ਗੁਰੂ ਤੇਗ ਬਹਾਦਰ ਜੀ ਸਿਰਜੇ ਗਏ ਸੰਸਾਰ ਦੇ ਗਮਾਂ ਦੇ ਗੀਤ ਗਾਉਂਦੇ ਹਨ ਅਤੇ ਉਨ੍ਹਾਂ ਨੂੰ ਉਹ ਅਨੰਤ-ਦਿ੍ਰਸ਼ਟੀ ਪ੍ਰਦਾਨ ਕਰਦੇ ਹਨ ਜੋ ਕੇਵਲ ਉਚੇਰੇ ਆਤਮ-ਅਨੁਭਵ ਦੇ ਅਨੰਦ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਉਹ ਖੁਸ਼ੀ ਕੇਵਲ ਹਰੀ ਨਾਮ ਤੇ ਪ੍ਰਭੂ ਦੀ ਸਿਰਫ਼ ਸਲਾਹ ਵਿੱਚੋਂ ਹੀ ਲੱਭਦੇ ਹਨ ਅਤੇ ਸਭ ਨੂੰ ਅਜਿਹੀ ਆਤਮਿਕ ਪ੍ਰਾਪਤੀ ਦਾ ਉਪਦੇਸ਼ ਦੇਂਦੇ ਹਨ। ‘ਜੋ ਸੰਸਾਰ ਦੇ ਧੰਨ ਪਦਾਰਥ ਨੂੰ ਅਪਾਰ ਬਣਾਉਂਦੇ ਹਨ, ਉਹ ਕੇਵਲ ਨਦੀ ਕੰਢੇ ਰੇਤ ਦੀ ਕੰਧ ਹੀ ਉਸਾਰਦੇ ਹਨ। ਪਾਣੀ ਉੱਤੇ ਪਾਏ ਗਏ ਚਿੱਤਰ ਅਤੇ ਲਹਿਰ ਉੱਤੇ ਉਪਜੇ ਬੁਲਬੁਲੇ ਸਮਾਨ ਇਹ ਛਿਣ ਭੰਗਣ ਤੇ ਅਸਥਿਰ ਮਾਇਆ ਜਾਲ ਧੀਰ ਨਹੀਂ ਬਨ੍ਹਾ ਸਕਦਾ? ਪ੍ਰਾਣੀ! ਤੇਰਾ ਸਰਵੋਤਮ ਕਰਮ ਪ੍ਰਭੂ ਪ੍ਰੀਤਮ ਨਾਲ ਜੁੜੇ ਰਹਿਣ ਹੈ। ਉਸਦਾ ਧਿਆਨ ਧਰਨਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪ੍ਰਧਾਨ ਸਵਰ ਤਿਆਗ ਦਾ ਹੈ। ਉਹ ਪ੍ਰੀਤਮ ਦੀ ਨਿਕਟਤਾ ਲੋਚਦੇ ਹਨ ਤੇ ਮਨੁੱਖੀ ਜੀਵਨ ਵਿੱਚ ਦੈਵੀ ਆਦਰਸ਼ ਦਾ ਵਿਸਥਾਰ ਕਰਦੇ ਹਨ। ਜੀਵਨ ਦੇ ਸੱੁਖ ਵਾਸਤਵ ਵਿੱਚ ਦੁੱਖ ਹਨ, ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਆਤਮਿਕ ਅਨੁਭਵ ਇਨ੍ਹਾਂ ਦੁੱਖਾਂ ਦੇ ਅਹਿਸਾਸ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਸੰਸਾਰ ਦੇ ਸੋਗਾਂ ਤੇ ਅੱਥਰੂ ਵਹਾਉ, ਪਰ ਇਨ੍ਹਾਂ ਨੂੰ ਪ੍ਰਭੂ ਦੇ ਨਾਮ ਸਿਮਰਨ ਲਈ ਸਿਮਰਣੀ (ਮਾਲਾ) ਬਣਾ ਲਵੋ।
ਗ਼ਮ ਤੁਹਾਡੀ ਸੰਪਤੀ ਹਨ, ਦੁੱਖ ਤੁਹਾਡੀ ਆਤਮਾ ਦੀ ਪ੍ਰਸੰਨਤਾ ਹੈ, ਇਹ ਪ੍ਰਭੂ ਸਮਾਨ ਮਹਾਨ ਹੋਣ ਦੀ ਅਸਲੀ ਨਿਸ਼ਾਨੀ ਹੈ।
ਤੁਹਾਡਾ ਆਸ਼ਾਵਾਦ ਤਿਆਗੀ ਵਾਲਾ ਸਾਦ ਮੁਰਾਦਾ ਰੂਪ ਵਾਲਾ ਹੈ, ਇਸ ਸੰਸਾਰ ਵਿੱਚੋਂ ਨਹੀਂ, ਪ੍ਰਭੂ-ਪ੍ਰੇਮ ਵਿੱਚੋਂ ਪ੍ਰਾਪਤ ਕੀਤਾ ਜਾ     ਸਕਦਾ ਹੈ।
ਗੁਰੂ ਤੇਗ ਬਹਾਦਰ ਜੀ ਦਾ ਮਨ ਸਦਾ ਜਾਗਦਾ ਹੈ। ਕੇਵਲ ਉਹੋ ਹੀ ਹਰ ਮਨੁੱਖ ਨੂੰ ਮਾਇਆ ਦੇ ਮੋਹ ਜਾਲ ਵਿੱਚ ਭਰਮ ਜਾਣ ਵਾਲ਼ੀ ਨੀਂਦਰਾ ਤੋਂ ਸਦਾ ਮੁਕਤ ਹੈ। ਗੁਰੂ ਜੀ ਕਹਿੰਦੇ ਹਨ ‘‘ਇੱਕ ਪ੍ਰਭੂ ਨੂੰ ਭੁਲਾਕੇ ਦੂਜੇ ਭਾਵ ਵਿੱਚ ਫਸ ਜਾਣਾ ਇਹੋ ਹੋ ਮਾਇਆ ਹੈ।’’ ਹੇ ਧਨ! ਜੇ ਤੂੰ ਅੱਜ ਆਪਣੇ ਪ੍ਰੀਤਮ ਨਾਲ ਮਿਲਾਪ ਕਰਨਾ ਹੈ ਤਾਂ ਅੱਜ ਦੀ ਰਾਤ ਨੀਂਦਰ ਨੂੰ ਤਿਆਗ ਦੇ। ਬਾਣੀ ਦੇ ਅਧਿਐਨ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਭਗਤੀ ਭਾਵਨਾ ਅਤੇ ਧਿਆਨ ਉੱਤੇ ਵਧੇਰੇ ਬਲ ਦੇਣਾ ਉਨ੍ਹਾਂ ਦੀ ਰਚਨਾਂ ਨੂੰ ਪਹਿਲੇ ਗੁਰੂ ਸਾਹਿਬਾਨ ਨਾਲ ਹੀ ਜਾ ਜੋੜਦੀ ਹੈ।
ਜਗ ਰਚਨਾ ਸਭ ਝੂਠ ਹੈ। ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨ ਰਹੈ। ਜਿਉਂ ਬਾਲੀ ਕੀ ਭਤੀ॥
ਗੁਰੂ ਤੇਗ ਬਹਾਦਰ ਜੀ ਦੀ ਸਖਸ਼ੀਅਤ ਇੰਨੀ ਕੋਮਲ ਸੀ ਕਿ ਉਨ੍ਹਾਂ ਦਾ ਤਾਂ ਇਸ ਸੰਸਾਰ ਦੇ ਲੋਕਾਂ ਦੇ ਦੁੱਖਾਂ ਨਾਲ ਵਾਹ ਨਹੀਂ ਸੀ ਪੈਣਾ ਚਾਹੀਦਾ। ਹਿਰਦੇ ਦੇ ਮੌਨ ਵਿੱਚੋਂ ਉਪਜੀਆਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਵਹਾਏ ਗਏ ਹੰਝੂ ਸਨ। ਬਰਸਾਤ ਦੇ ਬੱਦਲਾਂ ਸਮਾਨ ਨਰਮ ਉਨ੍ਹਾਂ ਦੀ ਬਾਣੀ ਸੁੱਕੇ ਦਿਲਾਂ ਨੂੰ ਹਰਾ ਕਰ ਦਿੰਦੀ ਹੈ।
ਲੋਕੋ ਆਪਣੇ ਆਪ ਨੂੰ ਤਾਂ ਭੁਲ ਜਾਉ, ਪਰ ਪ੍ਰੀਤਮ ਨੂੰ ਨਾ ਭੁਲਾਓ। ਦਾਤਾਂ ਦੇਣ ਵਾਲੇ ਦਾਤਾਰ ਨੂੰ ਨਾ ਵਿਸਾਰੋ। ਇਹ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਹੈ, ਜੋ ਦਿਲ ਵਿੱਚ ਡੂੰਘਾ ਉਤਰਕੇ ਜੀਵਨ ਨੂੰ ਦੁਖਦਾਈ, ਪਰ ਸੁਆਦਲਾ ਬਣਾ ਦਿੰਦਾ ਹੈ। ਇਹ ਮਨੁੱਖਾਂ ਨੂੰ ਨਿੰਦਰਾਹੀਣ, ਪਰ ਅਨੰਤ ਦੀ ਸ਼ਾਂਤੀ ਨਾਲ ਭਰਪੂਰ ਕਰ ਦਿੰਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਸਾਨੂੰ ਉਹ ਸੁੱਖ ਚੈਨ ਬਖਸ਼ਦੇ ਹਨ, ਜਿਸ ਨੂੰ ਮੌਤ ਵੀ ਨਹੀਂ ਹਿਲਾ ਸਕਦੀ। ਸਿੱਖ ਸ਼ਹੀਦਾਂ ਲਈ ਇਹ ਇੱਕੋ ਸਭ ਤੋਂ ਸੁਖਦਾਈ ਸ਼ਬਦ ਹਨ। ਇਸ ਸੰਸਾਰਕ ਜੀਵਨ ਨੇ ਸਾਨੂੰ ਕਿੰਨਾਂ ਤਬਾਹ ਕਰ ਦਿੱਤਾ ਹੈ, ਅਸੀਂ ਉਸ ਉਚੇਰੇ ਆਤਮਿਕ ਜੀਵਨ ਲਈ ਇਸ ਨੂੰ ਬਲੀਦਾਨ ਕਰ ਦਿੰਦੇ ਹਾਂ। ਜੋ ਆਤਮਾ ਦੇ ਝਰੋਖਿਆਂ ਵਿੱਚ ਖੇੜੇ ਵਿੱਚ ਵਿਗਸ ਰਿਹਾ ਹੈ ਸਾਡੇ ਲਈ ਸਭ ਕੁਝ ਤੁਛ ਹੈ ਇਹ ਪੈਰਾਂ ਨੂੰ ਪਕੀਆਂ ਬੇੜੀਆਂ ਕੀ ਅਰਥ ਰੱਖਦੀਆਂ ਹਨ, ਜਦੋਂ ਕਿ ਪ੍ਰੀਤਮ ਤੱਕ ਪੁੱਜਣ ਨੂੰ ਆਤਮਾ ਦੀ ਉਡਾਰੀ ਲਈ ਖੰਭ ਪਹਿਲਾਂ ਹੀ ਖਿਲਾਰੇ ਪਏ ਦਿਖਾਈ ਦੇਂਦੇ ਹਨ। ਕਸ਼ਟ, ਤਸੀਹੇ, ਮੌਤ ਤੇ ਬਾਦਸ਼ਾਹਾਂ ਦਾ ਕ੍ਰੋਧ ਕੀ ਹੈ ਜਦੋਂ ਕਿ ਸਾਡੇ ਅੰਦਰਲੇ ਕੰਨਾਂ ਵਿੱਚ ਫਰਿਸ਼ਤੇ ਪਹਿਲਾਂ ਹੀ ਫ਼ਤਿਹ ਦਾ ਗੀਤ ਗਾ ਰਹੇ ਹਨ? ਸਾਂਝਾਂ, ਚੋਟ, ਅੱਗ, ਪਾਣੀ, ਤਲਵਾਰਾਂ ਕੀ ਵਗਾੜ ਸਕਦੀਆਂ ਸਨ, ਜਦੋਂਕਿ ਅਸੀਂ ਦੇਖਦੇ ਹਾਂ ਕਿ ਚਾਨਣ ਦੀਆਂ ਹਸਤੀਆਂ ਸਾਨੂੰ ਆਪਣੀ ਗਲਵਕੜੀ ਵਿੱਚ ਘੁੱਟ ਰਹੀਆਂ ਹਨ ਅਤੇ ਸਾਡੇ ਇਸ ਵਿਸ਼ਵਾਸ਼ ਨੂੰ ਪੱਕਾ ਕਰ ਰਹੀਆਂ ਹਨ ਕਿ ਅਸੀਂ ਉਸ ਪ੍ਰਮਾਤਮਾ ਦੇ ਹਾਂ ਅਤੇ ਉਹ ਪ੍ਰਭੂ ਸਾਡਾ ਹੈ, ਸਭ ਕੁਝ ਚਾਨਣ ਸੰਗੀਤ ਤੇ ਅਨੰਦ ਦੇ ਵਜੂਦ     ਵਾਲਾ ਹੈ।’
ਗੁਰੂ ਤੇਗ਼ ਬਹਾਦਰ ਅਤੇ ਅੰਮਿ੍ਰਤਸਰ
ਜਿਵੇਂ ਪਹਿਲਾਂ ਕਿਹਾ ਜਾ ਚੁੱਕਾ ਹੈ ਹੁਣ ਗੁਰੂਧਾਮ ਤੇ ਸਿੱਖਾਂ ਦਾ ਯਾਤਰਾ ਸਥਾਨ ਕੀਰਤਪੁਰ ਵਿਖੇ ਬਦਲ ਚੁੱਕਾ ਸੀ; ਅੰਮਿ੍ਰਤਸਰ ਆਪੋ ਬਣੇ ਉਨ੍ਹਾਂ ਪੁਜਾਰੀਆਂ ਦੇ ਹੱਥਾਂ ਵਿੱਚ ਜਾ ਚੁੱਕਾ ਸੀ, ਜਿਹੜੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੂੰ ਮਿਲਦੇ ਚੜ੍ਹਾਵੇ ਨੂੰ ਵੇਖਕੇ ਲਾਲਸਾ ਨਾਲ ਭਰ ਗਏ ਸਨ। ਜਦੋਂ ਗੁਰੂ ਸਾਹਿਬ ਪਰਬਤ ਖੰਡ ਵੱਲ ਨੂੰ ਚਲੇ ਗਏ ਤਾਂ ਸਿੱਖ ਸੰਗਤਾਂ ਨੇ ਵੀ ਉਧਰ ਨੂੰ ਵਹੀਰਾਂ ਘੱਤ ਲਈਆਂ। ਪਿੱਛੇ ਪੁਜਾਰੀ ਹੀ ਰਹਿ ਗਏ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਇੱਕ ਨਾਗਰਿਕ ਪ੍ਰਬੰਧ ਹੋਂਦ ਵਿੱਚ ਆ ਚੁੱਕਾ ਸੀ, ਜੋ ਲੋਕਾਂ ਵਲੋਂ ਅਰਪਨ ਕੀਤੀ ਗਈ ਭੇਟਾ ਦੀ ਉਗਰਾਹੀ ਕਰਦਾ ਸੀ ਜਿਸਨੂੰ ਕਿ ਨਵੇਂ ਬਣੇ ਸਿੱਖ ਸ਼ਹਿਰਾਂ, ਤਲਾਬਾਂ ਤੇ ਗੁਰਧਾਮਾਂ ਦੇ ਸੁਧਾਰ ਤੇ ਵਾਧੇ ਲਈ ਵਰਤਿਆ ਜਾਂਦਾ ਸੀ। ਬਹੁਤ ਵਾਰ ਇਹ ਪ੍ਰਬੰਧ ਸਿੱਖਾਂ ਤੋਂ ਵੱਖਰੇ ਹੋਰ ਹੱਥਾਂ ਵਿੱਚ ਚਲਿਆ ਜਾਂਦਾ ਸੀ। ਉਨ੍ਹਾਂ ਦਿਨਾਂ ਵਿੱਚ ਹਰ ਕੋਈ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਚਾਹਵਾਨ ਹੁੰਦਾ ਸੀ। ਕੁਝ ਸਮੇਂ ਤੱਕ ਇਹ ਨਾਗਰਿਕ ਪ੍ਰਬੰਧ ਬਹੁਤ ਸੁਹਣੀ ਤਰ੍ਹਾਂ ਚਲਦਾ ਰਿਹਾ, ਪਰ ਪਿੱਛੋਂ ਇਸ ਵਿੱਚ ਗੁਰੂ ਘਰ ਦੇ ਦੋਖੀ ਦਾਖਲ ਹੋ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਮਸੰਦ ਜਾਂ ਉਗਰਾਹਕ ਦੇ ਰੂਪ ਵਿੱਚ ਭਰਤੀ ਕਰਵਾ ਲਿਆ ਅਤੇ ਇਸ ਬਾਰੇ ਸਾਰੇ ਪ੍ਰਬੰਧ ਨੂੰ ਸਿੱਖਾਂ ਦਾ ਵਿਰੋਧੀ ਬਣਾ ਦਿੱਤਾ।
ਇਹ ਪ੍ਰਬੰਧਕ ਸਿੱਖਾਂ ਨੂੰ ਕਈ ਤਰ੍ਹਾਂ ਨਾਲ ਦੁਖੀ ਕਰਨ ਲੱਗੇ, ਪਰ ਗੁਰੂ ਦੇ ਸਿੱਖ ਉਨ੍ਹਾਂ ਨੂੰ ਗੁਰੂ ਪ੍ਰੀਤਮ ਵੱਲੋਂ ਭੇਜੇ ਗਏ ਸਮਝਕੇ ਹਰ ਗੱਲ ਨੂੰ ਬਿਨਾਂ ਕੁਝ ਕਹਿਣ ਤੇ ਗਿਲੇ ਸ਼ਿਕਵੇ ਦੇ ਜਰ ਲੈਂਦੇ ਸਨ। ਇਨ੍ਹਾਂ ਦਾ ਸਭ ਕੱਚਾ ਚਿੱਠਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਅਨੰਦਪੁਰ ਸਾਹਿਬ ਵਿਖੇ ਇੱਕ ਨਾਟਕ ਦੇ ਰੂਪ ਵਿੱਚ ਉਘਾੜਿਆ ਗਿਆ ਤਾਂ ਅਸਲੀਅਤ ਤੋਂ ਪਰਦਾ ਚੁੱਕਿਆ ਗਿਆ। ਇਸ ਪਿੱਛੋਂ ਉਨ੍ਹਾਂ ਨੇ ਮਸੰਦ ਪ੍ਰਬੰਧ ਦਾ ਅੰਤ ਕਰ ਦਿੱਤਾ ਅਤੇ ਮਸੰਦਾਂ ਦੇ ਜਬਰ ਨੂੰ ਵੀ ਠੱਲ ਪਾ ਦਿੱਤੀ।
ਜਦੋਂ ਗੁਰੂ ਤੇਗ ਬਹਾਦਰ ਜੀ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਇਸ ਜਬਰ ਦੇ ਚਿੰਨ ਪ੍ਰਗਟ ਹੋ ਚੁੱਕੇ ਸਨ। ਪੁਜਾਰੀਆਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ ਤੇ ਗੁਰੂ ਜੀ ਨੂੰ ਅੰਦਰ ਨਾ ਜਾਣ ਦਿੱਤਾ। ਇਸ ਉੱਤੇ ਉਨ੍ਹਾਂ ਵਚਨ ਕੀਤਾ, ‘ਅੰਮਿ੍ਰਤਸਰ ਦੇ ਪੁਜਾਰੀ ਦਿਲਾਂ ਦੇ ਅੰਨ੍ਹੇ ਹਨ ਅਤੇ ਆਪਣੀ ਤਿ੍ਰਸ਼ਨਾ ਦੀ ਅਗਨੀ, ਵਿੱਚ ਸੜ ਰਹੇ ਹਨ।’ ਪਰ ਜਦੋਂ ਇਹ ਖਬਰ ਸ਼ਹਿਰ ਪੁੱਜੀ ਤਾਂ ਸਾਰਾ ਅੰਮਿ੍ਰਤਸਰ ਗੁਰੂ ਜੀ ਦੇ ਚਰਨਾਂ ਤੇ ਆ ਢੱਠਾ।  ਇਸ ਰੱਬੀ ਗੀਤਾਂ ਵਾਲੀ ਪਵਿੱਤਰ ਨਗਰੀ ਦੀਆਂ ਮਾਈਆਂ ਨੇ ਗੁਰੂ ਜੀ ਦਾ ਗੁਰੂ ਸ਼ਬਦਾਂ ਦੀਆਂ ਮਿੱਠੀਆਂ ਧੁਨਾਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਨਾਲ ਵਾਲੇ ਪਿੰਡ ਤੱਕ ਜਿੱਥੇ ਗੁਰੂ ਜੀ ਆਪਣੇ ਇੱਕ ਸ਼ਰਧਾਵਾਨ ਸਿੱਖ ਕੋਲ ਠਹਿਰੇ ਹੋਏ ਸਨ ਬਾਣੀ ਦਾ ਕੀਰਤਨ ਕਰਦੀਆਂ ਗਈਆਂ।
ਗੁਰੂ ਤੇਗ਼ ਬਹਾਦਰ ਜੀ ਇੱਕ ਥਾਂ ਟਿਕ ਕੇ ਨਹੀਂ ਬੈਠ ਸਕੇ, ਕਿਉਂ ਜੋ ਲੋਕਾਂ ਦੇ ਸਮੂਹਿਕ ਦੁਖੜੇ ਉਨ੍ਹਾਂ ਲਈ ਅਸਹਿ ਹੁੰਦੇ ਰਹੇ ਸਨ। ਉਹ ਲਗਾਤਾਰ ਦੌਰਾ ਹੀ ਕਰਦੇ ਰਹੇ, ਆਪਣੇ ਸੇਵਕਾਂ ਨੂੰ ਪਿੰਡਾਂ ਦੇ ਬਣਾਂ ਦੀਆਂ ਕੁਟੀਆ ਵਿੱਚ ਜਾ ਕੇ ਨਿਵਾਜਦੇ ਰਹੇ। ਉਨ੍ਹਾਂ ਨੇ ਪੂਰਬੀ ਭਾਰਤ ਵਿੱਚ ਢਾਕਾ ਤੇ ਅਸਾਮ ਤੱਕ ਯਾਤਰਾ ਕੀਤੀ, ਜਿੱਥੇ ਪਹਿਲਾਂ ਗੁਰੂ ਨਾਨਕ ਦੇਵ ਜੀ ਗਏ ਸਨ। ਉਨ੍ਹਾਂ ਨੇ ਗੁਰੂ ਦੀ ਜੋਤ ਨੂੰ ਥਾਂ-ਥਾਂ ਤੇ ਮੁੜ ਜਗਾ ਦਿੱਤਾ। ਧੁਬਰੀ ਵਿਖੇ ਉਨ੍ਹਾਂ ਨੇ ਆਸਾਮ ਵਿੱਚ ਸੰਗਤ ਕਾਇਮ ਕੀਤੀ ਅਤੇ ਆਪਣੇ ਪਵਿੱਤਰ ਦਰਸ਼ਨਾਂ ਨਾਲ ਕਈ ਪਰਿਵਾਰਾਂ ਦੇ ਭਾਗ ਚਮਕਾਏ।   

-ਪ੍ਰੋ. ਪੂਰਨ ਸਿੰਘ

Read News Paper

Related articles

spot_img

Recent articles

spot_img