ਸਿਮਰਨ ਜੀਤ ਸਿੰਘ ਇੱਕ ਪ੍ਰਮੁੱਖ ਅਮਰੀਕੀ ਸਿੱਖ ਸ਼ਖਸੀਅਤ ਹੈ ਜੋ ਇੱਕ ਲੇਖਕ, ਸਿੱਖਿਅਕ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਜੋਂ ਆਪਣੇ ਕੰਮ ਲਈ ਵਿਆਪਕ ਪੱਧਰ ’ਤੇ ਜਾਣੇ ਜਾਂਦੇ ਹਨ। ਬੀਤੇ 4-5 ਦਹਾਕਿਆਂ ਤੋਂ ਲੈ ਕੇ ਹੁਣ ਤੱਕ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਆਪਣੀ ਧਾਰਮਿਕ, ਸੱਭਿਆਚਾਰਕ ਅਤੇ ਮਾਨਵਤਾਵਾਦ ਦੇ ਮੁੱਲਵਾਨ ਪਹਿਲੂਆਂ ਨਾਲ ਜੁੜੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਨ ਦੇ ਨਾਲ ਖੁਦ ਅਤੇ ਗਲੋਬਲ ਭਾਈਚਾਰਿਆਂ ਨੂੰ ਆਈਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਵਿਰੁੱਧ ਸਭਨਾਂ ਲਈ ਬਰਾਬਰ ਮਨੁੱਖੀ ਅਧਿਕਾਰਾਂ ਅਤੇ ਇਕਸਾਰ ਸਮਾਨਤਾ ਦੀ ਲੜਾਈ ਮੂਹਰੇ ਹੋ ਕੇ ਅਤੇ ਸਰਗਰਮੀ ਨਾਲ ਲੜੀ ਹੈ।
ਇਸੇ ਨੂੰ ਲੈ ਕੇ ਇੱਕ ਤੜਪ, ਇੱਕ ਕਸਕ ਅਤੇ ਇੱਕ ਚਿਣਗ ਨੂੰ ਲੈ ਕੇ ਦੁਨੀਆ ਵਿੱਚ ਵਿਚਰਨ ਵਾਲੇ ਅਮਰੀਕੀ ਸਿੱਖ ਸ. ਸਿਮਰਨਜੀਤ ਹਨ ਜੋ ਇੱਕ ਪੜ੍ਹੇ ਲਿਖੇ, ਅਨੁਭਵੀ ਅਤੇ ਸਿੱਖ ਧਰਮ ਅਤੇ ਫਲਸਫੇ ਦੇ ਡੂੰਘੇ ਜਾਣਕਾਰ ਹਨ। ਉਹ ‘ਸਿੰਘ ਐਸਪੇਨ ਇੰਸਟੀਚਿਊਟ ਦੇ ਰਿਲੀਜਨ ਐਂਡ ਸੋਸਾਇਟੀ’ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਹਨ ਅਤੇ ‘ਦ ਲਾਈਟ ਵੀ ਗਿਵ: ਹਾਉ ਸਿੱਖ ਵਿਜ਼ਡਮ ਕੈਨ ਟਰਾਂਸਫਾਰਮ ਯੂਅਰ ਲਾਈਫ’ ਦੇ ਲੇਖਕ ਹਨ। ਉਹ ਕੋਲੰਬੀਆ ਯੂਨੀਵਰਸਿਟੀ ਅਤੇ ਨੈਲਸਨ ਮੰਡੇਲਾ ਫਾਊਂਡੇਸ਼ਨ ਦੇ ਨਾਲ ਨਸਲੀ ਬਰਾਬਰਤਾ ਲਈ ਇੱਕ ਅਟਲਾਂਟਿਕ ਫੈਲੋ ਹੈ ਅਤੇ ਓਪਨ ਸੋਸਾਇਟੀ ਫਾਊਂਡੇਸ਼ਨਾਂ ਦੇ ਨਾਲ ਇੱਕ ਸੋਰੋਸ ਸਮਾਨਤਾ ਫੈਲੋ ਹੈ। ਉਹ ਅਮਰੀਕਾ ਵਿੱਚ ਸਿੱਖਾਂ ਜਾਂ ਹੋਰ ਸਮੂਹਾਂ ਵਿਰੁੱਧ ਹੋਈਆਂ ਨਸਲੀ ਹਿੰਸਕ ਘਟਨਾਵਾਂ ਤੋਂ ਵੀ ਆਹਤ ਰਹੇ ਹਨ ਅਤੇ ਅਜਿਹੇ ਨਫਤਰੀ ਵਰਤਾਰਿਆਂ ਨੂੰ ਪਛਾੜਨ ਲਈ ਅੰਤਰ ਸਮੂਹੀ ਸਮਝ ਸਥਾਪਤੀ ਵੱਲ ਵਿਸ਼ੇਸ਼ ਜੋਰ ਦਿੰਦੇ ਹਨ।

ਸਿਮਰਨਜੀਤ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਸੈਨ ਐਂਟੋਨੀ, ਟੈਕਸਾਸ ਵਿੱਚ ਹੋਇਆ ਸੀ ਹੁਣ ਨਿਊਯਾਰਕ ਸਿਟੀ ਵਿੱਚ ਵੱਸਦੇ ਸਿਮਰਨਜੀਤ ਸਿੰਘ ਹੁਰਾਂ ਟਿ੍ਰਨਿਟੀ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਡਿਗਰੀ, ਹਾਰਵਰਡ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਅਤੇ ਵੱਕਾਰੀ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਹ ਦੂਜਿਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਅਤੇ ਅੰਤਰ-ਧਰਮ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਵੀ ਵਚਨਬੱਧ ਹੈ। ਉਹ ਇੱਕ ਅਜਿਹਾ ਬੁਲਾਰਾ ਹੈ ਜਿਸਨੇ ਵਿਸ਼ਵ ਭਰ ਵਿੱਚ ਯੂਨੀਵਰਸਿਟੀਆਂ, ਕਾਨਫ੍ਰੰਸਾਂ ਅਤੇ ਕਮਿਊਨਿਟੀ ਸਮਾਗਮਾਂ ਵਿੱਚ ਭਾਸ਼ਣ ਦਿੱਤੇ ਹਨ। ਉਹ ਹਾਸ਼ੀਏ ’ਤੇ ਰਹਿ ਗਏ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਏਕਤਾ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰਦਾ ਹੈ। ਆਪਣੀਆਂ ਗਤੀਵਿਧੀਆਂ ਅਤੇ ਜਨਤਕ ਭਾਸ਼ਣਾਂ ਵਿੱਚ ਸਿਮਰਨਜੀਤ ਸਿੰਘ ਦੇ ਯੋਗਦਾਨ ਨੇ ਉਸਨੂੰ ਸਿੱਖ ਅਮਰੀਕੀ ਭਾਈਚਾਰੇ ਵਿੱਚ ਅਤੇ ਇਸ ਤੋਂ ਬਾਹਰ ਇੱਕ ਸਤਿਕਾਰਤ ਹਸਤੀ ਬਣਾ ਦਿੱਤਾ ਹੈ। ਉਹ ਆਪਣੇ ਵਕਾਲਤ ਦੇ ਕੰਮ ਅਤੇ ਇੱਕ ਹੋਰ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਵਚਨਬੱਧਤਾ ਦੁਆਰਾ ਦੂਜਿਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਦਾ ਹੈ।
ਸਿਮਰਨਜੀਤ ਸਿੰਘ ਚੰਗੇ ਲੇਖਕ ਹਨ ਜਿਨ੍ਹਾਂ ਦੇ ਆਰਟੀਕਲ ‘ਦ ਨਿਊਯਾਰਕ ਟਾਈਮਜ਼’, ‘ਦ ਵਾਸ਼ਿੰਗਟਨ ਪੋਸਟ’, ਅਤੇ ਐੱਚ. ਪੀ. ਪੋਸਟ ਸਮੇਤ ਕਈ ਪ੍ਰਕਾਸ਼ਨਾਂ ਵਿੱਚ ਛਪਦੇ ਰਹਿੰਦੇ ਹਨ। ਉਹ ਅਕਸਰ ਸਿੱਖ ਪਛਾਣ, ਨਸਲਵਾਦ ਅਤੇ ਗਤੀਵਿਧੀਆ ਵਰਗੇ ਵਿਸ਼ਿਆਂ ਬਾਰੇ ਲਿਖਦੇ ਹਨ। ਵੱਖ-ਵੱਖ ਮੀਡੀਆ ਧਰਾਤਲਾਂ ’ਤੇ ਉਹ ਧਰਮ, ਵਿਭਿੰਨਤਾ, ਅਤੇ ਸਮਾਜਿਕ ਨਿਆਂ ਦੇ ਮੁੱਦਿਆਂ ’ਤੇ ਸਮਝ ਪ੍ਰਦਾਨ ਕਰਦੇ ਹਨ।
ਉਹ ਧਾਰਮਿਕ ਸਹਿਣਸ਼ੀਲਤਾ ਪ੍ਰਚਾਰਨ, ਬਹੁ-ਸੱਭਿਅਕ ਸਮਾਜ ਅਤੇ ਉਨ੍ਹਾਂ ਦੀ ਸਮਾਜ ਵਿੱਚ ਸੁਚਾਰੂ ਸਰਗਰਮੀ ਅਤੇ ਭਰਵੀ ਸ਼ਮੂਲੀਅਤ ਲਈ ਇੱਕ ਵੋਕਲ ਐਡਵੋਕੇਟ ਹੈ। ਉਹ ਨਫ਼ਰਤੀ ਅਪਰਾਧਾਂ, ਵਿਤਕਰੇ ਅਤੇ ਇਸਲਾਮੋਫੋਬੀਆ ਵਿਰੁੱਧ ਬੋਲਣ ਲਈ ਸਰਗਰਮ ਰਿਹਾ ਹੈ। ਸਿੰਘ ਦਾ ਵਕਾਲਤ ਦਾ ਕੰਮ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਪਲੇਟਫਾਰਮਾਂ ਤੱਕ ਫੈਲਿਆ ਹੋਇਆ ਹੈ, ਜਿੱਥੇ ਉਹ ਸਿੱਖ ਧਰਮ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ ਅਤੇ ਸਮਾਜਿਕ ਨਿਆਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਦਾ ਹੈ।
ਉਹ ਅਮਰੀਕਾ ਵਿੱਚ ਰਹਿੰਦੇ-ਵਿਚਰਦੇ ਵੀ ਵੱਖ-ਵੱਖ ਕੌਮੀਅਤ ਦੇ ਸਮੂਹਾਂ ਪ੍ਰਤੀ ਇੱਕ ਦਿ੍ਰਸ਼ੀਕੋਣ ਪ੍ਰਗਟਾਉਂਦੇ ਆਖਦੇ ਹਨ ਕਿ ਅਸੀਂ ਆਜ਼ਾਦੀ, ਸਮਾਨਤਾ ਅਤੇ ਨਿਆਂ ਪ੍ਰਤੀ ਵਚਨਬੱਧਤਾ ਸਮੇਤ ਬੁਨਿਆਦੀ ਸਿਧਾਂਤਾਂ ਅਤੇ ਮੁੱਲਾਂ ਨੂੰ ਸਾਂਝਾ ਕਰਦੇ ਹਾਂ। ਅਣਗਿਣਤ ਹੋਰ ਘੱਟ-ਗਿਣਤੀ ਭਾਈਚਾਰਿਆਂ ਵਾਂਗ, ਸਿੱਖਾਂ ਨੇ ਵਿਤਕਰੇ ਦੇ ਵੱਖ-ਵੱਖ ਰੂਪਾਂ ਨਾਲ ਲੜਿਆ ਹੈ, ਵੱਖ-ਵੱਖ ਉਦਯੋਗਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਅਮਰੀਕੀ ਸਮਾਜ ਵਿੱਚ ਲਾਭਕਾਰੀ ਯੋਗਦਾਨ ਪਾਇਆ ਹੈ। ਸੰਯੁਕਤ ਰਾਜ ਵਿੱਚ ਸਿੱਖ ਅਨੁਭਵ ਮੂਲ ਰੂਪ ਵਿੱਚ ਅਮਰੀਕੀ ਹੈ ਅਤੇ ਇੱਕ ਸਮਾਜ ਦੇ ਰੂਪ ਵਿੱਚ ਅਸੀਂ ਇਕੱਠੇ ਵੱਡੇ ਹੋਏ ਹਾਂ। ਸਾਡੇ ਸਾਰਿਆਂ ਦੇ ਆਪਣੇ ਤਜ਼ਰਬੇ ਹਨ, ਫਿਰ ਵੀ ਅਸੀਂ ਸਾਰੇ ਸੰਘਰਸ਼, ਕੁਰਬਾਨੀ ਅਤੇ ਸਫਲਤਾ ਦੀ ਇੱਕੋ ਜਿਹੀ ਕਹਾਣੀ ਸਾਂਝੀ ਕਰਦੇ ਹਾਂ।
ਉਹ ਭਾਰਤ ਦੇਸ਼ ਅੰਦਰਲੇ ਵੱਖ-ਵੱਖ ਸਮੂਹਾਂ ਅਤੇ ਭਾਈਚਾਰਿਆਂ ਵਿੱਚ ਫੈਲੀ ਬੇਚੈਨੀ ਅਤੇ ਉੱਭਰੀਆਂ ਮੁਸ਼ਕਿਲਾਂ ਪ੍ਰਤੀ ਸਥਾਪਤ ਸਰਕਾਰਾਂ ਵੱਲੋਂ ਇਸਦੇ ਠੋਸ, ਸਦੀਵੀ ਅਤੇ ਸੰਘਰਸ਼ੀਲ ਧਿਰਾਂ ਨੂੰ ਸੰਭਾਵੀ ਤੌਰ ’ਤੇ ਪ੍ਰਵਾਨਿਤ ਹੱਲ ਵੱਲ ਕੀਤੀ ਪਿੱਠ ਦਾ ਮੁੱਦਾ ਗਲੋਬਲ ਪੱਧਰ ’ਤੇ ਚੁੱਕਦੇ ਹਨ। ਉਹ ਮਨੁੱਖ ਦੇ ਬੋਲਣ ਦੀ ਅਜ਼ਾਦੀ ਦੇ ਬੁਨਿਆਦੀ ਸਿਧਾਂਤ ਦੀ ਗੱਲ ਕਰਦਿਆਂ ਆਮ ਲੋਕਾਂ ਸਮੇਤ ਲੋਕ ਸੰਘਰਸ਼ਾਂ ਦੀ ਗੱਲ ਕਰਨ ਵਾਲੇ ਲੇਖਕਾਂ ਅਤੇ ਪੱਤਰਕਾਰਾਂ ’ਤੇ ਚੱਲਦੇ ਹਕੂਮਤੀ ਜਬਰ ਦੇ ਵਰਤਾਰੇ ਦੀ ਗੱਲ ਵੀ ਠੋਕ ਵਜਾ ਕੇ ਕਰਦੇ ਹਨ। ਇਹ ਉਨ੍ਹਾਂ ਦਾ ਹੀ ਵਿਸ਼ਲੇਸ਼ਣ ਰਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਖਾਸ ਕਰ ਭਾਰਤ ਦੇ ਲੋਕ ਜੇਕਰ ਮੰਦਹਾਲੀ ਅਤੇ ਵਪਾਰ ਮੁਕਾਬਲੇ ਡਾਹਡੀ ਅਣਦੇਖੀ ਦਾ ਸ਼ਿਕਾਰ ਕਿਰਸਾਨੀ ਦੇ ਖਤਰੇ ਅਤੇ ਖਦਸ਼ਿਆਂ ਨੂੰ ਲੈ ਕੇ ਵੱਖ-ਵੱਖ ਖਿੱਤਿਆਂ ਦੇ ਲੋਕ ਇੱਕ ਸੁਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਇਲਾਕਾਈ, ਨਸਲੀ ਜਾਂ ਸੱਭਿਆਚਾਰਕ ਅਧਾਰਾਂ ’ਤੇ ਵੰਡ ਕੇ ਨਹੀਂ ਦੇਖਿਆ ਜਾ ਸਕਦਾ।

ਅਜਿਹੇ ਵਰਤਾਰਿਆਂ ਨੂੰ ਅਣਚਾਹੇ ਵਧਦੇ ਜਾਣ ਦੇਣਾ, ਖਾਸ ਤੌਰ ’ਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ, ਸਾਨੂੰ ਸਾਰਿਆਂ ਨੂੰ ਜੋਖਮ ਵਿੱਚ ਪਾਉਂਦਾ ਹੈ। ਸ. ਸਿਮਰਨਜੀਤ ਸਿੰਘ ਦਾ ਮੰਨਣਾ ਹੈ ਕਿ ਲੋਕਤੰਤਰ ਦੇ ਗਲਬੇ ਅਧੀਨ ਤਾਨਾਸ਼ਾਹੀ ਜਾਂ ਰੋਸ ਪ੍ਰਦਰਸ਼ਕਾਰੀਆਂ ਵਿਰੁੱਧ ਜਬਰ ਕਰਨਾ ਅਤੇ ਲੋਕ ਸੰਘਰਸ਼ ਨੂੰ ਸੱਤਾ ਦੇ ਪ੍ਰਭਾਵ ਨਾਲ ਕੁਚਲਣ ਜਾਂ ਤਾਰਪੀਡੋ ਕਰਨ ਨੂੰ ਕਿਸੇ ਪੱਖ ਤੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਅਜੋਕੇ ਸਮੇਂ ਵਿੱਚ ਸਿੱਖਾਂ ਦੀ ਪਹੁੰਚ ਗਲੋਬਲ ਹੈ। ਇੱਕ ਸਿੱਖ ਹੋਣ ਦੇ ਨਾਤੇ ਆਪਣੇ ਹੁਣ ਤੱਕ ਦੇ ਅਨੁਭਵ ਤੋਂ ਉਹ ਮੰਨਦੇ ਹਨ ਕਿ ਲੋਕ ਅੰਦਰੂਨੀ ਤੌਰ ’ਤੇ ਚੰਗੇ ਹਨ। ਸਾਡਾ ਵਿਸ਼ਵਾਸ ਸਥਾਈ ਆਸ਼ਾਵਾਦ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਸਾਡੀਆਂ ਪ੍ਰੰਪਰਾਵਾਂ ਸਾਨੂੰ ਹਮੇਸ਼ਾ ਇੱਕ ਮੁਸ਼ਕਲ ਸਥਿਤੀ ਦਾ ਸਭ ਤੋਂ ਵਧੀਆ ਤਰੀਕੇ ਨਾਲ ਸਿੱਝਣਾ ਸਿਖਾਉਂਦੀਆਂ ਹਨ। ਉਹ ਸੁਚੇਤ ਵੀ ਕਰਦੇ ਹਨ ਕਿ ਪਿਆਰ ਅਤੇ ਆਸ਼ਾਵਾਦ ਪ੍ਰਤੀ ਵਚਨਬੱਧਤਾ ਸਿੱਖਾਂ ਨੂੰ ਆਪਣੇ ਸਮਾਜਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਆਕਾਰ ਦਿੰਦੀ ਹੈ, ਪਰ ਸਨਕੀ ਅਤੇ ਨਕਾਰਾਤਮਕ ਬਣਨਾ ਸਾਨੂੰ ਇੱਕ ਤਿਲਕਲਦੀ ਢਲਾਨ ਵੱਲ ਲਿਜਾ ਸਕਦਾ ਹੈ।
ਉਹ ਅਮਰੀਕਨ ਨਜ਼ਰੀਏ ਤੋਂ ਬੋਲਦਿਆਂ ਆਖਦੇ ਹਨ ਕਿ ਅਜਿਹਾ ਲਗਦਾ ਹੈ ਕਿ ਭਾਰਤ ਸਾਡੇ ਰਣਨੀਤਕ ਸਹਿਯੋਗੀ ਵਜੋਂ ਸਾਡੀਆਂ ਅੱਖਾਂ ਸਾਹਮਣੇ ਬਦਲ ਰਿਹਾ ਹੈ। ਸਾਨੂੰ ਆਪਣੇ ਸਹਿਯੋਗੀ ਨੂੰ ਗੁਆਉਣ ਦਾ ਖਤਰਾ ਹੈ। ਇੱਕ ਤਾਂ, ਸੰਯੁਕਤ ਰਾਜ, ਬਹੁਤ ਸਾਰੇ ਵਿਸ਼ਵ ਭਾਈਚਾਰੇ ਦੀ ਤਰ੍ਹਾਂ, ਭਾਰਤ ਨੂੰ ਚੀਨ ਦੇ ਮੁਕਾਬਲੇ ਇੱਕ ਮਹੱਤਵਪੂਰਨ ਪ੍ਰਤੀਕੂਲ ਵਜੋਂ ਦੇਖਦਾ ਹੈ। ਉਹ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ ਅਤੇ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਟਿ੍ਰਲੀਅਨ-ਡਾਲਰ ਅਰਥ-ਵਿਵਸਥਾਵਾਂ ਹਨ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਭਾਰਤ ਦੇ ਖੜ੍ਹਨ ਕਾਰਨ ਵਿਸ਼ਵ ਸ਼ਕਤੀਆਂ ਭਾਰਤ ਨੂੰ ਤਰਜੀਹ ਦਿੰਦੀਆਂ ਹਨ।
-ਪੰਜਾਬ ਪੋਸਟ