ਅੰਮ੍ਰਿਤਸਰ/ਪੰਜਾਬ ਪੋਸਟ
ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਤਨਖਾਹੀਆ’ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਇੱਕ ਬੇਨਤੀ ਪੱਤਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਸਬੰਧਤ ਮਾਮਲੇ ਦੀ ਅਗਲੇਰੀ ਕਾਰਵਾਈ ਜਲਦ ਕਰਨ ਲਈ ਲਿਖਿਆ ਹੈ। ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰਾਂ ਨਾਲ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਸਬੰਧਤ ਮਾਮਲੇ ਵਿਚ ਅਗਲੇਰੀ ਕਾਰਵਾਈ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਨਿੱਜੀ ਰੁਝੇਵੇਂ ਵੀ ਨੇ, ਜਿਸ ਕਾਰਨ ਉਹ ਚਾਹੁੰਦੇ ਹਨ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ‘ਤਨਖਾਹੀਆ’ ਐਲਾਨੇ ਨੂੰ ਢਾਈ ਮਹੀਨੇ ਬੀਤ ਚੁੱਕੇ ਹਨ ਪਰ ਫੈਸਲੇ ਦਾ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਜੋ ਵੀ ਆਦੇਸ਼ ਕੀਤਾ ਜਾਵੇਗਾ ਉਹ ਸਿਰ ਮੱਥੇ ਪ੍ਰਵਾਨ ਕਰਨਗੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਵੀ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਚੁੱਕਿਆ ਹੈ। ਇਸ ਦਰਮਿਆਨ ਸੁਖਬੀਰ ਬਾਦਲ ਦੇ ਪੈਰ ਦੀ ਉਂਗਲੀ ਉੱਤੇ ਸੱਟ ਲੱਗਣ ਦੀ ਗੱਲ ਵੀ ਸਾਹਮਣੇ ਆਈ ਹੈ।
ਸੁਖਬੀਰ ਬਾਦਲ ਨੇ ਇੱਕ ਪੱਤਰ ਰਾਹੀਂ ਕੀਤੀ ਬੇਨਤੀ: ‘ਤਨਖਾਹੀਆ’ ਮਾਮਲੇ ‘ਚ ਜਲਦ ਸੁਣਵਾਈ ਦੀ ਕੀਤੀ ਅਪੀਲ

Published: