ਅੰਮ੍ਰਿਤਸਰ/ਪੰਜਾਬ ਪੋਸਟ
ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਅੱਜ ਥੋੜੀ ਦੇਰ ਪਹਿਲਾਂ ਕਾਤਲਾਨਾ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਨਰਾਇਣ ਸਿੰਘ ਚੌੜਾ ਨਾਂਅ ਦੇ ਸ਼ਖ਼ਸ ਨੇ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਚੌੜਾ ਨੂੰ ਸੁਰੱਖਿਆ ਕਰਮਚਾਰੀਆਂ ਨੇ ਗ੍ਰਿਫਤਾਰ ਕਰ ਲਿਆ। ਘਟਨਾ ਵਿੱਚ ਕਾਫੀ ਨੇੜੇ ਆ ਕੇ ਗੋਲੀ ਚਲਾਈ ਗਈ ਪਰ ਸੁਖਬੀਰ ਬਾਦਲ ਨੂੰ ਜਾਨੀ ਤੌਰ ਤੇ ਕੋਈ ਨੁਕਸਾਨ ਨਹੀਂ ਹੋਇਆ ਤੇ ਗੋਲੀ ਉਹਨਾਂ ਦੇ ਮਗਰ ਕੰਧ ਵਿੱਚ ਜਾ ਵੱਜੀ। ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਗੋਲੀਆਂ ਚਲਾਈਆਂ ਗਈਆਂ ਜਿੱਥੇ ਸਾਬਕਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾਵਾਂ ਤਹਿਤ ‘ਸੇਵਾ’ ਕਰ ਰਹੇ ਹਨ। ਅੰਮ੍ਰਿਤਸਰ ਪੁਲਸ ਦੇ ਏਡੀਸੀਪੀ ਹਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸ਼ਖ਼ਸ ਦਲ ਖਾਲਸਾ ਨਾਲ ਸੰਬੰਧਤ ਦੱਸਿਆ ਜਾਂਦਾ ਹੈ ਤੇ ਪੁਲਿਸ ਨੂੰ ਇਸ ਉੱਪਰ ਪਹਿਲਾਂ ਹੀ ਸ਼ੱਕ ਸੀ ਕਿ ਉਹ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਅਤੇ ਇਸ ਲਈ ਪੁਲਿਸ ਦੀ ਉਸ ਉੱਪਰ ਲਗਾਤਾਰ ਨਜ਼ਰ ਸੀ।