ਖਨੌਰੀ/ਪੰਜਾਬ ਪੋਸਟ
ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਮਰਨ ਵਰਤ ਉਤੇ ਹੁਣ ਉਨ੍ਹਾਂ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੂੰ ਬਿਠਾਇਆ ਗਿਆ ਹੈ, ਕਿਉਂਕਿ ਪੁਲੀਸ ਨੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਡੱਲੇਵਾਲ ਨੂੰ ਜਬਰੀ ਹਿਰਾਸਤ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਹਰਿਆਣਾ-ਪੰਜਾਬ ਦੇ ਢਾਬੀ ਗੁਜਰਾਂ/ਖਨੌਰੀ ਬਾਰਡਰ ’ਤੇ ਇਕ ਪ੍ਰੈਸ ਕਾਨਫਰੰਸ ਕਰ ਕੇ ਹਰਦੋਝੰਡੇ ਨੂੰ ਮਰਨ ਵਰਤ ’ਤੇ ਬਿਠਾਉਣ ਦਾ ਐਲਾਨ ਕੀਤਾ। ਕਿਸਾਨ ਆਗੂ ਲਖਵਿੰਦਰ ਸਿੰਘ ਸਿਰਸਾ ਕਿਹਾ ਹੈ ਕਿ ਸਥਿਤੀ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਕਿਸਾਨ ਆਗੂਆਂ ਦੀ ਹਗਾਮੀ ਮੀਟਿੰਗ ਢਾਬੀ ਗੁਜਰਾਂ ਬਾਰਡਰ ’ਤੇ ਹੋਈ, ਜਿਸ ਵਿਚ ਹਰਦੋਝੰਡੇ ਨੇ ਮਰਨ ਵਰਤ ਉਤੇ ਬੈਠਣ ਦੀ ਇੱਛਾ ਜ਼ਾਹਰ ਕੀਤੀ। ਇਸ ਦੌਰਾਨ, ਪ੍ਰਸ਼ਾਸਨ ਨੇ ਸਥਿਤੀ ਉੱਤੇ ਤਿੱਖੀ ਨਜ਼ਰ ਰੱਖਣ ਦੇ ਨਾਲ ਨਾਲ ਵੱਡੀ ਪੱਧਰ ਉੱਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ।