ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਪੈ ਰਹੀ ਕਹਿਰ ਦੀ ਗਰਮੀ ਨੇ ਸਾਰਿਆਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਲੂ ਚੱਲਣ ਕਰਕੇ ਲੋਕ ਘਰ ਤੋਂ ਘੱਟ ਬਾਹਰ ਨਿਕਲ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਗਰਮੀ ਕਰਕੇ ਬੇਹੋਸ਼ ਵੀ ਹੋਣ ਲੱਗੇ ਪਏ ਹਨ। ਓਧਰ ਮੌਸਮ ਵਿਭਾਗ ਵੱਲੋਂ ਅਜਿਹੀ ਗਰਮੀ 27 ਮਈ ਤੱਕ ਲਗਾਤਾਰ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਸੂਬੇ ਵਿੱਚ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਸਕਦਾ ਹੈ। ਪੰਜਾਬ ਦਾ ਫਿਰੋਜ਼ਪੁਰ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦਰਮਿਆਨ ਦੱਸਿਆ ਇਹ ਵੀ ਗਿਆ ਹੈ ਕਿ ਆਉਂਦੇ ਦਿਨਾਂ ਤੱਕ ਪੰਜਾਬ ’ਚ ਤਾਪਮਾਨ 47 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੋਵੇਗਾ। ਇਸੇ ਦੌਰਾਨ ਦਿੱਲੀ-ਐੱਨ ਸੀ ਆਰ ਦੇ ਇਲਾਕਿਆਂ ਵਿੱਚ ਗਰਮੀ ਦੀ ਮਾਰ ਜਾਰੀ ਹੈ ਅਤੇ ਅਗਲੇ ਦਿਨਾਂ ਤੱਕ ਵੀ ਇਸੇ ਤਰ੍ਹਾਂ ਲੋਕਾਂ ਨੂੰ ਗਰਮੀ ਦੀ ਮਾਰ ਸਹਿਣੀ ਪਵੇਗੀ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ 27 ਮਈ ਤੱਕ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ, ਜਿਸ ਕਰ ਕੇ ਦਿੱਲੀ ਵਾਸੀਆਂ ਨੂੰ ਅਜੇ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਦਿੱਲੀ ਦੇ ਕਈ ਇਲਾਕਿਆਂ ਵਿੱਚ ਤਾਪਮਾਨ 46 ਡਿਗਰੀ ਦੇ ਕਰੀਬ ਰਿਹਾ, ਜਦੋਂਕਿ ਔਸਤਨ ਤਾਪਮਾਨ 44 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵੀ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 27 ਮਈ ਤੱਕ ਘੱਟੋ-ਘੱਟ ਤਾਪਮਾਨ ਵਿੱਚ ਵੀ ਕੋਈ ਤਬਦੀਲੀ ਨਹੀਂ ਆਵੇਗੀ ਅਤੇ ਘੱਟੋ-ਘੱਟ ਤਾਪਮਾਨ 32 ਡਿਗਰੀ ਦੇ ਆਸ-ਪਾਸ ਹੀ ਟਿਕਿਆ ਰਹੇਗਾ।
ਪੰਜਾਬ ਵਿੱਚ ਗਰਮੀ ਨਵਾਂ ਰਿਕਾਰਡ ਬਣਾਉਣ ਨੇੜੇ ਪਹੁੰਚੀ

Published: