ਵਾਸ਼ਿੰਗਟਨ/ਪੰਜਾਬ ਪੋਸਟ
ਇੱਕ ਨਵਾਂ ਇਤਿਹਾਸ ਰਚਦੇ ਹੋਏ ਭਾਰਤੀ ਮੂਲ ਦੀ ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਆਪਣੇ ਇੱਕ ਹੋਰ ਸਾਥੀ ਨਾਲ ਤੀਜੀ ਵਾਰ ਪੁਲਾੜ ਲਈ ਰਵਾਨਾ ਹੋਈ। ਇਸ ਦੇ ਨਾਲ ਹੀ ਦੋਹਾਂ ਨੇ ਬੋਇੰਗ ਕੰਪਨੀ ਦੇ ਸਟਾਰਲਾਈਨਰ ਜਹਾਜ਼ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਲੈ ਕੇ ਬੋਇੰਗ ਦਾ ‘ਕਰੂ ਫਲਾਈਟ ਟੈਸਟ ਮਿਸ਼ਨ’ ਕਈ ਵਾਰ ਦੀ ਦੇਰੀ ਤੋਂ ਬਾਅਦ ਫਲੋਰਿਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਰਵਾਨਾ ਹੋਇਆ। ਵਿਲੀਅਮਜ਼ ਨੇ ਅਜਿਹੇ ਮਿਸ਼ਨ ’ਤੇ ਜਾਣ ਵਾਲੀ ਪਹਿਲੀ ਔਰਤ ਵਜੋਂ ਵੀ ਇਤਿਹਾਸ ਰਚਿਆ। ਵਿਲੀਅਮਜ਼ 2012 ’ਚ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਦੌਰਾਨ ਪੁਲਾੜ ’ਚ ‘ਟਰਾਈਥਲੋਨ’ ਪੂਰਾ ਕਰਨ ਵਾਲੀ ਪਹਿਲੀ ਵਿਅਕਤੀ ਬਣ ਗਈ ਸੀ। ਵਿਲੀਅਮਜ਼ ਯੂ.ਐਸ. ਨੇਵਲ ਅਕੈਡਮੀ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਮਈ 1987 ’ਚ ਅਮਰੀਕੀ ਸਮੁੰਦਰੀ ਫ਼ੌਜ ’ਚ ਸ਼ਾਮਲ ਹੋਈ ਸੀ। ਵਿਲੀਅਮਜ਼ ਨੂੰ 1998 ’ਚ ਨਾਸਾ ਵਲੋਂ ਇਕ ਪੁਲਾੜ ਮੁਸਾਫ਼ਰ ਵਜੋਂ ਚੁਣਿਆ ਗਿਆ ਸੀ ਅਤੇ ਉਹ ਦੋ ਪੁਲਾੜ ਮਿਸ਼ਨਾਂ ਦੀ ਮੈਂਬਰ ਰਹੀ ਹੈ: 2006 ’ਚ ਮੁਹਿੰਮ 14/15 ਅਤੇ 2012 ’ਚ 32/33 । ਸੁਨੀਤਾ ਵਿਲੀਅਮਜ਼ ਨੇ ਐਕਸਪੀਡੀਸ਼ਨ -32 ’ਤੇ ਇਕ ਫਲਾਈਟ ਇੰਜੀਨੀਅਰ ਅਤੇ ਫਿਰ ਐਕਸਪੀਡੀਸ਼ਨ -33 ਦੇ ਕਮਾਂਡਰ ਵਜੋਂ ਸੇਵਾ ਨਿਭਾਈ। ਪੁਲਾੜ ਯਾਨ ਦੇ ਵਿਕਾਸ ਵਿਚ ਅਸਫਲਤਾ ਕਾਰਨ ਬੋਇੰਗ ਦੇ ‘ਕਰੂ ਫਲਾਈਟ ਟੈਸਟ ਮਿਸ਼ਨ’ ਵਿਚ ਕਈ ਸਾਲ ਦੀ ਦੇਰੀ ਹੋਈ ਸੀ। ਵਿਲੀਅਮਜ਼ ਅਤੇ ਵਿਲਮੋਰ ਦੀ ਯਾਤਰਾ ’ਚ 25 ਘੰਟੇ ਲੱਗਣ ਦੀ ਉਮੀਦ ਹੈ। ਉਹ 14 ਜੂਨ ਨੂੰ ਸਟਾਰਲਾਈਨਰ ’ਤੇ ਸਵਾਰ ਹੋ ਕੇ ਘਰ ਪਰਤਣ ਲਈ ਪੱਛਮੀ ਅਮਰੀਕਾ ਦੇ ਇਕ ਦੂਰ-ਦੁਰਾਡੇ ਮਾਰੂਥਲ ’ਚ ਉਤਰਨ ਤੋਂ ਪਹਿਲਾਂ ਇਕ ਸਪਿਨਿੰਗ ਸਪੇਸ ਲੈਬ ’ਚ ਇਕ ਹਫਤੇ ਤੋਂ ਜ਼ਿਆਦਾ ਸਮਾਂ ਬਿਤਾਉਣਗੇ।
ਭਾਰਤੀ ਮੂਲ ਦੀ ਅਮਰੀਕੀ ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਤੀਜੀ ਵਾਰ ਪੁਲਾੜ ਲਈ ਰਵਾਨਾ
Published: