- ਧਾਰਮਿਕ ਦੀਵਾਨ ਸਜਣਗੇ, ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਭਰਨਗੇ ਹਾਜ਼ਰੀ
ਕੈਲੀਫੋਰਨੀਆ/ਪੰਜਾਬ ਪੋਸਟ
ਅਮਰੀਕਾ ਦੇ ਐੱਮ. ਸੀ. ਕ੍ਰੈਕਨ ਰੋਡ, ਵੈਸਟਲੀ ਕੈਲੀਫੋਰਨੀਆ ਵਿਖੇ ਕਾਰ ਸੇਵਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਵੇਂ ਦਰਬਾਰ ਸਾਹਿਬ ਦਾ ਤਪ ਅਤੇ ਗੁਰਮਤਿ ਸਮਾਗਮ ਮਿਤੀ 11, 12 ਅਤੇ 13 ਅਕਤੂਬਰ 2024 ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ 11 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਣਗੇ ਅਤੇ 13 ਅਕਤੂਬਰ ਨੂੰ ਸਵੇਰੇ 10:30 ਵਜੇ ਭੋਗ ਪੈਣਗੇ। ਇਨ੍ਹਾਂ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਰਾਗੀ ਅਤੇ ਢਾਡੀ ਜਥੇ ਹਾਜ਼ਰੀ ਲਵਾਉਣਗੇ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਕਥਾਵਾਚਕ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ ਸਾਹਿਬ ਤੋਂ, ਰਾਗੀ ਜਥਾ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਅਤੇ ਭਾਈ ਹਰਚਰਨ ਸਿੰਘ ਜੀ ਖਾਲਸਾ ਸ੍ਰੀ ਦਰਬਾਰ ਸਾਹਿਬ ਤੋਂ ਉਚੇਚੇ ਤੌਰ ਉੱਤੇ ਪਹੁੰਚ ਰਹੇ ਹਨ, ਜਦਕਿ ਭਾਈ ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥੇ ਵੱਲੋਂ ਵੀ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਸਮਾਗਮਾਂ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਇਸ ਪਾਵਨ ਅਸਥਾਨ ਦੀ ਕਾਰ ਸੇਵਾ, ਦੇਸ਼ ਵਿਦੇਸ਼ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸੰਪਰਦਾਇ ਸੱਚਖੰਡਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ, ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਜੀ ਸਰਹਾਲੀ ਸਾਹਿਬ ਅਤੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ, ਗੋਇੰਦਵਾਲ ਸਾਹਿਬ, ਯੂ. ਪੀ. ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਬਾ ਗੁਰਨਾਮ ਸਿੰਘ ਜੀ ਵੱਲੋਂ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਅਤੇ ਹੁਣ ਉਨ੍ਹਾਂ ਨੇ ਇਸ ਤਾਜਾ ਉਪਰਾਲੇ ਤਹਿਤ ਕਾਰ ਸੇਵਾ ਦਾ ਇਸ ਸਮੁੱਚਾ ਕਾਰਜ ਮੁਕੰਮਲ ਕੀਤਾ ਹੈ ਅਤੇ ਇਨ੍ਹਾਂ ਸਮਾਗਮਾਂ ਲਈ ਵੀ ਉਨ੍ਹਾਂ ਵੱਲੋਂ ਭਰਪੂਰ ਯੋਗਦਾਨ ਪਾਇਆ ਗਿਆ ਹੈ।