*ਪ੍ਰੈੱਸ ਕਾਨਫਰੰਸ ਜ਼ਰੀਏ ਸ਼ਹਿਰ ਦੇ ਲੋਕਾਂ ਸਮੇਤ ਹਰੇਕ ਵਿਸ਼ੇ ਉੱਤੇ ਦੱਸੇ ਵਿਚਾਰ
ਅੰਮ੍ਰਿਤਸਰ/ਪੰਜਾਬ ਪੋਸਟ
ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਆਪਣੀ ਅੰਮ੍ਰਿਤਸਰ ਸਥਿਤ ਰਿਹਾਇਸ਼ ‘ਤੇ ਇੱਕ ਪ੍ਰੈੱਸ ਕਾਨਫਰੰਸ ਕੀਤੀ। ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਭਾਜਪਾ ਆਗੂ ਸ. ਤਰਨਜੀਤ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਵਧੀਆ ਹੈ ਅਤੇ ਬਾਕੀ ਦੇਸ਼ ਵਾਂਗ ਪੰਜਾਬ ਨੂੰ ਵੀ ਇਸ ਦਾ ਫਾਇਦਾ ਮਿਲ ਰਿਹਾ ਹੈ। ਸ. ਤਰਨਜੀਤ ਸਿੰਘ ਸੰਧੂ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਦੇ ਇਸ ਹਲਕੇ ਦੇ ਨਤੀਜੇ ਦੇ ਬਾਵਜੂਦ ਲਗਾਤਾਰ ਓਹ ਅੰਮ੍ਰਿਤਸਰ ਲਈ ਜੋ ਕੁੱਝ ਵੀ ਕਰ ਸਕਦੇ ਹੋਣਗੇ ਓਹ ਜ਼ਰੂਰ ਕਰਨਗੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਓਹ ਅੰਮ੍ਰਿਤਸਰ ਦੇ ਲਈ ਹੋਰ ਵੀ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਸ. ਸੰਧੂ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਘੁੰਮਣ ਲਈ ਆਉਂਦੇ ਹਨ ਜਿਸ ਦੇ ਚੱਲਦਿਆਂ ਇੱਥੇ ਟੂਰਿਸਟ ਹੱਬ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੰਪਨੀਆਂ ਬਾਰੇ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਗੱਲ ਕੀਤੀ ਸੀ, ਉਨ੍ਹਾਂ ਮੁੱਦਿਆਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਸਰਕਾਰ ਨੂੰ ਵੀ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਭਾਰਤ ਪਾਕਿਸਤਾਨ ਵਪਾਰ ਦੀ ਸੰਭਾਵਨਾ ਬਾਰੇ ਬੋਲਦੇ ਹੋਏ ਉਨਾਂ ਨੇ ਕਿਹਾ ਕਿ ਜੇਕਰ ਵਾਹਗਾ ਅਟਾਰੀ ਵਿਖੇ ਵਪਾਰ ਖੁੱਲਦਾ ਹੈ ਤਾਂ ਪੰਜਾਬ ਦੇ ਨਾਲ ਨਾਲ ਦੇਸ਼ ਲਈ ਵੀ ਕਾਫੀ ਚੰਗਾ ਹੋਵੇਗਾ। ਸ. ਸੰਧੂ ਨੇ ਇਹ ਵੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨਾਂ ਵੱਲੋਂ ਦਿੱਤੇ ਗਏ ਚੋਣ ਮੈਨੀਫੈਸਟੋ ‘ਤੇ ਉਹ ਹੁਣ ਵੀ ਪੂਰਾ ਵਿਸ਼ਵਾਸ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਦੱਸਿਆ ਜਾਵੇ ਕਿ ਕਿਸ ਖੇਤਰ ਵਿੱਚ ਕੀ ਸਮੱਸਿਆਵਾਂ ਹਨ ਤਾਂ ਜੋ ਉਨਾਂ ਦਾ ਫੌਰੀ ਹੱਲ ਕੀਤਾ ਜਾ ਸਕੇ। ਅੰਮ੍ਰਿਤਸਰ ਦੀ ਸਿੱਖਿਆ ਪ੍ਰਣਾਲੀ ਨੂੰ ਬਹੁਤ ਵਧੀਆ ਦੱਸਦੇ ਹੋਏ ਉਨਾਂ ਕਿਹਾ ਕਿ ਭਾਰਤ ਵਿੱਚ ਵੀ ਅਜਿਹੇ ਕਈ ਸਿੱਖਿਆ ਕੇਂਦਰ ਹਨ ਜਿੱਥੇ ਬਹੁਤ ਹੋਈ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਜਿਹੇ ਵਿੱਚ ਬੱਚੇ ਵਿਦੇਸ਼ਾਂ ਨੂੰ ਜਾਣ ਦੀ ਬਜਾਏ ਇੱਥੋਂ ਵੀ ਚੰਗੀ ਸਿੱਖਿਆ ਲੈ ਸਕਦੇ ਹਨ।