- ਨਸ਼ਾ ਮੁਕਤ ਅੰਮਿ੍ਤਸਰ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਚੁੱਕੇ ਜਾਣਗੇ ਵੱਡੇ ਕਦਮ : ਸੰਧੂ
ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਇੱਕ ਤਫਸੀਲੀ ਪ੍ਰੈੱਸ ਵਾਰਤਾ ਕੀਤੀ ਅਤੇ ਇਸ ਰਾਹੀਂ ਉਨਾਂ ਨੇ ਅੰਮਿ੍ਤਸਰ ਦੇ ਹਰੇਕ ਮੁੱਦੇ ਉੱਤੇ ਡੂੰਘਾਈ ਵਿੱਚ ਗੱਲ ਕੀਤੀ। ਮੌਜੂਦਾ ਸਮੇਂ ਦੀ ਗੱਲ ਕਰਦੇ ਹੋਏ ਉਨਾਂ ਕਿਹਾ ਕਿ ਓਹ ਇੱਕ ਦੂਰਦਿ੍ਰਸ਼ਟੀ ਵਾਲਾ ਵਿਜ਼ਨ ਲੈ ਕੇ ਆਏ ਨੇ, ਜੋ ਲੰਮੇ ਸਮੇਂ ਲਈ ਹੋਵੇਗਾ ਅਤੇ ਉਨਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਮਿ੍ਤਸਰ ਵਿੱਚ ਹਰ ਕਿਸੇ ਨੂੰ ਉਸ ਵਿਜ਼ਨ ਦਾ ਲਾਭ ਮਿਲੇ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਅੰਮਿ੍ਤਸਰ ਦੇ ਵਿਕਾਸ ਲਈ 850 ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਡੰਪ ਦਾ ਜ਼ਰੂਰੀ ਕੰਮ ਉਨ੍ਹਾਂ ਦੀ ਨਿਗ੍ਹਾ ਵਿੱਚ ਹੈ ਅਤੇ ਇਸ ਦੇ ਨਾਲ-ਨਾਲ ਉਹ ਨਸ਼ਾ ਮੁਕਤ ਅੰਮਿ੍ਤਸਰ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅਮਰੀਕਾ ਦੀਆਂ ਕਈ ਕੰਪਨੀਆਂ ਨਾਲ ਗੱਲ ਕਰ ਚੁੱਕੇ ਹਨ। ਹੁਣ ਤੱਕ ਦੇ ਮਾਹੌਲ ਦੀ ਗੱਲ ਕਰਦੇ ਹੋਏ ਉਨਾਂ ਕਿਹਾ ਕਿ ਬਾਕੀ ਸਾਰੇ ਆਗੂਆਂ ਨੇ ਅੰਮਿ੍ਤਸਰ ਨੂੰ ਬਹੁਤ ਪਿੱਛੇ ਪਾ ਦਿੱਤਾ, ਪਰ ਹੁਣ ਲੋੜ ਹੈ ਕਿ ਅਜਿਹਾ ਪ੍ਰਬੰਧ ਲਿਆਂਦਾ ਜਾਵੇ, ਜਿਸ ਸਦਕਾ ਇੱਥੇ ਹੀ ਸਾਮਾਨ ਬਣਾਇਆ ਜਾਵੇਗਾ ਅਤੇ ਵੇਚਿਆ ਜਾਵੇਗਾ, ਇਸ ਨਾਲ ਅੰਮਿ੍ਤਸਰ ਦੇ ਨੌਜਵਾਨਾਂ ਅਤੇ ਲੜਕੀਆਂ ਨੂੰ ਲੋੜੀਂਦਾ ਰੋਜ਼ਗਾਰ ਮਿਲੇਗਾ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਗੁਰਜੀਤ ਸਿੰਘ ਔਜਲਾ ਦਾ ਰਿਕਾਰਡ ਦੇਖੀਏ ਤਾਂ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਅੰਮਿ੍ਤਸਰ ਦੇ ਲੋਕਾਂ ਨਾਲ ਏਨੇ ਵਾਅਦੇ ਕੀਤੇ ਗਏ ਸਨ, ਪਰ ਉਸ ਵਿੱਚੋ ਇੱਕ ਵੀ ਵਾਅਦਾ ਸਹੀ ਢੰਗ ਨਾਲ ਪੂਰਾ ਨਹੀਂ ਕੀਤਾ ਗਿਆ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਇਸ ਮਸਲੇ ਨੂੰ ਵੀ ਮੁਖ਼ਾਤਿਬ ਹੋਏ ਕਿ ਅੱਜ ਤੱਕ ਸੰਸਦ ਮੈਂਬਰਾਂ ਨੇ ਕਦੇ ਵੀ ਅੰਮਿ੍ਤਸਰ ਲਈ ਪ੍ਰੋਸੈਸਿੰਗ ਸੈਂਟਰ ਦੀ ਗੱਲ ਤੱਕ ਨਹੀਂ ਕੀਤੀ ਹੈ ਜਦਕਿ ਓਹ ਖ਼ੁਦ ਚੋਣਾਂ ਤੋਂ ਪਹਿਲਾਂ ਹੀ ਇਸ ’ਤੇ ਕੰਮ ਵੀ ਕਰ ਰਹੇ ਹਨ। ਇਸ ਤੋਂ ਬਾਅਦ ਉਨਾਂ ਨੇ ਕਿਸਾਨਾਂ ਦੇ ਮੁੱਦੇ ਉੱਤੇ ਵੀ ਗੱਲ ਕੀਤੀ ਅਤੇ ਕਿਹਾ ਕਿ ਕਿਸੇ ਵੀ ਮਸਲੇ ਦੇ ਸਵਾਲ-ਜਵਾਬ ਸੜਕ ’ਤੇ ਨਹੀਂ ਹੁੰਦੇ, ਪਰ ਇਸ ਦੇ ਬਾਵਜੂਦ ਓਹ ਸਭ ਨਾਲ ਗੱਲਬਾਤ ਕਰਨ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹਨ। ਚੋਣ ਨਤੀਜਿਆਂ ਦੀ ਗੱਲ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਓਸ ਵਿੱਚ ਅਜੇ ਬਹੁਤ ਦਿਨ ਬਾਕੀ ਹਨ ਅਤੇ ਫਿਲਹਾਲ ਉਹ ਸਿਰਫ ਅੰਮਿ੍ਤਸਰ ਦੇ ਲਈ ਦਿਲੋਂ ਸਾਫ਼ਗੋਈ ਨਾਲ ਕੰਮ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਹ ਸੰਸਦ ਮੈਂਬਰ ਬਣਦੇ ਹਨ ਤਾਂ ਉਹ ਹੋਰਨਾਂ ਸਾਰੇ ਮਸਲਿਆਂ ਦੇ ਨਾਲ ਨਾਲ ਕਿਸਾਨਾਂ ਦੇ ਸਾਰੇ ਮੁੱਦੇ ਪਾਰਲੀਮੈਂਟ ਵਿੱਚ ਜ਼ੋਰਾਂ ਸ਼ੋਰਾਂ ਨਾਲ ਉਠਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਹਿਰਾਂ ਦੇ ਨਾਲ-ਨਾਲ ਪਿੰਡ ਦੇ ਲੋਕਾਂ ਦਾ ਵੀ ਵੱਡੇ ਪੱਧਰ ਉੱਤੇ ਸਹਿਯੋਗ ਮਿਲ ਰਿਹਾ ਹੈ ਜਿਸ ਨਾਲ ਉਨਾਂ ਦਾ ਹੌਂਸਲਾ ਵਧਦਾ ਹੈ।