ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਚੋਣਾਂ 2024 ਦੇ ਮਾਹੌਲ ਦਰਮਿਆਨ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਕਾਫੀ ਥਾਵਾਂ ਉੱਤੇ ਭਾਜਪਾ ਆਗੂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਪਰ ਭਾਜਪਾ ਦੇ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਮਾਮਲੇ ਵਿੱਚ ਹਾਲਾਤ ਵੱਖਰੇ ਹਨ, ਜਿਨ੍ਹਾਂ ਨੇ ਹੁਣ ਆਪਣੇ ਵੱਲੋਂ ਕਿਸਾਨਾਂ ਭਰਾਵਾਂ ਨੂੰ ਇੱਕ ਖੁੱਲੇ ਮਨ ਵਾਲੀ ਅਪੀਲ ਜਾਰੀ ਕੀਤੀ ਹੈ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਸਾਨਾਂ ਲਈ ਇੱਕ ਅਪੀਲ ਰੂਪੀ ਪੱਤਰ ਜਾਰੀ ਕੀਤਾ ਹੈ ਜਿਸ ’ਤੇ ਲਿਖਿਆ ਹੈ ‘ਪੱਕਾ ਵਾਅਦਾ, ਨੇਕ ਇਰਾਦਾ’। ਆਪਣੀ ਅਪੀਲ ਵਿੱਚ ਭਾਜਪਾ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਓਹ ਇੱਕ ਕਿਸਾਨ ਪਰਿਵਾਰ ’ਚ ਪੈਦਾ ਹੋਏ ਹਨ ਅਤੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਕੁਝ ਵਿਸ਼ਿਆਂ ’ਤੇ ਮਤਭੇਦ ਹਨ ਅਤੇ ਇਨ੍ਹਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਕੱੁਝ ਸਿਆਸੀ ਪਾਰਟੀਆਂ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮਤਭੇਦ ਪੈਦਾ ਕਰਨ ਦੇ ਯਤਨ ਕਰ ਰਹੀਆਂ ਹਨ, ਜੋ ਕਿਸੇ ਵੀ ਵਰਗ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਚੋਣਾਂ ਉਪਰੰਤ ਉਹ ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਇੱਕ ਪੁਲ ਬਣ ਕੇ ਤਨਦੇਹੀ ਨਾਲ ਕੰਮ ਕਰਨਗੇ, ਜਿਸ ਤਹਿਤ ਉਹ ਕਿਸਾਨਾਂ ਦੀ ਅਵਾਜ਼ ਸੰਸਦ ਦੇ ਅੰਦਰ ਅਤੇ ਬਾਹਰ ਬਣਨਗੇ ਅਤੇ ਕਿਸਾਨਾਂ ਤੋਂ ਇਲਾਵਾ ਖੇਤ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦੀ ਸਿਹਤ ਅਤੇ ਉਸ ਦੇ ਬੱਚਿਆਂ ਦੀ ਸਿੱਖਿਆ ਵੀ ਉਨਾਂ ਦੀ ਤਰਜੀਹ ਦਾ ਪ੍ਰਮੁੱਖ ਕੇਂਦਰ ਹੋਵੇਗੀ।
ਸ. ਸੰਧੂ ਨੇ ਇਹ ਵੀ ਯਕੀਨ ਦੁਆਇਆ ਹੈ ਕਿ ਓਹ ਖੁਦ ਅਰਬ ਮੁਲਕਾਂ ਅਤੇ ਯੂਰਪੀ ਮੁਲਕਾਂ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਖਰੀਦਣ ਦੇ ਠੇਕੇ ਪ੍ਰਾਪਤ ਕਰਨ ਲਈ ਮਦਦ ਕਰਨਗੇ। ਇਸ ਬਾਬਤ ਯੋਜਨਾ ਦੱਸਦੇ ਹੋਏ ਉਨਾਂ ਕਿਹਾ ਹੈ ਕਿ ਫਸਲਾਂ ਦੇ ਰੂਪ ਵਿੱਚ ਇੱਥੇ ਉਗਾਈਆਂ ਗਈਆਂ ਸਬਜ਼ੀਆਂ ਇਨ੍ਹਾਂ ਮੁਲਕਾਂ ਵਿੱਚ ਕਾਰਗੋ ਰਾਹੀਂ ਭੇਜੀਆਂ ਜਾਣਗੀਆਂ, ਜਿਨ੍ਹਾਂ ਦਾ ਲਾਭ ਐੱਮ. ਐੱਸ. ਪੀ. ਤੋਂ ਵੀ ਤਿੰਨ ਤੋਂ ਚਾਰ ਗੁਣਾ ਵੱਧ ਹੋਵੇਗਾ। ਕਿਸਾਨਾਂ ਲਈ ਲੰਮੇ ਸਮੇਂ ਦੀ ਇੱਕ ਹੋਰ ਯੋਜਨਾ ਦੱਸਦੇ ਹੋਏ ਉਨ੍ਹਾਂ ਕਿਹਾ ਹੈ ਕਿ ਕੁਝ ਸਾਲਾਂ ਬਾਅਦ ਉਹ ਅੰਮਿ੍ਰਤਸਰ ਦੇ ਕਿਸਾਨਾਂ ਲਈ ਸਹਿਕਾਰੀ ਸੰਗਠਨ ਵਿਕਸਿਤ ਕਰਨ ਸਬੰਧੀ ਵੀ ਕੰਮ ਕਰਨਗੇ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਕੀਤੀ ਗਈ ਇਹ ਪਹਿਲਕਦਮੀ ਮੌਜੂਦਾ ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਕਿਸਾਨਾਂ ਲਈ ਆਪਣੀ ਕਿਸਮ ਦੀ ਨਿਵੇਕਲੀ ਪੇਸ਼ਕਸ਼ ਨਜ਼ਰ ਆਈ ਹੈ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪੰਜਾਬ ਦੇ ਕਿਸਾਨਾਂ ਲਈ ਜਾਰੀ ਕੀਤਾ ਵਿਸ਼ੇਸ਼ ਪੱਤਰ

Published: