ਅਟਾਰੀ/ਪੰਜਾਬ ਪੋਸਟ
ਲੋਕ ਸਭਾ ਚੋਣਾਂ ਲਈ ਚੱਲ ਰਹੀ ਪ੍ਰਚਾਰ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ ਤੋਂ ਬਾਅਦ ਅਗਲੇ ਹੀ ਦਿਨ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਜਨ ਸੰਪਰਕ ਪ੍ਰੋਗਰਾਮ ਦੇ ਅਗਲੇ ਗੇੜ ਤਹਿਤ ਅੱਜ ਅਟਾਰੀ ਵਿਖੇ ਪਹੁੰਚੇ, ਜਿੱਥੇ ਉਨਾਂ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਅਸਮਾਨ ਛੂੰਹਦੇ ਤਾਪਮਾਨ ਅਤੇ ਕੜਾਕੇ ਦੀ ਗਰਮੀ ਦਰਮਿਆਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਨ੍ਹਾਂ ਦੀ ਇਸ ਰੈਲੀ ਵਿੱਚ ਹਾਜ਼ਰੀ ਭਰੀ ਅਤੇ ਗਹੁ ਨਾਲ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ। ਅੰਮਿ੍ਰਤਸਰ ਦੇ ਬਾਕੀ ਸਾਰੇ ਖੇਤਰਾਂ ਵਿੱਚ ਕੀਤੀਆਂ ਗਈਆਂ ਰੈਲੀਆਂ ਵਾਂਗ ਇੱਥੇ ਵੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸਥਾਨਕ ਲੋਕਾਂ ਨਾਲ ਸਬੰਧਤ ਬੁਨਿਆਦੀ ਮਸਲਿਆਂ ਦੀ ਡੂੰਘਾਈ ਵਿੱਚ ਗੱਲ ਕੀਤੀ ਅਤੇ ਪਿਛਲੇ ਸਮੇਂ ਦੌਰਾਨ ਲਗਾਤਾਰ ਨਜ਼ਰ ਆਈਆਂ ਕਮੀਆਂ ਪੇਸ਼ੀਆਂ ਨੂੰ ਸੰਬੋਧਨ ਹੁੰਦੇ ਹੋਏ ਲੋਕਾਂ ਦਾ ਜੀਵਨ ਬਿਹਤਰ ਬਣਾਉਣ ਦੀ ਗੱਲ ’ਤੇ ਜ਼ੋਰ ਦਿੱਤਾ। ਉਨ੍ਹਾਂ ਅਟਾਰੀ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਉਨਾਂ ਵੱਲੋਂ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਲਈ ਅਜਿਹੀ ਨੀਤੀ ਲਾਗੂ ਕਰਨਗੇ ਜਿਸ ਨਾਲ ਹਰੇਕ ਵਰਗ ਨੂੰ ਢੁੱਕਵਾਂ ਲਾਭ ਹੋਵੇ।
ਇਸ ਮੌਕੇ ਹਾਜ਼ਰ ਲੋਕਾਂ ਨੇ ਉਨਾਂ ਦੀ ਭਵਿੱਖ ਪ੍ਰਤੀ ਇਸੇ ਸੋਚ ਨੂੰ ਇਕਸਾਰਤਾ ਵਿੱਚ ਜੋਸ਼ੀਲਾ ਹੁੰਗਾਰਾ ਦਿੱਤਾ। ਇਸ ਦਰਮਿਆਨ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਵੀ ਅੰਮਿ੍ਰਤਸਰ ਵਿਖੇ ਅੱਜ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਸਮਰਥਨ ਵਿੱਚ ਪ੍ਰੈੱਸ ਵਾਰਤਾ ਕੀਤੀ ਗਈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਅੰਮਿ੍ਰਤਸਰ ਪਹੁੰਚ ਕੇ ਭਾਜਪਾ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਸਮਰਥਨ ਦੇ ਨਾਲ-ਨਾਲ ਭਾਜਪਾ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਪਿਊਸ਼ ਗੋਇਲ ਨੇ ਕਿਹਾ ਕਿ ਗੁਰੂ ਕੀ ਨਗਰੀ ਨੇ ਪਿਛਲੇ ਸਮਿਆਂ ਦੌਰਾਨ ਬੜਾ ਸੰਤਾਪ ਹੰਢਾਇਆ ਹੈ ਅਤੇ ਅੰਮਿ੍ਰਤਸਰ ਦੇ ਉੱਜਲ ਭਵਿੱਖ ਦੇ ਲਈ ਇਸ ਵਾਰ ਲੋਕ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।
ਅਟਾਰੀ ਵਿਖੇ ਵਿਸ਼ਾਲ ਰੈਲੀ ਨੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਪ੍ਰਭਾਵ ਵਿੱਚ ਕੀਤਾ ਵਾਧਾ

Published: