ਅੰਮਿ੍ਤਸਰ/ਪੰਜਾਬ ਪੋਸਟ
ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਓਸ ਦੇ ਸਿਹਤ ਪ੍ਰਬੰਧ ਅਤੇ ਸਿਹਤ ਢਾਂਚੇ ਦਾ ਵਧੀਆ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸੇ ਪਹਿਲੂ ਦੀ ਅਹਿਮੀਅਤ ਨੂੰ ਸਮਝਦੇ ਹੋਏ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਆਪਣੀ ਚੋਣ ਮੁਹਿੰਮ ਤਹਿਤ ਸਿਹਤ ਅਤੇ ਮੈਡੀਕਲ ਦੇ ਖੇਤਰ ਨੂੰ ਵੀ ਕਾਫੀ ਅਹਿਮੀਅਤ ਦਿੱਤੀ ਹੈ ਅਤੇ ਇਸ ਸਬੰਧੀ ਵੱਡੇ ਪੱਧਰ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਅੰਮਿ੍ਰਤਸਰ ਨਾਲ ਸਬੰਧਤ ਹੈਲਥ ਕੇਅਰ ਅਤੇ ਮੈਡੀਕਲ ਖੇਤਰ ਦੇ ਨੁਮਾਇੰਦਿਆਂ ਦੇ ਨਾਲ ਉਸਾਰੂ ਗੱਲਬਾਤ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਨੂੰ ਇਸ ਖੇਤਰ ਵਿੱਚ ਅੱਗੇ ਲਿਜਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਸ ਸਾਰੀ ਗੱਲਬਾਤ ਵਿੱਚ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ’ਤੇ ਉਚੇਚਾ ਜ਼ੋਰ ਦਿੱਤਾ ਕਿ ਅੰਮਿ੍ਰਤਸਰ ਦੇ ਕੋਲ ਇਸ ਖੇਤਰ ਵਿੱਚ ਅੱਗੇ ਵਧਣ ਅਤੇ ਸਿਹਤ ਸਹੂਲਤਾਂ ਸਬੰਧੀ ਇੱਕ ਨਵੀਂ ਮਿਸਾਲ ਬਣਨ ਦੀ ਪੂਰੀ ਯੋਗਤਾ ਮੌਜੂਦ ਹੈ। ਅੰਮਿ੍ਰਤਸਰ ਦੇ ਪਹਿਲਾਂ ਤੋਂ ਹੀ ਸਥਾਪਿਤ ਹੈਲਥ ਕੇਅਰ ਢਾਂਚੇ ਵਿੱਚ ਅੱਗੇ ਹੋਰ ਕੀ ਕੁੱਝ ਕੀਤਾ ਜਾ ਸਕਦਾ ਹੈ, ਇਸ ਵਿਸ਼ੇ ਉੱਤੇ ਵੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਆਪਣੇ ਮੈਨੀਫੈਸਟੋ ਦਾ ਹਵਾਲਾ ਦਿੰਦੇ ਹੋਏ, ਇਸ ਖੇਤਰ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਵਿਦੇਸ਼ਾਂ ਵਿੱਚ ਵਸਦਾ ਪੰਜਾਬੀ ਭਾਈਚਾਰਾ ਇਸ ਸਬੰਧੀ ਕੰਮ ਕਰਨ ਲਈ ਤਿਆਰ ਬਰ ਤਿਆਰ ਹੈ ਅਤੇ ਆਪਣਾ ਬਣਦਾ ਯੋਗਦਾਨ ਵਧ-ਚੜ੍ਹ ਕੇ ਪਾਵੇਗਾ। ਦਵਾਈਆਂ ਦੀ ਉਪਲਭਤਾ ਸਬੰਧੀ ਗੱਲਬਾਤ ਕਰਦੇ ਹੋਏ ਸ. ਸੰਧੂ ਨੇ ਕਿਹਾ ਕਿ ਭਾਵੇਂ ਇੱਥੇ ਵੀ ਹਰ ਕਿਸਮ ਦੀਆਂ ਦਵਾਈਆਂ ਮੌਜੂਦ ਹਨ, ਪਰ ਇਨ੍ਹਾਂ ਦੇ ਦਾਇਰੇ ਨੂੰ ਹੋਰ ਵੱਡਾ ਕਰਨ ਦੇ ਮਕਸਦ ਤਹਿਤ ਵਿਦੇਸ਼ਾਂ ਵਿੱਚ ਮੌਜੂਦ ਬਿਹਤਰੀਨ ਦਵਾਈਆਂ ਵੀ ਪ੍ਰਵਾਸੀ ਭਾਈਚਾਰੇ ਦੀ ਬਦੌਲਤ ਹੋਰ ਵੱਡੇ ਪੱਧਰ ਉੱਤੇ ਅੰਮਿ੍ਰਤਸਰ ਵਿੱਚ ਮੁਹੱਈਆ ਹੋਣਗੀਆਂ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਉੱਤੇ ਵੀ ਖਾਸ ਰੌਸ਼ਨੀ ਪਾਈ ਕਿ ਅੰਮਿ੍ਰਤਸਰ ਵਰਗੇ ਵਿਸ਼ਵ ਪ੍ਰਸਿੱਧ ਸ਼ਹਿਰ ਵਿੱਚ ਏਮਜ਼ ਹਸਪਤਾਲ ਵਰਗਾ ਢਾਂਚਾ ਮੌਜੂਦ ਹੋਣਾ ਚਾਹੀਦਾ ਸੀ ਜੋ ਕਿ ਅੱਗੇ ਜਾ ਕੇ ਬਠਿੰਡੇ ਵਿੱਚ ਸਥਾਪਿਤ ਹੋਇਆ ਅਤੇ ਨਾਲ ਦੀ ਨਾਲ ਇਹ ਸਵਾਲ ਵੀ ਉਠਾਇਆ ਕਿ ਸਾਰੀਆਂ ਪ੍ਰਮੁੱਖ ਸੰਸਥਾਵਾਂ ਮਾਲਵੇ ਵਿੱਚ ਹੀ ਸਥਾਪਿਤ ਕਿਵੇਂ ਹੋਈਆਂ ਅਤੇ ਮਾਝਾ ਖੇਤਰ ਦੇ ਆਗੂ ਇਸ ਬੰਨੇ ਪਿਛਲੇ ਸਮੇਂ ਦੌਰਾਨ ਅੰਮਿ੍ਰਤਸਰ ਲਈ ਕੋਈ ਵੱਡਾ ਪ੍ਰਜੈਕਟ ਕਿਉਂ ਨਹੀਂ ਲਿਆ ਸਕੇ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਦਾ ਭਰੋਸਾ ਦਵਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਅੰਮਿ੍ਰਤਸਰ ਦੇ ਲਈ ਕੇਂਦਰੀ ਪੱਧਰ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ ਜਿਸ ਤਹਿਤ ਉਹ ਸਾਰੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ ਜੋ ਪਿਛਲੇ ਸਮੇਂ ਦੌਰਾਨ ਰਹਿ ਗਈਆਂ ਅਤੇ ਨਾਲ ਦੀ ਨਾਲ ਮੈਡੀਕਲ ਖੇਤਰ ਅਤੇ ਸਿਹਤ ਸਹੂਲਤਾਂ ਸਬੰਧੀ ਇੱਕ ਨਵੇਂ ਦੌਰ ਦਾ ਪ੍ਰਬੰਧ ਲੋਕਾਂ ਨੂੰ ਦਿੱਤਾ ਜਾਵੇਗਾ, ਜਿਸ ਤਹਿਤ ਅੰਮਿ੍ਰਤਸਰ ਹੋਰਨਾਂ ਖੇਤਰਾਂ ਦੇ ਲੋਕਾਂ ਲਈ ਵੀ ਸਿਹਤ ਸਹੂਲਤਾਂ ਅਤੇ ਪ੍ਰਬੰਧ ਪੱਖੋਂ ਇੱਕ ਕੇਂਦਰ ਬਣ ਕੇ ਉੱਭਰੇਗਾ।
ਅੰਮਿ੍ਤਸਰ ’ਚ ਸਿਹਤ ਸਹੂਲਤਾਂ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਵਚਨਬੱਧ : ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ

Published: