ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਅਮਰੀਕਾ ਸਮੇਤ ਕਈ ਹੋਰਨਾਂ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਅਤੇ ਪ੍ਰਮੁੱਖ ਪ੍ਰਤਿਨਿਧ ਵਜੋਂ ਸੇਵਾਵਾਂ ਨਿਭਾ ਚੁੱਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਮੌਜੂਦਾ ਸਮੇਂ ਅੰਮਿ੍ਤਸਰ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਉਨਾਂ ਦੀ ਚੋਣ ਮੁਹਿੰਮ ਲਗਾਤਾਰ ਇੱਕ ਵਿਕਾਸ ਪੱਖੀ ਮੁਹਾਂਦਰੇ ਦੇ ਨਾਲ ਅੱਗੇ ਵੱਧ ਰਹੀ ਹੈ ਅਤੇ ਉਨਾਂ ਵੱਲੋਂ ਇਸ ਸਮੁੱਚੇ ਸਮੇਂ ਦੌਰਾਨ ਹਲਕੇ ਦੀ ਜਨਤਾ ਦੇ ਨਾਲ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਉਨਾਂ ਅੱਜ ਅੰਮਿ੍ਤਸਰ ਦੇ ਸਮੁੰਦਰੀ ਹਾਊਸ ਵਿਖੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਨੇਤਾ ਅਤੇ ਪੰਜਾਬ ਸਰਕਾਰ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਲੰਮੇ ਸਮੇਂ ਬਾਅਦ ਦੋਹਾਂ ਆਗੂਆਂ ਦੀ ਦੋਸਤਾਨਾ ਮਾਹੌਲ ਵਿੱਚ ਹੋਈ ਇਸ ਗੱਲਬਾਤ ਵਿੱਚ ਜਿੱਥੇ ਮੌਜੂਦਾ ਲੋਕ ਸਭਾ ਚੋਣਾਂ ਦੇ ਮਾਹੌਲ ਨੂੰ ਲੈ ਕੇ ਚਰਚਾ ਹੋਈ ਉੱਥੇ ਹੀ ਅੰਮਿ੍ਤਸਰ ਵਿੱਚ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਮਿਲ ਰਹੇ ਭਰਵੇਂ ਸਮਰਥਨ ਉੱਤੇ ਵੀ ਤਸੱਲੀ ਦਾ ਪ੍ਰਗਟਾਵਾ ਹੋਇਆ। ਇਸ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਅੰਮਿ੍ਤਸਰ ਲੋਕ ਸਭਾ ਹਲਕੇ ਵਿੱਚ ਚੱਲ ਰਹੀ ਚੋਣ ਪ੍ਰਚਾਰ ਦੀ ਮੁਹਿੰਮ ਅਤੇ ਨਾਲ ਦੀ ਨਾਲ ਇਸ ਪਾਵਨ ਨਗਰੀ ਦੇ ਭਵਿੱਖ ਸਬੰਧੀ ਤਿਆਰ ਨੀਤੀ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ। ਦੋਹਾਂ ਆਗੂਆਂ ਨੇ ਇਸ ਮੌਕੇ ਕੱੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਨਾਲ ਦੀ ਨਾਲ ਭਵਿੱਖ ਦੇ ਚੋਣ ਪ੍ਰੋਗਰਾਮ ਉੱਤੇ ਵੀ ਤਫਸੀਲੀ ਗੱਲਬਾਤ ਕੀਤੀ। ਇਸ ਦਰਮਿਆਨ ਅੰਮਿ੍ਤਸਰ ਦੀ ਭਾਜਪਾ ਇਕਾਈ ਦੇ ਕੁੱਝ ਹੋਰ ਆਗੂ ਵੀ ਏਸ ਖ਼ੁਸ਼ਨੁਮਾ ਮਾਹੌਲ ਦੀ ਗੱਲਬਾਤ ਦੌਰਾਨ ਮੌਜੂਦ ਸਨ।
ਅੰਮਿ੍ਤਸਰ ਦੇ ਸਮੁੰਦਰੀ ਹਾਊਸ ਵਿਖੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਮਨਪ੍ਰੀਤ ਬਾਦਲ ਦਰਮਿਆਨ ਵਿਚਾਰ-ਵਟਾਂਦਰਾ

Published: