ਅੰਮਿ੍ਰਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰ ਦਿੱਤੇ ਹਨ ਅਤੇ ਇਹ ਪ੍ਰਕਿਰਿਆ ਆਪਣੇ ਆਪ ਵਿੱਚ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ। ਖਾਸ ਗੱਲ ਇਹ ਵੀ ਸੀ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵੇਲੇ ਇਸ ਮੌਕੇ ਉਨ੍ਹਾਂ ਨਾਲ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਾਫ਼ਲਾ ਸਵੇਰੇ ਸਾਢੇ ਨੌਂ ਵਜੇ ਸਥਾਨਕ ਨਾਵਲਟੀ ਚੌਕ ਤੋਂ ਰੋਡ ਸ਼ੋਅ ਕਰਦਿਆਂ ਸਾਢੇ ਗਿਆਰਾਂ ਵਜੇ ਜ਼ਿਲ੍ਹਾ ਕਚਹਿਰੀ ਡੀ. ਸੀ. ਦਫ਼ਤਰ ਵਿਖੇ ਪਹੁੰਚਿਆ, ਜਿੱਥੇ ਤਰਨਜੀਤ ਸਿੰਘ ਸੰਧੂ ਨੇ ਬਤੌਰ ਭਾਜਪਾ ਉਮੀਦਵਾਰ ਅੰਮਿ੍ਰਤਸਰ ਲੋਕ ਸਭਾ ਸੀਟ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਦੀ ਨਿਵੇਕਲੀ ਗੱਲ ਇਹ ਸਾਬਤ ਹੋ ਰਹੀ ਹੈ ਕਿ ਉਨਾਂ ਨੇ ਐੱਮ. ਪੀ. ਬਣਨ ਤੋਂ ਪਹਿਲਾਂ ਹੀ ਅੰਮਿ੍ਰਤਸਰ ਦੇ ਵਿਕਾਸ ਅਤੇ ਨੌਜਵਾਨੀ ਨੂੰ ਸਵੈ ਰੁਜ਼ਗਾਰ ਦੇ ਖੇਤਰ ’ਚ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਮਰੀਕਨ ਪ੍ਰਵਾਸੀ ਭਾਈਚਾਰੇ ਤੋਂ 100 ਮਿਲੀਅਨ ਡਾਲਰ ਭਾਵ 830 ਕਰੋੜ ਸਟਾਰਟ-ਅੱਪ (ਰੋਜ਼ਗਾਰ ਪ੍ਰੋਜੈਕਟ) ਸ਼ੁਰੂ ਕਰਾਉਣ ਲਈ ਇਕੱਠੇ ਕਰ ਲਏ ਹਨ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਪਾਵਨ ਧਰਤੀ ਅੰਮਿ੍ਰਤਸਰ ਨੂੰ ਹਰ ਹਾਲ ’ਚ ਨਸ਼ਾ ਮੁਕਤ ਕਰਨ ਲਈ ਅਮਰੀਕਾ ਦੀ ਨਸ਼ਾ ਛਡਾਊ ਦਵਾਈ ਐੱਨ. ਆਰ. ਆਈ. ਭਾਈਚਾਰੇ ਵੱਲੋਂ ਮੁਫਤ ਦੇਣ ਲਈ ਤਿਆਰ ਹੋਵੇਗੀ। ਇਸੇ ਦੌਰਾਨ ਇੱਕ ਹੋਰ ਸਮਾਗਮ ਤਹਿਤ ਸ਼ਾਮ ਵੇਲੇ ਸਭਾ ਦੇ ਪ੍ਰਮੁੱਖ ਬੁਲਾਰੇ ਅਤੇ ਮੁੱਖ ਮਹਿਮਾਨ ਡਾ. ਐੱਸ. ਜੈਸ਼ੰਕਰ ਨੇ ਇੱਕਤਰ ਹੋਏ ਬੁੱਧੀਜੀਵੀਆਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਨਾਂ ਨੇ ਖੇਤਰੀ ਅਤੇ ਰਾਸ਼ਟਰੀ ਮੁੱਦਿਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ।
ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਦਾਖ਼ਲ
Published: