ਅੰਮਿ੍ਰਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਤਰਨਜੀਤ ਸਿੰਘ ਸੰਧੂ ਦਾ ਚੋਣ ਪ੍ਰਚਾਰ ਅਤੇ ਚੋਣ ਮੁਹਿੰਮ ਅੰਮਿ੍ਰਤਸਰ ਦੇ ਉਨਾਂ ਖੇਤਰਾਂ ਤੱਕ ਪਹੁੰਚੀ, ਜਿੱਥੋਂ ਦੇ ਲੋਕ ਵਾਕਈ ਆਪਣੀਆਂ ਸਮੱਸਿਆਵਾਂ ਦੱਸਣ ਲਈ ਸਿਆਸੀ ਆਗੂਆਂ ਦਾ ਰਾਹ ਉਡੀਕ ਰਹੇ ਸਨ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਮਿਸਾਲੀ ਸੇਵਾਵਾਂ ਨਿਭਾ ਚੁੱਕੇ ਤਰਨਜੀਤ ਸਿੰਘ ਸੰਧੂ ਆਪਣੀ ਤਾਜ਼ਾ ਫੇਰੀ ਤਹਿਤ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮਿਲੇ ਅਤੇ ਉਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਨੇੜਿਉਂ ਵੇਖਿਆ ਅਤੇ ਜਾਣਿਆ। ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਵਿਖੇ ਕੂੜੇ ਦੇ ਢੇਰ, ਗੰਦਗੀ ਅਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਝੱਲ ਰਹੇ ਲੋਕਾਂ ਨੇ ਤਰਨਜੀਤ ਸਿੰਘ ਸੰਧੂ ਦੇ ਨਾਲ ਆਪਣੇ ਕੌੜੇ ਤਜ਼ਰਬੇ ਸਾਂਝੇ ਕੀਤੇ। ਤਰਨਜੀਤ ਸਿੰਘ ਸੰਧੂ ਨੇ ਲੋਕਾਂ ਵੱਲੋਂ ਦੱਸੀ ਇਸ ਸਮੱਸਿਆ ਦਾ ਫੌਰੀ ਤੌਰ ਉੱਤੇ ਨੋਟਿਸ ਲਿਆ। ਇਸ ਤੋਂ ਇਲਾਵਾ ਉਨਾਂ ਨੇ ਮਜੀਠਾ ਦੇ ਪਿੰਡ ਦਿਆਲਪੁਰਾ ਵਿਚ ਜ਼ਮੀਨੀ ਪੱਧਰ ਉੱਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਅਤੇ ਇਸੇ ਤਰ੍ਹਾਂ ਉੱਦੋਕੇ ਪਿੰਡ ਵਿਖੇ ਵੀ ਸਰਪੰਚ ਗੁਰਮੇਲ ਸਿੰਘ ਦੀ ਰਿਹਾਇਸ਼ ਵਿਖੇ ਉਨਾਂ ਬੇਹੱਦ ਅਪਣੱਤ ਭਰਪੂਰ ਅੰਦਾਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਠਰੰਮੇ ਨਾਲ ਲੋਕਾਂ ਦੀ ਗੱਲ ਵੀ ਸੁਣੀ।