ਸਰਹਾਲੀ ਕਲਾਂ, ਅੰਮ੍ਰਿਤਸਰ/ਪੰਜਾਬ ਪੋਸਟ
ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਵਿਖੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਸਰਦਾਰ ਤੇਜਾ ਸਿੰਘ ਸਮੁੰਦਰੀ ਜੋ ਸੰਸਥਾਵਾਂ ਦੇ ਬਾਨੀ ਹਨ ਦੀ ਸਾਲਾਨਾ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਫਾਰ ਵੂਮੈਨ, ਖਾਲਸਾ ਪਬਲਿਕ ਸਕੂਲ, ਖਾਲਸਾ ਆਈ ਟੀ ਆਈ , ਖਾਲਸਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨੇ ਇਸ ਸਮਾਗਮ ਵਿੱਚ ਸ਼ਰਧਾ ਨਾਲ ਹਾਜਰੀ ਭਰੀ।ਵਿਦਿਆਰਥੀਆਂ ਦੇ ਜਥਿਆਂ ਵੱਲੋਂ ਇਸ ਮੌਕੇ ਗੁਰਬਾਣੀ ਕੀਰਤਨ ਕੀਤਾ ਗਿਆ। ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਸਾਬਕਾ ਆਈ ਐਫ ਐਸ ਅਧਿਕਾਰੀ ਤਰਨਜੀਤ ਸਿੰਘ ਸਮੁੰਦਰੀ ਜੋ ਇਹਨਾਂ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਟਰੱਸਟੀ ਵੀ ਹਨ ਨੇ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ, ਓਹਨਾਂ ਦੇ ਜੀਵਣ ਪ੍ਰਤੀ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਉਪਰੰਤ ਤਰਨਜੀਤ ਸਿੰਘ ਸਮੁੰਦਰੀ ਨੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਵਿਦਿਆ ਪ੍ਰਾਪਤ ਕਰਨ ਤੇ ਜੋਰ ਦਿੱਤਾ। ਟਰੱਸਟੀ ਹੋਣ ਨਾਤੇ ਓਹਨਾਂ ਕਿਹਾ ਕਿ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਸਕਿਲ ਡਿਵੈਲਪਮੈਂਟ ਦੇ ਵੱਧ ਤੋ ਵੱਧ ਮੌਕੇ ਦੇਣਾ ਓਹਨਾਂ ਦੀ ਪ੍ਰਾਥਮਿਕਤਾ ਹੋਵੇਗੀ। ਓਹਨਾਂ ਵੱਖ ਵੱਖ ਦੇਸ਼ਾਂ ਵਿਚ ਆਪਣੇ ਕਾਰਜਕਾਲ ਦੇ ਤਜਰਬੇ ਵੀ ਬੱਚਿਆਂ ਨਾਲ ਸਾਂਝੇ ਕੀਤੇ।ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਪਰਮਿੰਦਰ ਸਿੰਘ ਸੰਧੂ ਵੱਲੋਂ ਤਰਨਜੀਤ ਸਿੰਘ ਸਮੁੰਦਰੀ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਅਰਜਿੰਦਰ ਕੌਰ ਅਤੇ ਸੰਸਥਾਵਾਂ ਦੇ ਸਮੂਹ ਸਟਾਫ ਨੇ ਹਾਜ਼ਰੀ ਭਰੀ।