(ਲੁਧਿਆਣਾ/ਪੰਜਾਬ ਪੋਸਟ)
ਲੁਧਿਆਣੇ ਲਾਗਲੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਐਨਜੀਓ ਮੈਂਬਰਾਂ ਅਤੇ ਰੰਗਾਈ ਉਦਯੋਗ ਦਰਮਿਆਨ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਅੱਜ “ਕਾਲੇ ਪਾਣੀ ਦਾ ਮੋਰਚਾ” ਜੱਥੇਬੰਦੀ ਦੀ ਟੀਮ ਵੱਲੋਂ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਨੂੰ ਬੰਨ ਮਾਰਨ ਦਾ ਐਲਾਨ ਕੀਤਾ ਗਿਆ ਸੀ। ਇਸ ਉਪਰੰਤ ਤਾਜਪੁਰ ਰੋਡ ਸਥਿਤ ਸੀ.ਈ. ਉੱਤੇ ਛਾਪਾ ਮਾਰਨ ਕਾਰਨ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਏ ਹਨ। ਕਾਲੇ ਪਾਣੀ ਦਾ ਮੋਰਚਾ ਟੀਮ ਵੱਲੋਂ ਅੱਜ ਤਾਜਪੁਰ ਰੋਡ ਸਥਿਤ ਇੱਕ ਫੈਕਟਰੀ ਦਾ ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਦੇ ਜਵਾਬ ‘ਚ ਡਾਇੰਗ ਇੰਡਸਟਰੀ ਨੇ ਵੱਡੀ ਗਿਣਤੀ ‘ਚ ਮੁਲਾਜ਼ਮ ਇਕੱਠੇ ਕਰ ਲਏ ਸਨ। ਇਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਸੀ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਫਿਰੋਜ਼ਪੁਰ ਰੋਡ ਤੋਂ ਵੱਖ-ਵੱਖ ਥਾਵਾਂ ’ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਇਲਾਕੇ ਦੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਲੱਖਾ ਸਿਧਾਣਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਲੁਧਿਆਣਾ ਆਉਣ ਤੋਂ ਰੋਕਣ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਮਾਹੌਲ ਕਾਫੀ ਗਰਮ ਹੁੰਦਾ ਹੋਇਆ ਨਜ਼ਰ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।