ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਵਿੱਚ ਕੌਂਸਲ ਚੋਣਾਂ ਦਾ ਪ੍ਰੋਗਰਾਮ ਹੁਣ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਅਤੇ ਇਸ ਕਾਰਨ ਹੁਣ ਫੇਰ ਤੋਂ ਇਹ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। ਹਾਈ ਕੋਰਟ ਦੇ ਹੁਕਮ ਮੁਤਾਬਕ ਚੋਣਾਂ ਬਾਰੇ ਨੋਟੀਫ਼ੀਕੇਸ਼ਨ ਜਾਰੀ ਨਾ ਕਰਨ ਕਾਰਨ ਮੁੱਖ ਸਕੱਤਰ ਅਤੇ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵਿਰੁੱਧ ਉਲੰਘਣਾ ਦਾਖ਼ਲ ਕੀਤੀ ਗਈ ਸੀ ਅਤੇ 21 ਨਵੰਬਰ ਨੂੰ ਸਰਕਾਰ ਵਲੋਂ ਚੋਣਾਂ ਦੀ ਨੋਟੀਫ਼ੀਕੇਸ਼ਨ ਜਾਰੀ ਕਰਨ ਦਾ ਭਰੋਸਾ ਮਿਲਣ ਉਪਰੰਤ ਹਾਈ ਕੋਰਟ ਨੇ ਰਾਜ ਚੋਣ ਕਮਿਸਨਰ ਰਾਜ ਕਮਲ ਚੌਧਰੀ ਤੇ ਮੁੱਖ ਸਕੱਤਰ ਕੇਏਪੀ ਸਿਨਹਾ ਵਿਰੁੱਧ ਉਲੰਘਣਾ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਗਿਆ ਸੀ। ਦਿੱਤੇ ਗਏ ਭਰੋਸੇ ਮੁਤਾਬਕ 26 ਨਵੰਬਰ ਤੱਕ ਚੋਣ ਪ੍ਰੋਗਰਾਮ ਜਾਰੀ ਕੀਤਾ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ ਏ ਜਿਸ ’ਤੇ ਹੁਣ ਪਟੀਸ਼ਨਰ ਬੇਅੰਤ ਕੁਮਾਰ ਨੇ ਐਡਵੋਕੇਟ ਅੰਗਰੇਜ਼ ਸਿੰਘ ਰਾਹੀਂ ਮੁੜ ਇੱਕ ਅਰਜ਼ੀ ਦਾਖ਼ਲ ਕਰ ਕੇ ਉਲੰਘਣਾ ਪਟੀਸ਼ਨ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਅਰਜ਼ੀ ’ਤੇ ਆਉਂਦੇ ਦਿਨਾਂ ਦੌਰਾਨ ਛੇਤੀ ਸੁਣਵਾਈ ਹੋਣ ਦੀ ਉਮੀਦ ਏ ਜਦਕਿ ਅਦਾਲਤ ਪਹਿਲਾਂ ਹੀ ਸਖਤੀ ਦਾ ਪ੍ਰਗਟਾਵਾ ਕਰ ਚੁੱਕੀ ਹੈ।