ਅੱਜ ਉਹ ਪਰਬਤ ਸਾਜੇਗਾ। ਕੱਲ ਨੂੰ ਝਰਨੇ ਬਣਾਵੇਗਾ। ਪਰਸੋਂ ਮਨੁੱਖਾਂ ਨੂੰ ਘੜੇਗਾ। ਇੱਥੇ ਜਾਨਵਰ ਚਰਨਗੇ। ਉੱਥੇ ਵੰਗਾਂ ਛਣਕਣਗੀਆਂ ਬਸਤੀ ਸਜੇਗੀ। ਦੇਵਤੇ ਉੱਤਰਣਗੇ। ਬਿਲਕੁਲ! ਇਹ ਤਾਂ ਕੋਈ ਰੱਬ ਹੀ ਹੋ ਸਕਦਾ ਹੈ, ਜਿਹੜਾ ਦੁਨੀਆ ਦੀ ਸਿਰਜਣਾ ਕਰ ਰਿਹਾ ਹੋਵੇਗਾ। ਬਣਤਾਂ ਬਣਾ ਰਿਹਾ ਹੋਵੇਗਾ। ਪਰ ਨਹੀਂ, ਇਹ ਤਾਂ ਸਾਧਾਰਨ ਜਿਹਾ ਦਿਖਾਈ ਦਿੰਦਾ ਕੋਈ ਮੁੰਡਾ ਜੈ ਜੋ ਡੂੰਘੇ ਜੰਗਲ ’ਚ ਉੱਤਰ ਕੇ ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ਚੁਗ ਰਿਹਾ। ਇਹ ਬੇ_ਆਬਾਦ ਥਾਵਾਂ ਤੇ ਖੱਤਾਨਾਂ ’ਚ ਕਿਉਂ ਭੌਂਦਾ ਫਿਰਦਾ ਹੈ?
ਕੱਚ ਦਿਆਂ ਇਹਨਾਂ ਟੋਟਿਆਂ, ਪੱਥਰਾਂ, ਚਿੱਪਰਾਂ, ਟੱੁਟੇ ਪਲੇਟਾਂ_ਪਿਆਲਿਆਂ ਨੂੰ ਹੀਰੇ_ਮੋਤੀਆਂ ਵਾਂਗ ਕਿਉਂ ਸਾਂਭ ਰਿਹਾ? ਬੇਕਾਰ ਟੱੁਟ_ਭੱਜ ’ਕੱਠੀ ਕਰ ਕੇ ਇੰਨੀ ਸ਼ਾਹੀ ਤੌਰ ਕਿਉਂ ਤੁਰ ਰਿਹਾ? ਜ਼ਰੂਰ ਕੋਈ ਪਾਗ਼ਲ ਹੋਣਾ। ਆਸੇ-ਪਾਸੇ ਦਾ ਸਾਰਾ ਮਾਹੌਲ ਹੌਲ਼ੀ-ਹੌਲ਼ੀ ਗਾਉਣ ਲੱਗਾ:
ਅਨੋਖਾ, ਨਵਾਬੀ, ਇਕੱਲਾ ਤੇ ’ਕਹਿਰਾ
ਨਿਰਭਉ ਜ਼ਮੀਂ ਨੂੰ ਦਰੱਖ਼ਤਾਂ ਦਾ ਪਹਿਰਾ
ਧੱੁਪਾਂ ਤੇ ਧੂੜਾਂ ਤੇ ਡਲ਼ੀਆਂ ਦਾ ਚੇਲਾ
ਉਹ ਫੁੱਲਾਂ, ਫ਼ਕੀਰਾਂ, ਹਵਾਵਾਂ ਦਾ ਮੇਲਾ।
ਰੋੜਾਂ_ਠੀਕਰੀਆਂ ਦੇ ਸ਼ਹਿਨਸ਼ਾਹ ਬਾਬਾ ਨੇਕ ਚੰਦ ਲਈ ਹਮੇਸ਼ਾ ਆਪ_ਮੁਹਾਰੇ ਪਿਆਰ ਤੇ ਸਤਿਕਾਰ ਉਪਜਿਆ ਹੈ। ਖ਼ਿਆਲਾਂ ਦਾ ਸੁਹਜ ਪੋਟਿਆਂ ’ਚ ਉਤਾਰ ਕੇ ਸਾਲਾਂ_ਬੱਧੀ ਅਣਥੱਕ ਮਿਹਨਤ ਕਰਦਾ ਰਿਹਾ ਬਾਬਾ। ਫਾਲਤੂ ਸਮਝ ਕੇ ਸੁੱਟਿਆਂ ਚੀਜ਼ਾਂ ਨੂੰ ਦੁਬਾਰਾ ਸਾਹ ਲੈਣ ਲਾ ਦਿੱਤਾ।
ਭਾਂਤ-ਭਾਂਤ ਦੇ ਐਸੇ ਰੰਗੀਨ ਨਕਸ਼ੇ ਖਿੱਚ ਕੇ ਧਰਤੀ ’ਤੇ ਸੁਰਗ ਬਣਾ ਦਿੱਤਾ। ਰਾਕ ਗਾਰਡਨ ਹੋਂਦ ਵਿੱਚ ਆ ਗਿਆ। ਉਸ ਨਾਲ ਜੁੜਿਆਂ ਨਿੱਕੀਆਂ ਘਟਨਾਵਾਂ ਵੀ ਇਤਿਹਾਸ ਬਣ ਗਈਆਂ।
ਬਾਬਾ ਦੱਸਦਾ ਹੁੰਦਾ ਸੀ ਕਿ ਰਾਕ ਗਾਰਡਨ ਵਾਲੀ ਜਗ੍ਹਾ ਬਿਲਕੁਲ ਉਜਾੜ ਹੁੰਦੀ ਸੀ। ਹਰ ਵੇਲੇ ਸੱਪ_ਸਲੂਰੀ ਲੜਨ ਦਾ ਪੂਰਾ ਖ਼ਤਰਾ ਬਣਿਆ ਰਹਿੰਦਾ ਸੀ। ਫਿਰ ਵੀ ਜਿਵੇਂ_ਕਿਵੇਂ ਕੁਦਰਤ ਨੇ ਇਹ ਕੰਮ ਕਰਵਾ ਹੀ ਲਿਆ। ਉਸ ਨੇ ਰਾਤਾਂ ਦੀ ਨੀਂਦ ਝਰਨਿਆਂ ’ਚ ਵਹਾ ਦਿੱਤੀ। ਟੁੱਟੀਆਂ ਹੋਈਆਂ ਵੰਗਾਂ ਉੱਤੇ ਉਸ ਦੇ ਖ਼ਾਬ ਨੱਚਦੇ ਰਹਿੰਦੇ। ਪ੍ਰੋ: ਮਹਿੰਦਰ ਸਿੰਘ ਰੰਧਾਵਾ ਨੇ ਪੱਥਰਾਂ ਦੀ ਇਸ ਅਲੌਕਿਕ ਨਗਰੀ ਨੂੰ ‘ਰਾਕ ਗਾਰਡਨ’ ਦਾ ਨਾਂ ਦਿੱਤਾ ਸੀ। ਪੱਥਰਾਂ ਦੀ ਗੱਲ ਛਿੜੀ ਹੈ ਤਾਂ ਕਿੰਨੀਆਂ ਗੱਲਾਂ ਪੱਥਰਾਂ ਦੀ ਉਂਗਲ ਪਕੜ ਕੇ ਪਿੱਛੇ-ਪਿੱਛੇ ਆ ਗਈਆਂ। ਕਿੰਨੇ ਬੇਬਾਕ, ਆਜ਼ਾਦ ਤੇ ਸ਼ਾਹਾਨਾ ਹੁੰਦੇ ਨੇ ਇਹ ਪੱਥਰ। ਯੱੁਗਾਂ ਦਾ ਪੈਂਡਾ ਤੈਅ ਕਰਦੇ ਹੋਏ ਪਤਾ ਨਹੀਂ ਕਿੱਥੋਂ ਕਿੱਥੇ ਪੁੱਜ ਜਾਂਦੇ ਨੇ। ਜਦੋਂ ਮਨੁੱਖ ਨੇ ਹਾਲ ਲਿਖਣਾ ਨਹੀਂ ਸੀ ਸਿੱਖਿਆ, ਉਜ ਉਹਨਾਂ ਪੱਥਰਾਂ ਨੂੰ ਢੂੰਡਦਾ ਫਿਰਦਾ ਰਹਿੰਦਾ ਸੀ, ਜਿਹੜੇ ਉਸਦੀਆਂ ਭਾਵਨਾਵਾਂ ਨਾਲ਼ ਮੇਲ਼ ਖਾਂਦੇ ਹੰੁਦੇ ਸੀ। ਮਤਲਬ ਜਿਸ ਤਰ੍ਹਾਂ ਦੀ ਉਸ ਵੇਲੇ ਉਹਨਾਂ ਦੇ ਮਨ ਦੀ ਹਾਲਤ ਹੁੰਦੀ, ਉਸ ਤਰ੍ਹਾਂ ਦੇ ਰੰਗ-ਰੂਪ ਵਾਲਾ ਉਹ ਪੱਥਰ ਲੱਭ ਲੈਂਦੇ।
ਲੱਭਣ ਤੋਂ ਬਾਅਦ ਆਪਣੇ ਕਿਸੇ ਸੰਗੀ-ਸਾਥੀ ਨੂੰ ਦੇ ਦਿੰਦੇ। ਅਗਲਾ ਬੰਦਾ ਪੱਥਰ ਦੇ ਰੰਗ, ਆਕਾਰ, ਭਾਰ ਅਤੇ ਖੁਰਦਰੇ ਜਾਂ ਕੂਲੇਪਣ ਤੋਂ ਪੱਥਰ ਦੇਣ ਵਾਲੇ ਦੀਆਂ ਭਾਵਨਾਵਾਂ ਨੂੰ ਸਮਝ ਲੈਂਦਾ। ਇਹਨਾਂ ਨੂੰ ਪੱਥਰ ਦੇ ਖ਼ਤ ਕਿਹਾ ਜਾਂਦਾ। ਇਹਨਾਂ ਹੀ ਪੱਥਰਾਂ ਨੇ ਮਨੁੱਖਤਾ ਨੂੰ ਅੱਗ ਦੀ ਪਹਿਲੀ ਚੰਗਿਆੜੀ ਦਿੱਤੀ, ਜਿਸ ਉੱਤੇ ਅਸੀਂ ਅੱਜ ਵੀ ਰੋਟੀਆਂ ਸੇਕਦੇ ਹਾਂ। ਪੱਥਰਾਂ ਦੀ ਆਪਣੀ ਇੱਕ ਸਲਤਨਤ ਹੁੰਦੀ ਹੈ। ਗੋਲ਼ ਅਤੇ ਕੂਲ਼ੇ ਪੱਥਰਾਂ ਉੱਤੇ ਕਈ ਸਦੀਆਂ ਦੀ ਗੰਢ ਬੱਝੀ ਹੁੰਦੀ ਹੈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਨੂੰ ਕਿੰਨੀਆਂ ਕੁ ਹਵਾਵਾਂ ਨੇ ਰੰਦਿਆ ਤੇ ਕਿੰਨੇ ਕੁ ਪਾਣੀਆਂ ਨੇ ਇਸ ਨੂੰ ਇਸ ਤਰ੍ਹਾਂ ਗੋਲ਼ ਕਰਨ ਲਈ ਆਪਣੀ ਵਾਹ ਲਾਈ ਹੈ।
ਸਮਿਆਂ ਦੇ ਸੂਚਕ ਇਹ ਪੱਥਰ ਮਹਾਨ ਕਿਤਾਬਾਂ ਤੋਂ ਘੱਟ ਨਹੀਂ ਹੁੰਦੇ।
ਐਵੇਂ ਕਿਤੇ ਇਕੱਲੇ ਬਹਿ ਕੇ, ਹੱਥ ਵਿੱਚ ਫੜ੍ਹੇ ਨਿੱਕੇ-ਨਿੱਕੇ ਪੱਥਰਾਂ ਨੂੰ ਪਲੋਸੀ ਜਾਣਾ, ਵਕਤ ਬਰਬਾਦੀ ਨਹੀਂ ਹੁੰਦਾ। ਕੁਦਰਤ ਪੱਥਰਾਂ ਉੱਤੇ ਗੁੱਝੀਆਂ ਗੱਲਾਂ ਲਿਖਦੀ ਹੈ, ਜਿਨਾਂ ਨੂੰ ਬਾਬਾ ਨੇਕ ਚੰਦ ਵਰਗਾ ਹੀ ਕੋਈ ਪੜਦੈ। ਕੋਈ ਵੀ ਸਿਰਜਣਾ ਇੱਕ ਨਿੱਕੇ ਜਿਹੇ ਰੰਗ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦਾ ਮੁਕਾਅ ਕਿੱਥੇ ਹੋਣਾ ਇਸ ਦੀ ਥਾਹ ਪਾਉਣਾ ਮੁਸ਼ਕਿਲ ਹੈ। ਜਦ ਟੱੁਟੇ-ਭੱਜੇ ਪੱਥਰਾਂ ਦੀ ਇੱਕ ਝੋਲੀ, ਪੂਰਾ ਰਾਕ ਗਾਰਡਨ ਬਣ ਸਕਦੀ ਹੈ ਤਾਂ ਕੁਝ ਵੀ ਸੰਭਵ ਹੈ। ਟੇਕ ਲੱਗੀ ਵਾਲੇ ਬੰਦੇ ਵੀ ਕੀ ਕੁਝ ਕਰ ਜਾਂਦੇ ਨੇ। ਜੀਵਣ ਮੇਰੇ ਦੇਸ਼ ਦੇ ਐਸੇ ਕਲਾਕਾਰ! ਇਹੀ ਸੱਚੀ ਕਲਾਕਾਰੀ ਹੁੰਦੀ ਹੈ। ਇਹੀ ਧਰਮ ਹੁੰਦਾ ਹੈ।
ਧਰਮ ਦਾ ਮਤਲਬ ਮਹਿਜ਼ ਸਿਰਾਂ ’ਤੇ ਰੁਮਾਲਾਂ ਬੰਨ ਕੇ ਮੰਦਰਾਂ_ਗੁਰੂਘਰਾਂ ’ਚ ਜਾਣਾ ਨਹੀਂ। ਜਿਨ੍ਹਾਂ ਨੇ ਧਰਮ ਪੁਗਾਉਣਾ ਹੁੰਦੈ ਉਹ ਪਾਣੀ ਦੀ ਵਗਦੀ ਧਾਰ ਦੇਖ ਕੇ ਵੀ ਪੁਗਾ ਲੈਂਦੇ ਨੇ। ਧਰਮ ਆਪਣੇ ਕੰਮਾਂ ਤੇ ਹਰਕਤਾਂ ’ਚੋਂ ਉੱਗ ਆਉਦਾ। ਬਾਬੇ ਨੇਕ ਚੰਦ ਦੀ ਸੁਹਿਰਦਤਾ ਤੇ ਸਹਿਜਤਾ ਨੂੰ ਸਲਾਮ। ਐਸੇ ਬੰਦੇ ਦੇ ਵਿਹੜੇ ਤਾਂ ਧੁੱਪਾਂ ਵੀ ਸ਼ੀਸ਼ਿਆਂ ਜੜੀਆਂ ਉੱਤਰਦੀਆਂ ਹੋਣੀਆਂ। ਆਓ ਇਸ ਲਾਸਾਨੀ ਪਿੰਡ ਦਾ ਫੇਰਾ ਦਾ ਜ਼ਰੂਰ ਪਾਈਏ। ਬਾਬੇ ਨੇਕ ਚੰਦ ਜੀ ਦੀਆਂ ਪੈੜਾਂ ਲੱਭੀਏ। ਅੱਜ ਉਹ ਪਰਬਤ ਸਾਜੇਗਾ। ਕੱਲ ਨੂੰ ਝਰਨੇ ਬਣਾਵੇਗਾ। ਪਰਸੋਂ ਮਨੁੱਖਾਂ ਨੂੰ ਘੜੇਗਾ।
-ਹਰਮਨਜੀਤ ਸਿੰਘ