ਲਾਇਬ੍ਰੇਰੀ ਵਾਲਿਆਂ ਵਲੋਂ ਬਾਲਗਾਂ ਦੀ ਪੜ੍ਹਾਈ ਲਈ ਰਾਤਰੀ ਪਾਠਸ਼ਾਲਾ ਖੋਲ੍ਹਣ ਦੀ ਢਿੱਲ ਸੀ ਕਿ ਇੱਧਰੋਂ ਉੱਧਰੋਂ ਅਨਪੜ੍ਹ ਨੌਜਵਾਨ ਪੜ੍ਹਨ ਲਈ ਖੁੰਮਾਂ ਵਾਂਗੂੰ ਨਿਕਲ ਆਏ। ਬਨਵਾਰੀ ਉਨ੍ਹਾਂ ਨੌਜਵਾਨਾਂ ਵਿੱਚੋਂ ਸੀ, ਜਿਨ੍ਹਾਂ ਪਹਿਲੇ ਦਿਨ ਹੀ ਆਪਣਾ ਨਾਂ ਲਿਖਾ ਦਿੱਤਾ ਸੀ। ਭਾਵੇਂ ਉਸ ਨੂੰ ਦੋ ਮੀਲ ਦੂਰ ਕੁਨੀਦਪੁਰੋਂ ਆਉਣਾ ਪੈਂਦਾ, ਪਰ ਫਿਰ ਵੀ ਉਹ ਸਾਰੇ ਦਿਨ ਦੇ ਚਲਾਏ ਹਲ ਦੇ ਥਕੇਵੇਂ ਨੂੰ ਮਾਸੂਸ ਕੀਤੇ ਬਿਨਾਂ ਰਾਤੀਂ ਆਮ ਤੌਰ ਤੇ ਠੀਕ ਸਮੇਂ ਸਿਰ ਲਾਇਬ੍ਰੇਰੀ ਵਿੱਚ ਆ ਪਹੁੰਚਦਾ ਸੀ। ਆਮ ਲੋਕਾਂ ਦਾ ਖਿਆਲ ਸੀ ਕਿ ਦਸਾਂ ਤੋਂ ਵੱਧ ਮੁੰਡੇ ਕਦੀ ਵੀ ਨਹੀਂ ਹੋਣੇ ਪਰ ਜਿਉਂ ਜਿਉਂ ਨੌਜਵਾਨਾਂ ਦੀ ਗਿਣਤੀ ਵਧਦੀ ਵਧਦੀ ਚਾਲ੍ਹੀ ਤੱਕ ਅਪੜ ਗਈ ਤਾਂ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ਸਾਰਿਆਂ ਅਨਪੜ੍ਹ ਕਿਸਾਨਾਂ ਤੇ ਹਰੀਜਨਾਂ ਦੇ ਅਣਚਿਤਰੇ ਤੇ ਸਿਧ-ਪਧਰੇ ਮੂੰਹਾਂ ਅਤੇ ਦਿਲੀ ਸ਼ੱਕ ਤੋਂ ਇਵੇਂ ਭਾਸਦਾ ਸੀ, ਜਿਵੇਂ ਉਨ੍ਹਾਂ ਦੀਆਂ ਪੜ੍ਹਾਈ ਲਈ ਘੂਕ ਸੁੱਤੀਆਂ ਸੱਧਰਾਂ ਮੌਕਾ ਮਿਲਣ ਸਾਰ ਬੁੰਬ ਦੇ ਕੇ ਫੱੁਟ ਪਈਆਂ ਹਨ।
ਬਨਵਾਰੀ ਮਾਸਟਰ ਦੀ ਹਰ ਗਲ ਬੜੇ ਗਹੁ ਨਾਲ ਸੁਣਦਾ ਅਤੇ ਕਦੀ ਕਦੀ ਕੋਈ ਸੁਆਲ ਵੀ ਪੁੱਛ ਲੈਂਦਾ, ਖਾਸ ਕਰ ਕੇ ਸ਼ਨਿੱਚਰਵਾਰ ਵਾਲੇ ਦਿਨ, ਜਦੋਂ ਉਨ੍ਹਾਂ ਨੂੰ ਆਮ ਵਾਕਫੀਅਤ ਦੇਣ ਵਾਸਤੇ ਭਾਰਤ ਦੇ ਜ਼ਰੂਰੀ ਮਸਲਿਆਂ ਜਾਂ ਬਾਹਰ ਦੇ ਮੁਲਕਾਂ ਵਿੱਚ ਪਈਆਂ ਗੁੰਝਲਾਂ ਨੂੰ ਸੁਲਝਾਉਣ ਬਾਬਤ ਲੈਕਚਰ ਦਿੱਤੇ ਜਾਂਦੇ। ਬਨਵਾਰੀ ਦਾ ਪੜ੍ਹਾਈ ਵੱਲ ਝੁਕਾ ਤੇ ਖਾਸ ਕਰ ਕੇ ਲੈਕਚਰਾਂ ਵੱਲ ਉਚੇਰਾ ਧਿਆਨ ਅਤੇ ਸਿਆਣਪ ਭਰਪੂਰ ਬਹਿਸ ਕਰਨ ਦਾ ਢੰਗ ਦੇਖ ਕੇ, ਕਈ ਵਾਰੀ ਉਨ੍ਹਾਂ ਦਾ ਮਾਸਟਰ ਸੋਚਦਾ, ਕਿ ਜੇ ਕਦੀ ਬਨਵਾਰੀ ਨੂੰ ਬਚਪਨ ਤੋਂ ਹੀ ਲਗਾਤਾਰ ਵਿੱਦਿਆ ਦਿੱਤੀ ਜਾਂਦੀ, ਤਾਂ ਅੱਜ ਉਹਨੇ ਇਸ ਇਲਾਕੇ ਦੇ ਆਗੂਆਂ ਵਿੱਚੋਂ ਹੋਣਾ ਸੀ। ਬਨਵਾਰੀ ਪਿੰਡ ਵਿੱਚ ਕਿਸੇ ਕੋਲ ਘੜੀ ਨਾ ਹੋਣ ਕਾਰਨ, ਸੂਰਜ ਡੁੱਬਣ ਸਾਰ ਹੀ ਘਰੋਂ ਟੁਰ ਪੈਂਦਾ ਤੇ ਸ਼ਨਿੱਚਰਵਾਰ ਵਾਲੇ ਦਿਨ ਤਾਂ ਉਹ ਹਮੇਸ਼ਾਂ ਪੰਦਰਾਂ ਵੀਹ ਮਿੰਟ ਪਹਿਲਾਂ ਪਹੁੰਚਦਾ, ਭਾਵੇਂ ਉਹਨੂੰ ਉਸ ਦਿਨ ਠੰਡੀ-ਠਾਰ ਹੋ ਚੁੱਕੀ ਰੋਟੀ ਮੁੜ ਕੇ ਹੀ ਕਿਉਂ ਨਾ ਖਾਣੀ ਪੈਂਦੀ ।
ਬਨਵਾਰੀ ਦੀ ਹਿੰਮਤ ਨਾਲ ਹੁਣ ਉਨ੍ਹਾਂ ਦੇ ਪਿੰਡ ਦੇ ਕੋਈ ਸੱਤ ਅੱਠ ਕਿਸਾਨ ਨੌਜਵਾਨ ਉਹਦੇ ਨਾਲ ਪੜ੍ਹਨ ਆਉਂਦੇ ਬਨਵਾਰੀ ਵਲ ਦੇਖ ਦੇਖ ਉਨ੍ਹਾਂ ਦਾ ਵੀ ਇਤਨੀ ਵੱਡੀ ਉਮਰ ਵਿੱਚ ਪੜ੍ਹਨ ਦਾ ਝੱਕ ਹੌਲੀ ਹੌਲੀ ਜਾਂਦਾ ਰਿਹਾ ਸੀ ਤੇ ਹੁਣ ਉਹ ਬਨਵਾਰੀ ਦੇ ਜੁੱਟ ਸਨ। ਜੋ ਗੱਲ ਬਨਵਾਰੀ ਉਨ੍ਹਾਂ ਨੂੰ ਕਹਿੰਦਾ, ਸਾਰੇ ਦੇ ਸਾਰੇ ਮੰਨ ਜਾਂਦੇ ਤੇ ਉਵੇਂ ਹੀ ਕਰਦੇ। ਭਾਵੇਂ ਬਨਵਾਰੀ ਪਹਿਲਾਂ ਵੀ ਕੁਸ਼ਤੀਆਂ ਅਤੇ ਕਬੱਡੀਆਂ ਵਿੱਚ ਹਮੇਸ਼ਾਂ ਜਿੱਤਣ ਕਰਕੇ ਸਾਰੇ ਨੌਜਵਾਨਾਂ ਦਾ ਆਗੂ ਸੀ, ਪਰ ਹੁਣ ਤਾਂ ਰੋਜ਼ ਨਵੀਆਂ ਖਬਰਾਂ ਦੱਸਣ ਕਰਕੇ ਉਹਦੀ ਵੱਡੀ ਉਮਰ ਦੇ ਕਿਸਾਨਾਂ ਵਿੱਚ ਵੀ ਧਾਂਕ ਬੱਝ ਗਈ ਸੀ ।
ਕੁਨੀਦਪੁਰ ਦੇ ਸਾਰੇ ਦੇ ਸਾਰੇ ਵਸਨੀਕ ਸੇਠ ਬਿਹਾਰੀ ਲਾਲ ਦੇ ਮੁਜ਼ਾਰੇ ਸਨ, ਕਿਉਂਕਿ ਸਾਰੇ ਦਾ ਸਾਰਾ ਪਿੰਡ ਸੇਠ ਦਾ ਸੀ, ਜਿਸ ਹਰ ਮਜ਼ਾਰੇ ਨੂੰ ਅੱਗੋਂ ਤੀਹ ਤੀਹ ਪੈਂਤੀ ਬਿੱਘੇ ਜ਼ਮੀਨ ਵੰਡੀ ਹੋਈ ਸੀ। ਪਿੰਡ ਵਿੱਚ ਪਹਿਲਾਂ ਤਾਂ ਮਸਾਂ ਕੋਈ ਚਾਲ੍ਹੀ ਘਰ ਸਨ, ਪਰ ਹੁਣ ਕੁਝ ਪੜ੍ਹੇ ਲਿਖੇ ਨੌਜਵਾਨਾਂ ਵਲੋਂ ਕਿਸਾਨਾਂ ਵਿੱਚ ਜਾਗਰਤ ਲਿਆਉਣ ਕਾਰਨ ਸੇਠ ਨੇ ਇੱਕ ਦੋ ਹੋਰ ਘਰ ਵਸਾ ਛੱਡੇ ਸਨ, ਜਿਹੜੇ ਹਰ ਸਮੇਂ ਸੇਠ ਹੋਰਾਂ ਨੂੰ ਸੂਹ ਪਹੁੰਚਾਂਦੇ ਰਹਿੰਦੇ।
ਭਾਵੇਂ ਬਨਵਾਰੀ ਦੀ ਦਿਲਚਸਪੀ ਸ਼ਨਿੱਚਰਵਾਰ ਦੇ ਲੈਕਚਰਾਂ ਵਿੱਚ ਅੱਗੇ ਹੀ ਘੱਟ ਨਹੀਂ ਸੀ, ਪਰ ਜਦੋਂ ਤੋਂ ਉਨ੍ਹਾਂ ਦੇ ਮਾਸਟਰ ਰੂਸ ਬਾਬਤ ਗਲਾਂ ਸੁਨਾਣੀਆਂ ਸ਼ੁਰੂ ਕੀਤੀਆਂ ਸਨ, ਬਨਵਾਰੀ ਦਾ ਸ਼ੌਂਕ ਦੂਣਾ ਤੀਣਾ ਹੋ ਗਿਆ। ਉਨ੍ਹਾਂ ਨੂੰ ਇੱਕ ਰਾਤ ਮਾਸਟਰ ਨੇ ਦੱਸਿਆ ‘‘ਰੂਸ ਵਿੱਚ ਕੋਈ ਭੁੱਖਾ ਨਹੀਂ ਰਹਿੰਦਾ, ਹਰ ਇੱਕ ਨੂੰ ਰੱਜਵੀਂ ਰੋਟੀ ਮਿਲਦੀ ਹੈ। ਉੱਥੇ ਨਾ ਤਾਂ ਕੋਈ ਅਜਿਹਾ ਨਿਕੰਮਾ ਬੈਠ ਕੇ ਖਾਣ ਵਾਲਾ ਸੇਠ ਹੈ, ਜਿਸ ਦੀ ਜ਼ਮੀਨ ਹਜ਼ਾਰਾਂ ਬਿੱਘੇ ਹੋਵੇ ਅਤੇ ਜੋ ਕਈ ਕਾਮਿਆਂ ਦੀ ਮਿਹਨਤ ਤੇ ਡਕਾਰ ਮਾਰੇ ਅਤੇ ਨਾ ਹੀ ਕੋਈ ਅਜਿਹਾ ਲੱਖ-ਪਤੀ ਹੈ, ਜੋ ਸੂਦ ਤੇ ਹੀ ਸਾਰੀ ਉਮਰ ਐਸ਼ ਕਰਦਾ ਰਹੇ। ਉੱਥੇ ਹਰ ਇੱਕ ਇਨਸਾਨ ਕੰਮ ਕਰਨਾ ਆਪਣਾ ਪਹਿਲਾ ਫਰਜ਼ ਸਮਝਦਾ ਹੈ। ਇਸੇ ਤਰ੍ਹਾਂ ਜਦ ਤੱਕ ਭਾਰਤ ਦੇ ਗਰੀਬ ਕਿਸਾਨਾਂ ਲਈ ਕੋਈ ਪੱਕਾ ਹੱਲ ਨਹੀਂ ਲੱਭਿਆ ਜਾਂਦਾ, ਉੱਨ੍ਹਾ ਚਿਰ ਭਾਰਤ ਦੇ ਵਸਨੀਕ ਅਜ਼ਾਦ ਹੋ ਜਾਣ ਤੇ ਵੀ ਖੁਸ਼ਹਾਲ ਨਹੀਂ ਹੋ ਸਕਦੇ। ਇਹ ਖੁਸ਼ੀ ਦੀ ਗੱਲ ਹੈ, ਕਿ ਕਸ਼ਮੀਰ ਦੀ ਹਕੂਮਤ ਨੇ ਵੱਡੇ ਵੱਡੇ ਜਿਮੀਂਦਾਰਾਂ ਪਾਸ ਥੋੜੀ ਜਹੀ ਜ਼ਮੀਨ ਰਹਿਣ ਦਿੱਤੀ ਹੈ ਅਤੇ ਬਾਕੀ ਜ਼ਮੀਨ ਹੱਲ ਚਲਾਉਣ ਵਾਲਿਆਂ ਕਿਸਾਨਾਂ ਵਿੱਚ ਵੰਡ ਦਿੱਤੀ ਹੈ, ਤਾਂ ਜੋ ਹਰਾਮ ਦੀ ਖਾਣ ਵਾਲਿਆਂ ਵੱਡੀਆਂ ਗੋਗੜਾਂ ਵਾਲੇ ਜ਼ਿਮੀਂਦਾਰਾਂ ਦੀ ਸ਼੍ਰੇਣੀ ਨੂੰ ਹਮੇਸ਼ਾਂ ਲਈ ਖਤਮ ਕਰ ਦਿੱਤਾ ਜਾਏ।’’
ਇਸ ਲੈਕਚਰ ਨੇ ਬਨਵਾਰੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਭਾਵੇਂ ਉਹ ਸੁਣ ਤੇ ਮਾਸਟਰ ਦਾ ਲੈਕਚਰ ਰਿਹਾ ਸੀ, ਪਰ ਅੰਦਰੋਂ ਉਹ ਆਪਣੇ ਕਿਸਾਨਾਂ ਦੀ ਹਾਲਤ ਤੇ ਸੇਠ ਬਿਹਾਰੀ ਲਾਲ ਦੀ ਕਿਸਾਨਾਂ ਦੇ ਖੂਨ ਨੂੰ ਚੂਸ ਕੇ ਬਣਾਈ ਅਮੀਰੀ-ਸ਼ਾਨ ਬਾਬਤ ਹੀ ਸੋਚਦਾ ਰਿਹਾ। ਅੱਜ ਉਹਨੂੰ ਪਹਿਲੀ ਵਾਰ ਪਤਾ ਲੱਗਾ ਕਿ ਦੁਨੀਆਂ ਦੇ ਕਿਸੇ ਦੇਸ਼ ਵਿੱਚ ਕਿਸਾਨ ਵੀ ਰੱਜਵੀਂ ਰੋਟੀ ਖਾਂਦੇ ਹਨ ਅਤੇ ਭਾਰਤ ਵਿੱਚ ਵੀ ਉਹਨਾਂ ਦੇ ਭਰਾਵਾਂ ਲਈ ਕੋਈ ਹੱਲ ਲੱਭਿਆ ਜਾ ਰਿਹਾ ਹੈ। ਜਦੋਂ ਉਸ ਨੇ ਇਹ ਗੱਲਾਂ ਪਿੰਡ ਆ ਸੁਣਾਈਆਂ ਤਾਂ ਸਾਰੇ ਹੈਰਾਨ ਰਹਿ ਗਏ। ਪਹਿਲਾਂ ਕਈਆਂ ਤਾਂ ਕਸ਼ਮੀਰ ਬਾਬਤ ਦੱਸੇ ਸੁਧਾਰਾਂ ਤੇ ਯਕੀਨ ਹੀ ਨਾ ਕੀਤਾ ਪਰ ਫਿਰ ਦੂਜੇ ਦਿਨ ਜਦੋਂ ਬਨਵਾਰੀ ਨੇ ਲਾਇਬ੍ਰੇਰੀਓਂ ਲਿਆਂਦੀ ਅਖਬਾਰ ਵਿੱਚੋਂ ਪੜ੍ਹ ਕੇ ਸੁਣਾਇਆ ਤਾਂ ਸਾਰਿਆਂ ਦੇ ਮੂੰਹ ਵਿੱਚ ਪਾਣੀ ਆ ਗਿਆ ਕਿ ਕਦੀ ਸਾਡੇ ਸੂਬੇ ਵਿੱਚ ਵੀ ਜ਼ਮੀਨਾਂ ਦਾ ਸੁਧਾਰ ਕੀਤਾ ਜਾਏ ਤਾਂ ਕਿਤਨਾ ਚੰਗਾ ਹੋਵੇ ਤੇ ਉਹ ਸਾਰੇ ਦੇ ਸਾਰੇ ਜ਼ਮੀਨਾਂ ਦੇ ਮਾਲਕ ਹੋ ਜਾਣ।
ਬਨਵਾਰੀ ਨੂੰ ਸੱਤਰ ਸਾਲ ਦੇ ਨੱਥੂ ਤੋਂ ਇਹ ਪਤਾ ਲੱਗਾ ਕਿ ਪਹਿਲਾਂ ਇਸ ਪਿੰਡ ਦੇ ਸਾਰੇ ਵਸਨੀਕ, ਆਪਣੀ – ਆਪਣੀ ਜ਼ਮੀਨ ਦੇ ਮਾਲਕ ਸਨ, ਪਰ ਕੋਈ ਪੰਜਾਹ ਸਾਲ ਹੋਏ ਜਦੋਂ ਹੜ੍ਹ ਆ ਜਾਣ ਅਤੇ ਮੱਕੜੀ ਆਉਣ ਕਾਰਨ ਉਸ ਸਾਲ ਦੀਆਂ ਦੋਵੇਂ ਦੀਆਂ ਦੋਵੇਂ ਫਸਲਾਂ ਬਿਲਕੁਲ ਬਰਬਾਦ ਹੋ ਗਈਆਂ ਤੇ ਫਿਰ ਉੱਪਰੋਂ ਸਰਕਾਰੀ ਲਗਾਨ ਦੇਣ ਦਾ ਸਮਾਂ ਆ ਗਿਆ। ਲੋਕੀ ਅੱਗੇ ਹੀ ਇਤਨੇ ਲਾਚਾਰ ਸਨ, ਕਿ ਉਨ੍ਹਾਂ ਪਾਸ ਖਾਣਾ ਜਮ੍ਹਾਂ ਨਹੀਂ ਸੀ। ਲਗਾਨ ਕਿੱਥੋਂ ਦਿੰਦੇ। ਆਖਰ ਉਨ੍ਹਾਂ ਸਾਰਿਆਂ ਸੇਠ ਬਿਹਾਰੀ ਲਾਲ ਦੇ ਪਿਉ ਦੀਆਂ ਮਿੰਨਤਾਂ ਕਰ ਕੇ ਉਸ ਨੂੰ ਇਸ ਗੱਲ ਤੇ ਬੜੀ ਮੁਸ਼ਕਿਲ ਨਾਲ ਰਾਜ਼ੀ ਕੀਤਾ ਕਿ ਸਾਰੇ ਦੇ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਸੇਠ ਦੇ ਨਾਂ ਕਰਵਾ ਦੇਣਗੇ, ਜੇ ਉਹ ਸਾਰਿਆਂ ਦਾ ਲਗਾਨ ਸਰਕਾਰ ਨੂੰ ਦੇ ਦੇਵੇ। ਇਹ ਸੁਣਦੇ ਸਾਰ ਬਨਵਾਰੀ ਦਾ ਖੂਨ ਖੌਲਿਆ ਤੇ ਕੁੱਝ ਦਿਨਾਂ ਅੰਦਰ ਹੀ ਬਨਵਾਰੀ ਨੇ ਆਪਣੇ ਮਾਸਟਰ ਦੀ ਅਗਵਾਈ ਨਾਲ ਆਪਣੇ ਪਿੰਡ ਦੇ ਕਿਸਾਨਾਂ ਦੀ ‘‘ਕਿਸਾਨ-ਸਭਾ’’ ਬਣਾ ਲਈ, ਜਿਸ ਦਾ ਮੱੁਖ-ਮੰਤਵ ਸੀ, ‘ਇਸ ਸੂਬੇ ਦੇ ਕਿਸਾਨਾਂ ਦੇ ਹੱਕਾਂ ਲਈ ਅਵਾਜ਼ ਉਠਾਉਣਾ ਅਤੇ ਆਪਣੀਆਂ ਖੁਸ਼ੀਆਂ ਜ਼ਮੀਨਾਂ ਨੂੰ ਮੁੜ ਹਾਸਲ ਕਰਨਾ।’
ਕਿਸਾਨ-ਸਭਾ ਦੇ ਬਣਨ ਸਾਰ ਸੂਹਿਆਂ ਨੇ ਸੇਠ ਪਾਸ ਖਬਰ ਪਹੁੰਚਾਈ, ਪਰ ਸੇਠ ਨੇ ਕੋਈ ਬਹੁਤਾ ਫਿਕਰ ਨਾ ਕੀਤਾ ਕਿਉਂਕਿ ਉਹਨੂੰ ਪਤਾ ਸੀ, ਕਿ ਸੂਬੇ ਦੇ ਸਾਰੇ ਦੇ ਸਾਰੇ ਵੱਡੇ ਅਫਸਰ ਉਹਦੇ ਹੱਥ ਵਿੱਚ ਸਨ। ਉਹ ਸੋਚਦਾ ਇਨ੍ਹਾਂ ਅਨਪੜ੍ਹਾਂ ਤੋਂ ਹੋ ਹੀ ਕੀ ਸਕਦਾ ਹੈ, ਉਹ ਆਪੇ ਝੱਗ ਵਾਂਗੂੰ ਬਹਿ ਜਾਣਗੇ। ਪਰ ਫਿਰ ਵੀ ਉਸ ਆਪਣੇ ਸੂਹਿਆਂ ਨੂੰ ਵਧੇਰੇ ਖਿਆਲ ਰੱਖਣ ਲਈ ਤਾਕੀਦ ਕਰ ਦਿੱਤੀ।
ਬਨਵਾਰੀ ਹੁਣ ਪੜ੍ਹਾਈ ਦੇ ਨਾਲ ਨਾਲ ਪਿੰਡ ਦੇ ਨੌਜਵਾਨਾਂ ਦੇ ਖਿਆਲਾਂ ਵਿੱਚ ਤਬਦੀਲੀ ਲਿਆਉਣ ਲਈ ਵੀ ਉਪਰਾਲਾ ਕਰਦਾ ਰਹਿੰਦਾ। ਪੰਜਾਂ ਛਿਆਂ ਮਹੀਨਿਆਂ ਵਿੱਚ ਹੀ ਉਸ ਨੇ ਪਿੰਡ ਦੇ ਸਾਰੇ ਦੇ ਸਾਰੇ ਨੌਜਵਾਨ ਆਪਣੇ ਪਿੱਛੇ ਕਰ ਲਏ ਅਤੇ ਸੇਠ ਦੇ ਜ਼ੁਲਮਾਂ ਤੋਂ ਤੰਗ ਆਏ ਹੋਏ ਕੁਝ ਵਡੇਰੀ ਉਮਰ ਦੇ ਕਿਸਾਨ ਵੀ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲੱਗ ਪਏ।
ਸੇਠ ਦੀ ਇੱਕ ਚਲਾਕੀ ਇਹ ਸੀ ਕਿ ਕੁਝ ਸਾਲਾਂ ਪਿੱਛੋਂ ਉਹ ਆਪਣੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਵਟਾਂਦਰਾ ਕਰ ਦਿੰਦਾ, ਤਾਂ ਜੋ ਉਹ ਕਾਨੂੰਨ ਮੁਤਾਬਿਕ ਨੀਯਤ ਸਾਲਾਂ ਪਿੱਛੋਂ ਜ਼ਮੀਨ ਦੇ ਮਾਲਕ ਨਾ ਹੋ ਜਾਣ, ਕਿਉਂ ਜੋ ਇਨ੍ਹਾਂ ਕਿਸਾਨਾਂ ਦੇ ਪਿਉ ਸੇਠ ਦੇ ਪਿਉ ਦੇ ਮੁਜ਼ਾਰੇ ਸਨ ਅਤੇ ਉਸ ਸਮੇਂ ਤੋਂ ਉਹ ਇਨ੍ਹਾਂ ਜ਼ਮੀਨਾਂ ਨੂੰ ਵਾਹ ਰਹੇ ਸਨ। ਪਰ ਬਨਵਾਰੀ ਦੀ ਕੋਸ਼ਿਸ਼ ਨਾਲ ਸਾਰੇ ਦੇ ਸਾਰੇ ਕਿਸਾਨਾਂ ਨੇ ਇਸ ਵਾਰੀ ਦਾਖਲ ਖਾਰਜ ਨਾ ਕਰਾਉਣ ਦਾ ਪੱਕਾ ਇਰਾਦਾ ਕਰ ਲਿਆ।
‘‘ਮੈਂ ਇਤਨੀ ਦੂਰੋਂ ਸੌ ਕੰਮ ਛੱਡਕੇ ਤੁਹਾਡੇ ਇਸ ਕੰਮ ਲਈ ਆਇਆ ਹਾਂ ਪਰ ਤੁਹਾਨੂੰ ਮੇਰੀ ਤਕਲੀਫ ਦੀ ਜ਼ਰਾ ਪ੍ਰਵਾਹ ਨਹੀਂ,’’ ਦਾਖਲ ਖਾਰਜ ਕਰਨ ਆਏ ਨਾਇਬ ਤਸੀਲਦਾਰ ਨੇ ਸਾਰਿਆਂ ਕਿਸਾਨਾਂ ਨੂੰ ਚੌਪਾਲ ਵਿੱਚ ਇਕੱਠਾ ਕਰਕੇ ਆਖਿਆ।
ਸਾਰੇ ਦੇ ਸਾਰੇ ਕਿਸਾਨ ਸਰਕਾਰੀ ਹਾਕਮ ਦੇ ਇਹ ਸ਼ਬਦ ਸੁਣਕੇ ਸਹਿਮ ਗਏ, ਬਹੁਤਿਆਂ ਦਾ ਜੋਸ਼ ਮੱਠਾ ਪੈ ਗਿਆ, ਤੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ।
‘‘ਤੁਸੀਂ ਲਾਟਕੀਨ ਦੇ ਬੱਚਿਓ! ਕੁਝ ਸੁਣਦੇ ਵੀ ਹੋ ਕਿ ਨਹੀਂ,’’ ਨਾਇਬ ਤਸੀਲਦਾਰ ਨੇ ਜ਼ਰਾ ਡਾਂਟ ਦਿੰਦਿਆਂ ਕਿਹਾ।
ਸਾਰਿਆਂ ਨੂੰ ਨਿੰਮੋਝੂਣਾ ਦੇਖਕੇ ਬਨਵਾਰੀ ਨੂੰ ਉੱਠਣਾ ਪਿਆ। ਹਜ਼ੂਰ ਤੁਹਾਨੂੰ ਗੁੱਸਾ ਕਰਨ ਦੀ ਲੋੜ ਨਹੀਂ, ਅਸੀਂ ਹੋਰ ਹਰ ਤਰ੍ਹਾਂ ਤੁਹਾਡੇ ਨੌਕਰ ਹਾਂ, ਪਰ ਸਾਨੂੰ ਇਸ ਗੱਲ ਲਈ ਮਜਬੂਰ ਨਾ ਕਰੋ, ਤੇ ਇਸ ਗੱਲ ਦੀ ਪੁਸ਼ਟੀ ਲਈ ਸਾਰਿਆਂ ਨੇ ‘‘ਹਾਂ ਸਰਕਾਰ ਬਨਵਾਰੀ ਦੀ ਗੱਲ ਸੋਲ੍ਹਾਂ ਆਨੇ ਠੀਕ ਹੈ, ਝਕਦਿਆਂ ਝਕਦਿਆਂ ਕਹਿ ਦਿੱਤਾ ਜਦੋਂ ਨਾਇਬ ਤਸੀਲਦਾਰ ਨੇ ਬਾਕੀ ਸਾਰਿਆਂ ਵਲ ਘੂਰ ਕੇ ਵੇਖਿਆ। ਹੁਣ ਨਾਇਬ ਤਸੀਲਦਾਰ ਨੇ ਸਿਆਣਪ ਇਸੇ ਵਿੱਚ ਸਮਝੀ, ਕਿ ਉਹ ਵਾਪਸ ਚਲਾ ਜਾਏ ਤੇ ਉਹ ਸੇਠ ਦੇ ਪਲਿਉਂ ਦੋ ਵੇਲੇ ਚੰਗੀ ਚੋਖੀ ਰੋਟੀ ਸਣੇ ਸ਼ਰਾਬ ਦੇ ਖਾ ਪੀ ਕੇ ਉਵੇਂ ਦਾ ਉਵੇਂ ਮੁੜ ਗਿਆ।
ਸੇਠ ਹੋਰਾਂ ਨੂੰ ਹੁਣ ਬਹੁਤ ਫਿਕਰ ਹੋਇਆ। ਦੂਜੇ ਦਿਨ ਦੀਵਾਲੀ ਸੀ, ਜਦੋਂ ਕਿ ਉਨ੍ਹਾਂ ਹਮੇਸ਼ਾਂ ਵਾਂਗ ਸਾਰਾ ਦਿਨ ਮੌਨਬਰਤ ਰੱਖਕੇ ਪੂਜਾ ਕਰਨੀ ਸੀ ਤੇ ਰਾਤੀਂ ਰੁਪਿਆਂ ਨੂੰ ਮਾਇਆ ਦੇ ਹੋਰ ਵਾਧੇ ਲਈ ਸੰਧੂਰ ਦੇ ਟਿੱਕੇ ਲਾਉਣੇ ਸਨ, ਪਰ ਇਸ ਵਾਰੀ ਸੇਠ ਹੋਰੀਂ ਆਪਣਾ ਦੀਵਾਲਾ ਨਿਕਲਦਾ ਮਹਿਸੂਸ ਕਰ ਰਹੇ ਸਨ। ਉਨ੍ਹਾਂ ਇਸ ਵਾਰੀ ਦੀ ਦੀਵਾਲੀ ਤੇ ਬਹੁਤ ਘੱਟ ਖਰਚ ਕਰਨ ਲਈ ਖਾਸ ਹਦਾਇਤਾਂ ਕੀਤੀਆਂ। ਹੁਣ ਉਨ੍ਹਾਂ ਨੂੰ ਅੱਜ ਤੀਕ ਖਜ਼ਾਨੇ ਨੂੰ ਭਰਦੀਆਂ ਆਈਆਂ ਨਾਲੀਆਂ ਦਾ ਹਮੇਸ਼ਾਂ ਲਈ ਸੁੱਕ ਜਾਉਣ ਦਾ ਡਰ ਸੀ। ਦੀਵਾਲੀ ਵਾਲੇ ਦਿਨ ਹੀ ਉਹ ਆਪਣੀ ਬੈਲ-ਬੱਘੀ ਤੇ ਸਵਾਰ ਹੋ ਕੇ ਆਪਣੇ ਸਲਾਹਕਾਰ ‘ਪਾਟੇਖਾਨ’ ਸਮੇਤ ਪਿੰਡ ਵਿੱਚ ਜਾ ਵੜੇ। ਭਾਵੇਂ ਸਾਰਿਆਂ ਨੂੰ ਸੇਠ ਹੋਰਾਂ ਦੀ ਆਮਦ ਦਾ ਪਤਾ ਲੱਗ ਗਿਆ ਸੀ, ਪਰ ਅਗੇ ਵਾਂਗੂੰ ਉਨ੍ਹਾਂ ਨੂੰ ਕੋਈ ਵੀ ਪਿੰਡੋਂ ਬਾਹਰ ਲੈਣ ਨਾ ਆਇਆ। ਇਹ ਅੱਜ ਪਹਿਲੀ ਵਾਰ ਸੀ, ਜਦੋਂ ਸੇਠ ਹੋਰੀਂ ਕੱਲ-ਮਕੱਲੇ ਹੀ ਪਿੰਡ ਦੀਆਂ ਗਲੀਆਂ ਵਿੱਚੋਂ ਅਣਪੁੱਛਿਆਂ ਤੇ ਅਣਬੁਲਾਇਆਂ ਹੀ ਲੰਘ ਰਹੇ ਸਨ। ਕੇਵਲ ਉਹ ਦੋਵੇਂ ਸੂਹੇ, ਜਿਨ੍ਹਾਂ ਦੇ ਇਹ ਰਾਜ਼ਕ ਸਨ, ਅੱਗੇ ਪਿੱਛੇ ਪਏ ਹੁੰਦੇ ਸਨ। ਪਿੰਡ ਵਿੱਚ ਮਾਸਟਰ ਨੂੰ ਬਨਵਾਰੀ ਨਾਲ ਫਿਰਦਿਆਂ ਵੇਖ ਕੇ ਉਨ੍ਹਾਂ ਨੂੰ ਸੂਹਿਆਂ ਦੀ ਦੱਸੀ ਗੱਲ ’ਤੇ ਯਕੀਨ ਹੋ ਗਿਆ ਕਿ ਇਹ ਸਾਰੀ ਸ਼ਰਾਰਤ ਬਨਵਾਰੀ ਤੇ ਲਾਇਬਰੇਰੀ ਦੇ ਮਾਸਟਰ ਦੀ ਹੈ। ਉਸ ਆਪਣੇ ਸਾਰਿਆਂ ਮੁਜ਼ਾਰਿਆਂ ਨੂੰ ਚੌਪਾਲ ਵਿੱਚ ਸੱਦਿਆ ਪਰ ਕੋਈ ਵੀ ਨਾ ਆਇਆ। ਅਖੀਰ ਉਹ ਉਨ੍ਹਾਂ ਦੋ ਚਾਰ ਮੁਜ਼ਾਰਿਆਂ ਦੇ ਘਰ ਗਏ, ਜਿਨ੍ਹਾਂ ਤੋਂ ਉਨ੍ਹਾਂ ਨੂੰ ਯਕੀਨ ਸੀ, ਕਿ ਉਨ੍ਹਾਂ ਨੂੰ ਵੇਖਣ ਸਾਰ ਹੀ ਕਿਰ ਜਾਣਗੇ। ਸੇਠ ਹੋਰਾਂ ਉਨ੍ਹਾਂ ਨੂੰ ਆਪਣੇ ਪੁਰਾਣੇ ਰਿਸ਼ਤੇ ਤੇ ਤਅਲਕਾਤ ਦਾ ਚੇਤਾ ਕਰਾਇਆ, ਉਨ੍ਹਾਂ ਉੱਤੇ ਕੀਤੀਆਂ ਆਪਣੀਆਂ ਮੇਹਰਬਾਨੀਆਂ ਦਾ ਜ਼ਿਕਰ ਕੀਤਾ ਪਰ ਚੰਡੇ ਕਿਸਾਨਾਂ ਉੱਤੇ ਥਿੰਦੇ ਘੜੇ ਵਾਂਗੂੰ ਰਤੀ ਭਰ ਵੀ ਅਸਰ ਨਾ ਹੋਇਆ। ਉਨ੍ਹਾਂ ਸਾਫ ਸਾਫ ਕਹਿ ਦਿੱਤਾ ਕਿ ਉਹ ਪਿੰਡ ਦੇ ਬਾਕੀ ਕਿਸਾਨਾਂ ਅਤੇ ਆਪਣੇ ਜਵਾਨ ਪੁੱਤਰਾਂ ਦੇ ਵਿਰੁੱਧ ਨਹੀਂ ਜਾ ਸਕਦੇ। ਅਖੀਰ ਸੇਠ ਹੋਰਾਂ ਡਾਂਟ ਡਪਟ ਵੀ ਦਿੱਤੀ ਤੇ ਬਦਲਾ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ, ਪਰ ਉਨ੍ਹਾਂ ਦੇ ਪੱਕੇ ਇਰਾਦਿਆਂ ਵਿੱਚ ਉਹਦੀਆਂ ਫ਼ੋਕੀਆਂ ਧਮਕੀਆਂ ਜ਼ਰਾ ਵੀ ਫਰਕ ਨਾ ਲਿਆ ਸਕੀਆਂ।
ਵਾਪਸੀ ਤੇ ਸਾਰਾ ਰਾਹ ਸੇਠ ਹੋਰੀਂ ਸੋਚਦੇ ਆਏ, ‘‘ਇਹ ਸਾਰੀ ਸ਼ਰਾਰਤ ਉਸ ਲਾਇਬਰੇਰੀ ਵਾਲੇ ਮਾਸਟਰ ਦੀ ਹੈ। ਉਹਦੀ ਮਨਹੂਸ ਸ਼ਕਲ ਮੈਨੂੰ ਪਹਿਲੇ ਦਿਨ ਹੀ ਨਹੀਂ ਸੀ ਭਾਈ ਤੇ ਜਦੋਂ ਉਸ ਮੁਫਤ ਪੜ੍ਹਾਉਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤਾਂ ਮੈਨੂੰ ਉਸੇ ਦਿਨ ਹੀ ਠਣਕ ਗਈ ਸੀ, ਕਿ ਇਹ ਕਿਹੜੇ ਨਾਢੂਸ਼ਾਹ ਦਾ ਪੁੱਤਰ ਏ ਜਿਹੜਾ ਅਨਪੜ੍ਹ ਗਵਾਰਾਂ ਨਾਲ ਮੁਫਤ ਮਗ਼ਜ਼ ਮਾਰਨ ਲਈ ਤਿਆਰ ਹੋ ਪਿਆ ਹੈ। ਪਰ ਮੈਂ ਇਕੱਲਾ ਕੀ ਕਰ ਸਕਦਾ ਸਾਂ, ਜਦ ਲਾਇਬ੍ਰੇਰੀ ਕਮੇਟੀ ਦੇ ਸਾਰੇ ਦੇ ਸਾਰੇ ਮੈਂਬਰ ਉਹਦੇ ਹੱਕ ਵਿੱਚ ਸਨ। ਕਿਹਾ ਚੰਗਾ ਹੁੰਦਾ ਕਿ ਇਹ ਲਾਇਬ੍ਰੇਰੀ ਹੀ ਨਾ ਬਣਦੀ! ਨਾ ਹੁੰਦਾ ਬਾਂਸ ਨਾ ਵਜਦੀ ਬੰਸਰੀ। ਮੈਂ ਡਿਪਟੀ ਕਮਿਸ਼ਨਰ ਨੂੰ ਲਾਇਬ੍ਰੇਰੀ ਬਣਨ ਸਮੇਂ ਐਵੇਂ ਪੰਜ ਹਜ਼ਾਰ ਰੁਪਏ ਦਿੱਤੇ ਤੇ ਫਜ਼ੂਲ ਹੀ ਨਾਲ ਹੋ ਕੇ ਉਗਰਾਹੀ ਕਰਾਈ। ਪਰ ਕਰਦਾ ਕੀ, ਉਹਦੇ ਅੱਗੇ ਇਨਕਾਰ ਵੀ ਤਾਂ ਨਹੀਂ ਸਾਂ ਕਰ ਸਕਦਾ। ਉਸ ਵੀ ਤਾਂ ਮੈਨੂੰ ਕਈ ਵੱਡੀਆਂ ਭਾਰੀਆਂ ਮੁਸੀਬਤਾਂ ਵਿੱਚੋਂ ਬਚਾਇਆ ਸੀ, ਨਹੀਂ ਤਾਂ ਮੈਂ ਅੱਜ ਕੱਲ ਜੇਲ੍ਹ ਦੀ ਹਵਾ ਭੱਖਦਾ ਹੁੰਦਾ ਤੇ ਖਾਸ ਕਰਕੇ ਸ਼ਰਾਬ ਦੀ ਹਾਲਤ ਵਿੱਚ ਅਤਰੂ ਕਿਸਾਨ ਦੀ ਜਵਾਨ ਕੰਵਾਰੀ ਧੀ ਨਾਲ ਕੀਤੀ ਮੇਰੀ ਜ਼ਬਰਦਸਤੀ ਨੂੰ ਜੇ ਕੋਈ ਛੁਪਾਣ ਵਾਲਾ ਸੀ ਤਾਂ ਉਹੋ ਹੀ ਸੀ। ਸਾਰਾ ਪਿੰਡ ਬੁੜ ਬੁੜ ਕਰਦਾ ਰਿਹਾ ਸੀ, ਪਰ ਉਸ ਕਿਸੇ ਦੀ ਪ੍ਰਵਾਹ ਤੱਕ ਨਹੀਂ ਸੀ ਕੀਤੀ, ਫਿਰ ਮੈਂ ਉਹਦੇ ਨਾਲ ਜਾਣ ਤੋਂ ਇਨਕਾਰ ਕਿਵੇਂ ਕਰਦਾ। ਕਿਹਾ ਚੰਗਾ ਹੁੰਦਾ ਜੇ ਲਾਇਬ੍ਰੇਰੀ ਦਾ ਸਕੱਤਰ ਅਨਪੜ੍ਹਿਆਂ ਜਵਾਨਾਂ ਨੂੰ ਰਾਤੀਂ ਪੜ੍ਹਾਉਣ ਦਾ ਅੜੁੱਚ ਹੀ ਨਾ ਕੱਢਦਾ ਜਾਂ ਮੈਂ ਦੋ ਚਾਰ ਮੈਂਬਰਾਂ ਨੂੰ ਆਪਣੇ ਵੱਲ ਕਰਕੇ ਉਹਦੀ ਮੁਖਾਲਫਤ ਕਰਦਾ, ਪਰ ਮੈਨੂੰ ਕੀ ਪਤਾ ਸੀ, ਕਿ ਮੇਰੇ ਹੀ ਕਿਸਾਨਾਂ ਦੇ ਪੁੱਤਰ ਪੜ੍ਹਕੇ ਮੇਰੇ ਹੀ ਖਿਲਾਫ ਉੱਠ ਪੈਣਗੇ, ਮੇਰੀ ਹੀ ਬਿੱਲੀ ਮੈਨੂੰ ਹੀ ਮਿਆਉਂ ਕਰੇਗੀ। ਪਰ ਕੋਈ ਗੱਲ ਨਹੀਂ ਮੈਂ ਕੋਈ ਇਤਨਾ ਗਿਆ ਗੁਜ਼ਰਿਆ ਤੇ ਨਹੀਂ। ਇਨ੍ਹਾਂ ਮੈਨੂੰ ਸਮਝਿਆ ਕੀ ਹੈ, ਮੇਰੀਆਂ ਵੀ ਬਾਹਵਾਂ ਕਾਫੀ ਵੱਡੀਆਂ ਹਨ। ਕੱਲ ਹੀ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਕਿਸਾਨਾਂ ਦਾ ਮੱਕੂ ਬੰਨਣ ਲਈ ਮਿਲਾਂਗਾ। ਅੱਜ ਰਾਤੀਂ ਦੀਵਾਲੀ ਦੇ ਖਾਣੇ ਤੇ ਥਾਣੇਦਾਰ ਸਾਹਿਬ ਨੂੰ ਸੱਦ ਲਵਾਂਗੇ ਤੇ ਉਹਨੂੰ ਰਜਾ ਕੇ ਖਿਲਾਵਾਂਗੇ। ਵਿੱਚੋਂ ਤੇ ਵੀਹ ਪੰਝੀ ਰੁਪਿਆਂ ਦੀ ਗੱਲ ਹੀ ਹੈ ਨਾ। ਫਿਰ ਇਸ ਮਾਸਟਰ ਦੇ ਬੱਚੇ ਨੂੰ ਉਹਦੇ ਕੋਲੋਂ ਡਾਂਟ ਡਪਟ ਦਵਾਕੇ ਸਿੱਧਾ ਕਰ ਛੱਡਾਂਗਾ ਤੇ ਜੇ ਉਹ ਫਿਰ ਵੀ ਬਾਜ਼ ਨਾ ਆਇਆ ਤਾਂ ਲਾਇਬ੍ਰੇਰੀ ਵਾਲਿਆਂ ਨੂੰ ਪੰਜ ਸੱਤ ਸੌ ਹੋਰ ਦਾਨ ਦੇਕੇ ਇਹਦਾ ਬਿਸਤਰਾ ਹੀ ਗੋਲ ਕਰਵਾ ਦਿਆਂਗਾ। ਇਹ ਸਾਰੇ ਉਤਨਾ ਚਿਰ ਹੀ ਫੜ ਫੜ ਕਰਦੇ ਰਹੇ ਹਨ ਜਿਤਨਾ ਚਿਰ ਮੈਂ ਚੱੁਪ ਰਿਹਾ ਹਾਂ। ਹੁਣ ਵੇਖੋ ਮੈਂ ਕਿਵੇਂ ਇਨ੍ਹਾਂ ਦੀ ਤੱਤੜ ਮੱਠੀ ਕਰਦਾ ਹਾਂ।’’
ਫਿਰ ਸੇਠ ਹੋਰਾਂ ਕਿਸੇ ਹੋਰ ਚੰਗੇਰੀ ਤਰਕੀਬ ਲਈ ਆਪਣੇ ਸਲਾਹਕਾਰ ‘ਪਾਟੇਖਾਨ’ ਵੱਲ ਦੇਖਿਆ ਜੋ ਅੱਜ ਸਾਰਾ ਰਸਤਾ ਬਿੱਜੂ ਵਾਂਗੂ ਗੁੱਛਾ ਮੁੱਛਾ ਹੋਇਆ ਚੱੁਪ ਬੈਠਾ ਰਿਹਾ ਸੀ ਤੇ ਜਿਸਦੀ ਬੇ-ਉੱਤਰੀ ਸ਼ਕਲ ਆਉਣ ਵਾਲੇ ਖਤਰੇ ਦੀ ਸੂਚਕ ਸੀ। ਭਾਵੇਂ ਉਹ ਬੋਲਿਆ ਤਾਂ ਨਾ, ਪਰ ਉਹਦੇ ਢੱਠੇ ਮੂੰਹ ਤੋਂ ਸੇਠ ਹੋਰਾਂ ਇੰਜ ਮਹਿਸੂਸ ਕੀਤਾ, ਜਿਵੇਂ ਉਹ ਕਹਿ ਰਿਹਾ ਹੋਵੇ ‘‘ਸੇਠ ਜੀ ਇਸ ਆਉਣ ਵਾਲੇ ਭਿਆਨਕ ਖਤਰੇ ਤੋਂ ਬਚ ਨਿਕਲਣਾ ਮੁਸ਼ਕਿਲ ਹੀ ਨਜ਼ਰ ਆਉਂਦਾ ਹੈ। ਮੇਰੀ ਤਾਂ ਅਕਲ ਹੀ ਅੱਜ ਮੈਨੂੰ ਜੁਆਬ ਦਈ ਜਾ ਰਹੀ ਹੈ।’’
ਤੇ ਫਿਰ ਸੇਠ ਹੋਰਾਂ ਦੇਖਿਆ ਕਿ ਬੈਲ-ਬੱਘੀ ਉਨ੍ਹਾਂ ਦੇ ਮਕਾਨ ਕੋਲ ਆ ਖੜੀ ਹੋਈ ਹੈ। ਤਰਕਾਲਾਂ ਦੀ ਹਵਾ ਭਾਵੇਂ ਹਾਲੇ ਬਹੁਤ ਠੰਢੀ ਨਹੀਂ ਸੀ, ਪਰ ਫਿਰ ਵੀ ਸੇਠ ਹੋਰਾਂ ਆਪਣੇ ਐਚਕਨ ਕੋਟ ਵਿੱਚ ਕੁਝ ਸਰਦੀ ਮਹਿਸੂਸ ਕੀਤੀ ਤੇ ਇੱਕ ਕਾਂਬਾ ਜਿਹਾ ਉਨ੍ਹਾਂ ਦੇ ਸਾਰੇ ਸਰੀਰ ਵਿੱਚ ਦੌੜ ਗਿਆ। ਗਲੀ ਵਿੱਚ ਆਕੇ ਉਨ੍ਹਾਂ ਵੇਖਿਆ ਕਿ ਅੱਜ ਦੀਵਾਲੀ ਦੀ ਰਾਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਮਕਾਨ ਦੇ ਚਾਰੇ ਪਾਸੇ ਹਨੇਰਾ ਪਸਰਿਆ ਪਿਆ ਹੈ। ਅੰਦਰ ਆਕੇ ਉਨ੍ਹਾਂ ਆਪਨਾ ਗੁੱਸਾ ਨੌਕਰਾਂ ਤੇ ਕੱਢਿਆ।
‘‘ਓਏ ਛੋਟੂ ਦੇ ਬੱਚੇ ਕਿੱਥੇ ਮਰ ਗਿਆ ਏਂ?
‘‘ਜੀ ਹਜ਼ੂਰ’ ਇੱਕ ਕਮਰੇ ਵਿੱਚੋਂ ਦੌੜਦਿਆਂ ਛੋਟੂ ਬੋਲਿਆ!
‘‘ਸਹੁਰੀ ਦਿਆ ਤੂੰ ਦੀਵੇ ਕਿਉਂ ਨਹੀਂ ਜਗਾਏ’’ ਛੋਟੂ ਨੂੰ ਵੇਖ ਕੇ ਸੇਠ ਹੋਰਾਂ ਦਾ ਪਾਰਾ ਹੋਰ ਚੜ੍ਹ ਗਿਆ।
‘‘ਜੀ-ਜੀ ਜਗਾਏ ਤੇ ਸਨ ਪਰ ਹਵਾ ਤੇਜ਼ ਹੋਣ ਕਰ ਕੇ ਬੁਝ ਗਏ ਹੋਣੇ ਨੇ’’ ਛੋਟੂ ਨੇ ਉੱਪਰ ਕੋਠੇ ਦੇ ਬੁਝਿਆਂ ਦੀਵਿਆਂ ਨੂੰ ਵੇਖ ਕੇ ਆਖਿਆ।
‘‘ਜਾਹ ਹੋਰ ਤੇਲ ਪਾਕੇ ਉਨ੍ਹਾਂ ਸਾਰਿਆਂ ਨੂੰ ਫਿਰ ਜਗਾ ਕੇ ਆ।’’ ਇਹ ਆਖ ਕੇ ਸੇਠ ਹੋਰੀਂ ਲੈਂਪ ਦੀ ਮੱਧਮ ਰੋਸ਼ਨੀ ਹੇਠਾਂ ਆਪਣੀ ਗੱਦੀ ਤੇ ਬੈਠ ਗਏ। ਭਾਵੇਂ ਰਸਤੇ ਵਿੱਚ ਉਹ ਆਪਣੇ ਦਿਲ ਨੂੰ ਕਾਫੀ ਧਰਵਾਸਾ ਦਿੰਦੇ ਆਏ ਸਨ, ਪਰ ਇਹ ਫੋਕੀਆਂ ਤਸੱਲੀਆਂ ਉਨ੍ਹਾਂ ਦੇ ਅੰਦਰ ਸ਼ਾਂਤੀ ਨਾ ਲਿਆ ਸਕੀਆਂ ਅਤੇ ਉਨ੍ਹਾਂ ਇੰਜ ਮਹਿਸੂਸ ਕੀਤਾ ਜਿਵੇਂ ਬੁਰੇ ਦਿਨ ਆਉਣੇ ਸ਼ੁਰੂ ਹੋ ਗਏ ਹਨ ਅਤੇ ਨੌਕਰਾਂ ਉਹਦੇ ਦਿਲ ਦੀ ਸੋਗੀ-ਹਾਲਤ ਮਹਿਸੂਸ ਕਰ ਲੈਣ ਕਾਰਨ ਹੀ ਦੀਵੇ ਨਹੀਂ ਸਨ ਜਗਾਏ ।
ਫਿਰ ਉਨ੍ਹਾਂ ਵੇਖਿਆ, ਛੋਟੂ ਮਮਟੀ ਉੱਪਰ ਦੀਵੇ ਰੱਖਕੇ ਜਗਾ ਰਿਹਾ ਸੀ, ਪਰ ਹਵਾ ਦੇ ਫਰਾਟੇ ਉਨ੍ਹਾਂ ਨੂੰ ਫਿਰ ਬੁਝਾ ਦੇਂਦੇ ਸਨ। ਇੱਕ ਨੂੰ ਉਹ ਜਗਾਕੇ ਮਸਾਂ ਹਟਦਾ ਹੀ ਸੀ, ਕਿ ਦੂਜਾ ਬੁਝ ਜਾਂਦਾ ਸੀ, ਆਖਰ ਤੰਗ ਆ ਕੇ ਉਸ ਸੇਠ ਹੋਰਾਂ ਦੇ ਗੁੱਸੇ ਤੋਂ ਬਚਣ ਲਈ ਦੀਵਿਆਂ ਨੂੰ ਵਿਹੜੇ ਵਾਲੇ ਪਾਸੇ ਮਮਟੀ ਦੀ ਓਟ ਪਿੱਛੇ ਰੱਖ ਦਿੱਤਾ। ਉਹ ਹੇਠਾਂ ਉਤਰਿਆ ਹੀ ਸੀ, ਕਿ ਹਵਾ ਦੇ ਇੱਕ ਫਰਾਟੇ ਨਾਲ ਕੋਠੇ ਦੇ ਸਾਰੇ ਦੇ ਸਾਰੇ ਦੀਵੇ ਭੱੜਕ ਕਰਕੇ ਬੁਝ ਗਏ। ਇਸ ਨਾਕਾਮੀ ਕਾਰਨ ਦੋਵੇਂ ਇਸ ਘੁਸ-ਮੁਸੇ ਦੀ ਹਾਲਤ ਵਿੱਚ ਚੁੱਪ-ਚਾਪ ਇੱਕ ਦੂਜੇ ਦੇ ਮੂੰਹ ਵਲ ਵੇਖਣ ਲੱਗ ਪਏ ਤੇ ਛੋਟੂ ਦੀਵੇ ਜਗਾਉਣ ਲਈ ਫਿਰ ਉੱਪਰ ਚੜ੍ਹ ਗਿਆ।
ਸੇਠ ਹੋਰਾਂ ਛੋਟੂ ਨੂੰ ਦੀਵੇ ਜਗਾ ਕੇ ਗੈਲਰੀ ਵਿੱਚ ਰਖਣ ਲਈ ਕਿਹਾ ਅਤੇ ਪੂਜਾ ਦਾ ਖਿਆਲ ਕਰਕੇ ਆਪ ਘਿਓ ਵਾਲੇ ਵੱਡੇ ਦੀਵੇ ਨੂੰ ਕਿ੍ਰਸ਼ਨ ਮਹਾਰਾਜ ਦੀ ਮੂਰਤੀ ਅੱਗੇ ਰੱਖਕੇ ਆਪ ਜਗਾਇਆ, ਉਹਦੀ ਵਟੀ ਉੱਚੀ ਕੀਤੀ ਵਗ ਰਹੀ ਹਵਾ ਦਾ ਵਧੇਰੇ ਬਲ ਨਾਲ ਮੁਕਾਬਲਾ ਕਰਨ ਲਈ ਤੇ ਹੱਥਾਂ ਦੀ ਓਟ ਵੀ ਦਿੱਤੀ ਪਰ ਇੰਜ ਲੱਗਦਾ ਸੀ ਜਿਵੇਂ ਦੀਵੇ ਦੀ ਲਾਟ ਆਪਣੀ ਲਾਚਾਰੀ ਦਸਦੀ ਹੋਈ ਕਹਿ ਰਹੀ ਹੋਵੇ, ‘‘ਸੇਠ ਜੀ, ਇਤਨੇ ਜ਼ੋਰ ਦੀ ਹਵਾ ਦਾ ਮੁਕਾਬਲਾ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ।’’ ਸੇਠ ਹੋਰੀਂ ਹੁਣ ਬਹੁਤ ਸਹਿਮ ਗਏ, ਉਨ੍ਹਾਂ ਇੰਝ ਅਨੁਭਵ ਕੀਤਾ ਕਿਸਾਨਾਂ ਦੇ ਨੌਜਵਾਨ ਮੁੰਡੇ ਚਾਰੇ ਪਾਸਿਉਂ ਉਨ੍ਹਾਂ ਵੱਲ ਵਧ ਰਹੇ ਹਨ ਤੇ ਮਿੰਟਾਂ ਸਕਿੰਟ ਵਿੱਚ ਉਨ੍ਹਾਂ ਦੀ ਗਿੱਚੀ ਨੂੰ ਉਹ ਦਬੋਚ ਲੈਣਗੇ ਸੇਠ ਹੋਰੀਂ ਸਾਰੇ ਦੇ ਸਾਰੇ ਕੰਬ ਗਏ ਹੁਣ ਉਨ੍ਹਾਂ ਨੂੰ ਇਸ ਦੁਨੀਆਂ ਵਿੱਚ ਕੋਈ ਸਹਾਰਾ ਨਜ਼ਰ ਨਹੀਂ ਸੀ ਆ ਰਿਹਾ ਜੋ ਉਨ੍ਹਾਂ ਨੂੰ ਇਸ ਮੁਸੀਬਤ ’ਚੋਂ ਕੱਢ ਲਏ। ਜੇ ਕੋਈ ਓਟ ਸੀ ਤਾਂ ਉਹ ਧਰਮ ਦੀ ਸੀ ਤੇ ਉਨ੍ਹਾਂ ਇਸ ਡਰਾਉਣੇ ਵਾਯੂਮੰਡਲ ਦੇ ਡਰ ਨੂੰ ਘਟਾਉਣ ਲਈ ਝੱਟ ਧਰਮ ਦੀ ਓਟ ਲਈ। ਅੱਖਾਂ ਬੰਦ ਕਰਕੇ ਕਿ੍ਰਸ਼ਨ ਦੀ ਮੂਰਤੀ ਵਿੱਚ ਧਿਆਨ ਲਾਉਣ ਦੀ ਕੀਤੀ, ਪਰ ਅੱਜ ਉਨ੍ਹਾਂ ਦਾ ਮਨ ਜੁੜਦਾ ਹੀ ਨਹੀਂ ਸੀ, ਅਭੋਲ ਹੀ ਉਹ ਸਹਿਮ ਉਨ੍ਹਾਂ ਦੇ ਅੰਦਰੋਂ ਨਿਕਲਕੇ ਸਾਮ੍ਹਣੇ ਆ ਖੜੀਂਦਾ। ਉਨ੍ਹਾਂ ਮਹਿਸੂਸ ਕੀਤਾ ਜਿਵੇਂ ਕਿਸੇ ਭੂਚਾਲ ਕਾਰਨ ਉਨ੍ਹਾਂ ਦੀਆਂ ਹਜ਼ਾਰਾਂ ਰੁਪਿਆਂ ਦੀਆਂ ਮਹਿਲ ਮਾੜੀਆਂ ਕੋਠੀਆਂ ਤੇ ਹਵੇਲੀਆਂ ਡਿੱਗ ਰਹੀਆਂ ਹਨ।
ਤੇ ਫਿਰ ਇੱਕ ਖੜਾਕ ਪੈਦਾ ਹੋਇਆ ਜਿਸ ਨਾਲ ਉਹ ਕੰਬ ਗਏ। ਇਹ ਆਵਾਜ਼ ਇਤਨੀ ਉੱਚੀ ਪੈਦਾ ਹੋਈ ਕਿ ਉਨ੍ਹਾਂ ਅਨੁਭਵ ਕੀਤਾ ਜਿਵੇਂ ਉਨ੍ਹਾਂ ਦੀ ਬੜੀ ਮਿਹਨਤ ਨਾਲ ਬਣਵਾਈ ਆਪਣੇ ਰਹਿਣ ਵਾਲੀ ਦੋ ਮੰਜ਼ਲੀ ਕੋਠੀ ਦੇ ਸਾਰੇ ਕਸਬੇ ਤੋਂ ਉੱਚੇ ਢਹਿੰਦੇ ਮੁਨਾਰੇ ਦੀ ਅਵਾਜ਼ ਹੈ। ਅੱਖਾਂ ਖੋਲ੍ਹਣ ਤੇ ਉਨ੍ਹਾਂ ਵੇਖਿਆ ਸਾਰੇ ਦੀਵੇ ਬੁਝ ਚੁੱਕੇ ਸਨ, ਚਾਰੇ ਪਾਸੇ ਹਨੇਰਾ ਪਸਰਿਆ ਪਿਆ ਸੀ ਤੇ ਕਿ੍ਰਸ਼ਨ ਦੀ ਮੂਰਤੀ ਵਾਲਾ ਦੀਵਾ ਵੀ ਹੇਠਾਂ ਡਿੱਗਕੇ ਮੂਧਾ ਪਿਆ ਹੋਇਆ ਸੀ ਜਿਸ ਵਿੱਚੋਂ ਘਿਉ ਵੱਗ ਵੱਗ ਕੇ ਕੀਮਤੀ ਕਾਲੀਨ ਨੂੰ ਥਿੰਧਾ ਕਰ ਰਿਹਾ ਸੀ ।
ਸਵਿੰਦਰ ਸਿੰਘ ਉੱਪਲ






