ਨਿਊਯਾਰਕ ਦੇ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਸ. ਰਵਿੰਦਰ ਸਿੰਘ ਉਰਫ ਰਵੀ ਭੱਲਾ ਉਹ ਨਾਮ ਹੈ ਜਿਸਨੇ ਨਿਊਯਾਰਕ ਵਿੱਚ ਹੋਬੋਕੇਨ ਦੇ ਸਿੱਖ ਮੇਅਰ ਦੇ ਮਹੱਤਵਪੂਰਨ ਅਹੁਦੇ ’ਤੇ ਹੁੰਦਿਆਂ ਅਮਰੀਕੀ ਸਮਾਜ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਸਥਾਪਤ ਕੀਤੀ ਹੈ ਅਤੇ ਮੇਅਰ ਹੁੰਦਿਆਂ ਨਿਊਜਰਸੀ ਵਿੱਚ ਨਸਲੀ ਹਮਲੇ ਦਾ ਸਾਹਮਣਾ ਕੀਤਾ ਹੈ, ਉਹ ਹੁਣ ਅਮਰੀਕੀ ਪ੍ਰਤੀਨਿਧੀ ਸਭਾ ‘ਹਾਊਸ ਆਫ ਰਿਪ੍ਰਜੈਂਟੇਟਿਵ’ ’ਚ ਦਾਖਲੇ ਲਈ ਕਾਂਗਰੈਸਨਲ ਡਿਸਟਿਕ 8 ਤੋਂ ਰਿਪਬਲੀਕਨ ਦੀ ਪ੍ਰਾਈਮਰੀ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਵੀ ਭਾਰਤੀ ਮੂਲ ਦੇ ਅਮਰੀਕੀ ਉਮੀਦਵਾਰ ਰਿਸ਼ੀ ਕੁਮਾਰ ਨਾਲ ਹੈ। ਦੋਵਾਂ ਆਗੂਆਂ ਨੂੰ ਸਿਲੀਕਨ ਵੈਲੀ ਵਿਖੇ ਚੋਖੀ ਗਿਣਤੀ ਵਿੱਚ ਵਸਦੇ ਭਾਰਤੀ ਅਮਰੀਕੀ ਲੋਕਾਂ ਦਾ ਸਮਰਥਨ ਹੈ।
ਸ. ਭੱਲਾ ਦਾ ਪਰਿਵਾਰਕ ਪਿਛੋਕੜ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਜੀ ਇੱਕ ਪ੍ਰਵਾਸੀ ਵਜੋਂ ਅਮਰੀਕਾ ਵਿੱਚ ਆਏ ਅਤੇ ਆਪਣੇ ਪਰਿਵਾਰ ਨੂੰ ਅਮਰੀਕਾ ਵਿੱਚ ਬਿਹਤਰ ਜਿੰਦਗੀ ਦੇਣ ਲਈ ਸੰਘਰਸ਼ ਕੀਤਾ। ਹੁਣ ਰਵੀ ਭੱਲਾ ਦੀ ਪਤਨੀ ਸਰਦਾਰਨੀ ਨਵਨੀਤ ਕੌਰ ਪਟਵਾਲੀਆ ਭੱਲਾ ਅਤੇ ਧੀ ਆਰਜਾ ਕੌਰ ਭੱਲਾ ਅਤੇ ਪੁੱਤਰ ਸ਼ਾਬੇਗ ਸਿੰਘ ਭੱਲਾ ਨਾਲ ਪਰਿਵਾਰਕ ਜਿੰਦਗੀ ਗੁਜਾਰ ਰਹੇ ਹਨ। ਅਮਰੀਕੀ ਸ਼ਹਿਰ ਨਿਊਜਰਸੀ ਵਿੱਚ ਜੰਮੇ ਪਲੇ ਰਵੀ ਭੱਲਾ ਨੇ ਯੂਨੀਵਰਸਿਟੀ ਆਫ ਕੈਲੇਫੋਰਨੀਆਂ ਬਰਕਲੇ ਤੋਂ ਗ੍ਰੈਜੂਏਟ ਅਤੇ ਵਿਸ਼ਵ ਪ੍ਰਸਿੱਧ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਮਾਸਟਰ ਡਿਗਰੀ ਹਾਸਲ ਕੀਤੀ ਅਤੇ ਟੁਨੇਲ ਲਾਅ ਸਕੂਲ ਤੋਂ ਲਾਅ ਦੀ ਡਿਗਰੀ ਵੀ ਹਾਸਲ ਕੀਤੀ।
ਸਿੱਖ ਧਰਮ ਦਾ ਅਮੀਰ ਫਲਸਫਾ ਅਤੇ ਸਿੱਖ ਸਮਾਜ ਦੀਆਂ ਉੱਚ ਕਦਰਾਂ ਕੀਮਤਾਂ ਉਸਨੇ ਪ੍ਰਵਾਸ ਦੀ ਜਿੰਦਗੀ ਅਤੇ ਜੀਵਨ ਜਾਚ ਦੌਰਾਨ ਵੀ ਪੱਲੇ ਬੰਨ੍ਹ ਕੇ ਰੱਖੀਆਂ ਹਨ। ਪਹਿਲਾਂ 2017 ਅਤੇ ਫਿਰ 2022 ਵਿੱਚ ਮੇਅਰ ਚੁਣੇ ਜਾਣ ਮੌਕੇ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਿੱਖ ਫਲਸਫੇ ਦੇ ਸਰਬੱਤ ਦੇ ਭਲੇ ਅਤੇ ਮਾਨਵਤਾਵਾਦੀ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਸਹੁੰ ਚੁੱਕੀ। ਇਸੇ ਕਰਕੇ ਅਮਰੀਕੀ ਸਮਾਜ ਵਿੱਚ ਆ ਕੇ ਪੜ੍ਹੇ ਅਤੇ ਰਚੇ ਵਸੇ ਭੱਲਾ ਅੰਦਰ ਇੱਕ ਵਿਅਕਤੀਗਤ ਸੁਭਾਅ ਅਤੇ ਪ੍ਰਸ਼ਾਸਨਿਕ ਕਾਰ ਵਿਹਾਰ ਅੰਦਰ ਇੱਕ ਵਿਸੇਸ਼ ਵਿਲੱਖਣਤਾ ਝਲਕਦੀ ਹੈ। ਜੇਕਰ ਰਵੀ ਭੱਲਾ ਇਹ ਚੋਣ ਵਿੱਚ ਸਫਲ ਹੁੰਦੇ ਹਨ ਤਾਂ ਉਹ ਯੂ. ਐੱਸ. ਕਾਂਗਰਸ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਹੋਵੇਗਾ। ਸ਼ਾਇਦ ਇਸ ਚੋਣ ਵਿੱਚ ਰਵੀ ਭੱਲਾ ਪਹਿਲਾ ਅਜਿਹਾ ਉਮੀਦਵਾਰ ਹੋਵੇਗਾ ਜੋ ਆਪਣੇ ਚੋਣ ਪ੍ਰਚਾਰ ਵਿੱਚ ਸਿੱਖ ਧਰਮ ਵਿਚਲੇ ਸੇਵਾ ਖਾਸ ਕਰ ਮਨੁੱਖਤਾ ਦੀ ਸੇਵਾ ਦੇ ਬ੍ਰਹਿਮੰਡੀ ਸਿਧਾਂਤ ਨੂੰ ਮੁੱਖ ਰੱਖ ਕੇ ਇਹ ਨਿਸ਼ਚਾ ਦਿ੍ਰੜਾ ਕੇ ਚੱਲ ਰਹੇ ਹਨ ਕਿ ਗੁਰੂੁ ਸਾਹਿਬਾਨਾਂ ਵੱਲੋਂ ਬਖਸ਼ੇ ਇਸ ਫਲਸਫੇ ਦੀ ਜੜ੍ਹ ਦੁਨੀਆ ਭਰ ’ਚ ਸਥਾਪਤ ਲੋਕਰਾਜਾਂ ਨਾਲੋਂ ਕਿਤੇ ਵੱਧ ਡੂੰਘੀ ਹੈ।
ਰਵੀ ਭੱਲਾ ਜੋ ਸਿਵਲ ਰਾਈਟਸ ਅਟਾਰਨੀ ਵੀ ਹਨ, ਨੇ ਅਮਰੀਕਾ ਵਿੱਚ ਰਹਿੰਦਿਆਂ ਨਸਲੀ ਵਿਤਕਰੇ ਅਤੇ ਨਸਲੀ ਹਿੰਸਾ ਦਾ ਆਪਣੇ ਬਚਪਨ ਦੇ ਸਕੂਲ ਦੇ ਦਿਨਾਂ ਤੋਂ ਹੀ ਸਾਹਮਣਾ ਕੀਤਾ ਹੈ। ਸਕੂਲ ਵਿੱਚ ਪੜ੍ਹਦਿਆਂ ਉਸਨੂੰ ਆਪਣੇ ਸਿੱਖ ਫੇਥ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਨਾ ਪਿਆ। ਮੁੱਢਲੀ ਸਿੱਖਿਆ ਦੌਰਾਨ ਹਾਣੀਆਂ ਨੇ ਉਸਦੇ ਜੂੜੇ ਅਤੇ ਫਿਰ ਦਸਤਾਰ ਨਾਲ ਵੀ ਛੇੜਖਾਨੀ ਕੀਤੀ, ਪਰ ਉਹ ਆਪਣੀ ਸਿੱਖ ਧਰਮ ਦੀਆਂ ਮਾਨਵਵਾਦੀ ਸਿੱਖਿਆਵਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਵਾਲੇ ਫਲਸਫੇ ਤੇ ਅਡੋਲ ਚੱਲਦੇ ਰਹੇ ਅਤੇ ਅੱਜ ਇੱਕ ਪੜ੍ਹੇ ਲਿਖੇ ਅਤੇ ਸਫਲ ਆਗੂ ਵਜੋਂ ਆਪਣੀ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ। ਆਪਣੀ ਇਸੇ ਸਮਾਜਿਕ ਅਤੇ ਵਿਵਹਾਰਿਕ ਕਮਾਈ ਆਸਰੇ ਉਹ ਪ੍ਰਤੀਨਿਧ ਹਾਊਸ ਦੀ ਮੈਂਬਰ ਦੀ ਮਹੱਤਵਪੂਰਨ ਚੋਣ ਲਈ ਆਪਣਾ ਪੂਰਾ ਤਾਣ ਲਾ ਰਹੇ ਹਨ। ਉਨ੍ਹਾਂ ਦੇ ਮੱਦਿਆਂ ਨੂੰ ਅਮਰੀਕੀ ਲੋਕ ਸਮਝ ਰਹੇ ਹਨ। ਉਨ੍ਹਾਂ ਦੀ ਆਗੂ ਵਜੋਂ ਯੋਗਤਾ ਅਤੇ ਸਮਰੱਥਾ ਨੂੰ ਵੇਖਦਿਆਂ ਅਮਰੀਕੀ ਲੋਕ ਉਸ ਨੂੰ ਇੱਕ ਮੌਕਾ ਦੇਣ ਦੇ ਵਿਚਾਰ ’ਤੇ ਪੱਕੇ ਹੋ ਸਕਦੇ ਹਨ ਬਾਕੀ ਸਭ ਕੁਝ ਭਵਿੱਖ ਦੇ ਗਰਭ ਵਿੱਚ ਹੈ।
ਭੱਲਾ ਨਿਊਯਾਰਕ ਦੇ ਇੱਕ ਇਲਾਕੇ ਦੇ ਮੇਅਰ ਹੀ ਨਹੀਂ ਸਗੋਂ ਚਲੰਤ ਅਤੇ ਮਹੱਤਵਪੂਰਨ ਗਲੋਬਲ ਮੁੱਦਿਆਂ ’ਤੇ ਆਪਣੀ ਪੁਖਤਾ ਰਾਏ ਵੱਡੇ ਮੰਚਾਂ ’ਤੇ ਸਾਂਝੀ ਕਰ ਚੁੱਕੇ ਹਨ। ਯੂ. ਐੱਸ. ਡਿਪਾਰਟਮੈਂਟ ਆਫ ਸਟੇਟ ਦੁਆਰਾ ਚੁਣੇ ਗਏ ਸਿਰਫ 22 ਅਧਿਕਾਰੀਆਂ ਵਿੱਚੋਂ ਸ. ਭੱਲਾ ਇੱਕ ਸਨ, ਜਿਨ੍ਹਾਂ ਨੇ ਅਮਰੀਕਾ ਦੇ ‘ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲੋਬਲ ਚੁਣੌਤੀਆਂ’ ਨੂੰ ਹੱਲ ਕਰਨ ਲਈ ਸਥਾਨਕ ਨੇਤਾਵਾਂ ਦੀ ਸ਼ੂਰੁਆਤੀ ਅੰਸੈਂਬਲੀ (ALL) ਵਿੱਚ ਸੇਵਾ ਕਰਨ ਲਈ ਚੁਣੇ ਗਏ ਸਨ। ਹਾਲ ਹੀ ਵਿੱਚ ਦੁਬਈ ਵਿਖੇ ਹੋਈ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ‘COP 28’ ਵਿੱਚ ਵੀ ਹਿੱਸਾ ਲਿਆ, ਜਿਸ ਵਿੱਚ ਰਵੀ ਭੱਲਾ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਆਖਿਆ ਕਿ ਜਲਵਾਯੂ ਸੰਕਟ ਇੱਕ ਪੂਰਵ ਨਿਰਧਾਰਤ ਤਬਾਹੀ ਨਹੀਂ ਹੈ, ਪਰ ਇੱਕ ਚੁਣੌਤੀ ਹੈ ਜਿਸਨੂੰ ਅਸੀਂ ਪਾਰ ਕਰ ਸਕਦੇ ਹਾਂ ਅਤੇ ਸਾਨੂੰ ਪਾਰ ਕਰਨੀ ਚਾਹੀਦੀ ਹੈ। ਰਵੀ ਦੀ ਅਗਵਾਈ ਵਿੱਚ ਹੋਬੋਕੇਨ ਨੇ ਲਗਾਤਾਰ 6 ਸਾਲ ਆਪਣੀ LGBTQIA+ ਸੰਮਿਲਤ ਨੀਤੀਆਂ ਅਤੇ ਕਾਨੂੰਨਾਂ ਲਈ ਮਨੁੱਖੀ ਅਧਿਕਾਰ ਮੁਹਿੰਮ ਲਈ ਮਿਊਂਸੀਪਲ ਸਮਾਨਤਾ ਸੂਚਕ ਅੰਕ (MEI) ਤੋਂ 100% ਸਕੋਰ ਪ੍ਰਾਪਤ ਕੀਤਾ ਹੈ।
ਰਵੀ ਭੱਲਾ ਜਿਸਨੇ ਆਪਣੇ ਹੋਬੋਕੇਨ ਦੀ ਮੇਅਰਸ਼ਿਪ ਦੌਰਾਨ ਲੋਕਾਂ ਨਾਲ ਸਬੰਧਤ ਮੁੱਦਿਆ ’ਤੇ ਨਿੱਠ ਕੇ ਕੰਮ ਕੀਤੇ ਹਨ, ਜਿਨ੍ਹਾਂ ਵਿੱਚ ਘਰਾਂ ਦੀਆਂ ਕੀਮਤਾਂ ਲੋਕਾਂ ਦੀ ਪਹੁੰਚ ਵਿੱਚ ਲਿਆਉਣ, ਪਾਰਕਾਂ ਅਤੇ ਹੋਰ ਖੱੁਲ੍ਹੀਆਂ ਥਾਵਾਂ ਨੂੰ ਵਿਕਸਿਤ ਕਰਨ, ਹੋਬੋਕੇਨ ਨੂੰ ਪੈਦਲ ਲੰਘਣ ਵਾਲਿਆਂ ਲਈ ਸੁਰੱਖਿਅਤ ਪੈਡਸਟ੍ਰੀਅਨ ਲਈ ਨੈਸ਼ਨਲ ਮਾਡਲ ਬਣਾਉਣ, ਫਲੱਡ ਕੰਟਰੋਲ ਕਰਨ ਅਤੇ ਜਲਵਾਯੂ ਦੇ ਪ੍ਰਭਾਵ ਨੂੰ ਬਿਹਤਰ ਢੰਗ ਨਾਲ ਸਹਿਣ ਕਰਨ ਲਈ ਲਚਕੀਲੇਪਣ ਨੂੰ ਵਧਾਉਣਾ ਸ਼ਾਮਲ ਹੈ। ਰਵੀ ਭੱਲਾ ਆਪਣੇ ਪ੍ਰਚਾਰ ਵਿੱਚ ਹਰ ਇੱਕ ਲਈ ਸਿਹਤ ਸੇਵਾਵਾਂ ਦੇ ਅਧਿਕਾਰ ਦਾ ਮੁੱਦੇ ਸਮੇਤ ਵਾਤਾਵਰਣ ਤਬਦੀਲੀ, ਔਰਤਾਂ ਲਈ ਪ੍ਰਜਨਣ ਦੀ ਚੋਣ ਦੇ ਅਧਿਕਾਰ ਅਤੇ ਨਫਰਤ ਨਾਲ ਲੜਨ ਅਤੇ ਸਭਨਾਂ ਲਈ ਕਿ੍ਰਆਸ਼ੀਲ ਰਹਿਣ ਵਾਲੀ ਆਰਥਿਕਤਾ ਸਥਾਪਤ ਕਰਨਾ ਆਦਿ ਮੱੁਖ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਹਨ।
ਰਵੀ ਭੱਲਾ ਦੇ ਹੱਕ ਵਿੱਚ ਲਾਮਬੰਦੀ ਕਰ ਰਹੇ ਉਸਦੇ ਸਮਰਥਕ ਇਹ ਪ੍ਰਚਾਰ ਰਹੇ ਹਨ ਕਿ ਰਵੀ ਭੱਲਾ ਨੇ ਅਮਰੀਕਾ ਦੇ ਬਹੁ ਸੱਭਿਆਚਾਰੀ ਅਤੇ ਬਹੁ ਨਸਲੀ ਲੋਕਤੰਤਰ ਨੂੰ ਨੇੜਿਓਂ ਦੇਖਿਆ-ਹੰਢਾਇਆ ਹੈ। ਭੱਲਾ ਦੇ ਹੱਕ ਵਿੱਚ ਡਟੇ ਲੋਕ ਅਪੀਲ ਕਰ ਰਹੇ ਹਨ ਕਿ ਸਰਕਾਰ ਦਾ ਵਿੱਤੀ ਘਾਟਾ ਘਟਾਉਣ ਲਈ ਕੋਈ ਪਾਕ ਪਵਿੱਤਰ ਸੋਚਣੀ ਅਤੇ ਵਰਤਾਉ ਵਾਲਾ ਉਮੀਦਵਾਰ ਜਿਤਾਉਣਾ ਚਾਹੀਦਾ ਹੈ ਜੋ ਅਮਰੀਕਾ ਦੇ ਸਿੱਧੇ ਦਖਲ ਨਾਲ ਚੱਲ ਰਹੀਆਂ ਯੂਕਰੇਨ ਅਤੇ ਫਲਸਤੀਨ ਦੀਆਂ ਜੰਗਾਂ ਨੂੰ ਖਤਮ ਕਰਵਾ ਕੇ ਅਮਰੀਕੀ ਧਨ ਅਤੇ ਮਨੱੁਖਤਾ ਦੀ ਬਰਬਾਦੀ ਦਾ ਸਿਲਸਿਲਾ ਖਤਮ ਕਰੇ। ਨਾਗਰਿਕ ਅਧਿਕਾਰਾਂ ਦੀ ਆਗੂ ਅਤੇ ਲਾਸ ਏਂਜਲਸ ਟਾਈਮਜ ਅਖਬਾਰ ਵਿੱਚ ਛਪਦੀ ਉਸਦੀ ਇੱਕ ਸਮਰਥਕ ਲੇਖਿਕਾ ਵਾਲੇਰੀ ਕੌਰ ਆਖਦੀ ਹੈ ਕਿ ਅਸੀਂ ਅਮਰੀਕੀ ਇਹ ਜਾਣਦੇ ਹਾਂ ਕਿ ਦੁਨੀਆਂ ਵਿੱਚ ਨਿਆਂ, ਅਜ਼ਾਦੀ ਅਤੇ ਸ਼ਾਂਤੀ ਇਕੱਠੇ ਚੱਲਦੇ ਹਨ ਅਤੇ ਸੰਸਾਰ ਵਿੱਚ ਵਿਸ਼ਵ ਸ਼ਾਂਤੀ ਅਤੇ ਮਾਨਵੀ ਸਹਿਹੋਂਦ ਸਥਾਪਤ ਹੋਣੀ ਬਹੁਤ ਜ਼ਰੂਰੀ ਹੈ।
-ਪੰਜਾਬ ਪੋਸਟ ਬਿਓਰੋ