ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਦੇ ਸਾਬਕਾ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵੜਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ ਸਮਿਆਂ ਦੌਰਾਨ, ਉਨ੍ਹਾਂ ਨੂੰ ਗੈਰ-ਕਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ, ਜਿਸ ਵਿਚ ਕੱੁਝ ਉੱਘੀਆਂ ਸ਼ਖ਼ਸੀਅਤਾਂ ਖਿਲਾਫ਼ ਕੇਸ ਦਰਜ ਕਰਨਾ ਵੀ ਸ਼ਾਮਲ ਹੈ। ਭਾਵੜਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਕਈ ਉੱਘੀਆਂ ਹਸਤੀਆਂ ਨੂੰ ਪੰਜਾਬ ਪੁਲੀਸ ਦੇ ਦਸਤੇ ਦੀ ਸੁਰੱਖਿਆ ਦੇਣ ਸਣੇ ਹੋਰ ਕਈ ਗੈਰ-ਕਨੂੰਨੀ ਸਰਗਰਮੀਆਂ ’ਚ ਸ਼ਮੂਲੀਅਤ ਲਈ ਮਜ਼ਬੂਰ ਕੀਤਾ ਗਿਆ। ਜਸਟਿਸ ਦੀਪਕ ਸਿੱਬਲ ਅਤੇ ਜਸਟਿਸ ਦੀਪਕ ਮਨਚੰਦਾ ਦੇ ਡਿਵੀਜ਼ਨ ਬੈਂਚ ਕੋਲ ਦਾਇਰ ਪਟੀਸ਼ਨ ਵਿੱਚ ਭਾਵੜਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਵੱਲੋਂ ਮਾਰਚ 2022 ਵਿੱਚ ਸੱਤਾ ਸੰਭਾਲਣ ਮਗਰੋਂ ਉਨ੍ਹਾਂ ਉੱਤੇ ਡੀ. ਜੀ. ਪੀ. ਦਾ ਅਹੁਦਾ ਛੱਡਣ ਲਈ ਵੀ ਦਬਾਅ ਬਣਾਇਆ ਗਿਆ। ਭਾਵੜਾ ਨੇ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਇਕ ਹੁਕਮ ਦੀ ਆੜ ਵਿਚ ਉਨ੍ਹਾਂ ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਲਾਂਭੇ ਕਰਨ ਦੇ ਫੈਸਲੇ ਨੂੰ ਵੀ ਚੁਣੌਤੀ ਦਿੱਤੀ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ ਗਰਮੀਆਂ ਦੀਆਂ ਛੁੱਟੀਆਂ ਮਗਰੋਂ 4 ਜੁਲਾਈ ਲਈ ਨਿਰਧਾਰਿਤ ਕੀਤੀ ਹੈ।
ਪੰਜਾਬ ਦੇ ਸਾਬਕਾ ਪੁਲਿਸ ਮੁਖੀ ਨੇ ਹਾਈਕੋਰਟ ’ਚ ਕੀਤਾ ਵੱਡਾ ਦਾਅਵਾ

Published: