ਪੰਜਾਬ ਪੋਸਟ/ਬਿਓਰੋ
ਬਹੁ-ਚਰਚਿਤ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਕੈਨੇਡਾ ਦੀ ਪੁਲਿਸ ਨੇ ਹੁਣ ਚੌਥੇ ਭਾਰਤੀ ਨਾਗਰਿਕ ਨੂੰ ਗਿ੍ਰਫ਼ਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਇਸ ਆਲਮੀ ਪੱਧਰ ਉੱਤੇ ਏਸ ਬਹੁ-ਚਰਚਿਤ ਮਾਮਲੇ ਵਿੱਚ ਇਸ ਤੋਂ ਪਹਿਲਾਂ, ਤਿੰਨ ਭਾਰਤੀ ਨਾਗਰਿਕਾਂ- ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਹੁਣ ਤਾਜ਼ਾ ਕਾਰਵਾਈ ਤਹਿਤ ਗਿ੍ਰਫ਼ਤਾਰ ਕੀਤੇ ਚੌਥੇ ਭਾਰਤੀ ਨਾਗਰਿਕ ਦੀ ਪਛਾਣ ਅਮਰਦੀਪ ਸਿੰਘ (22) ਵਜੋਂ ਦੱਸੀ ਗਈ ਹੈ, ਜੋ ਕੈਨੇਡਾ ਦੇ ਬਰੈਂਪਟਨ, ਸਰ੍ਹੀ ਅਤੇ ਐਬਟਸਫੋਰਡ ਇਲਾਕਿਆਂ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਆਈ ਹੈ ਕਿ ਉਸ ਉੱੱਤੇ ਪਹਿਲਾ ਦਰਜਾ ਕਤਲ ਸ਼੍ਰੇਣੀ ਅਤੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਵੀ ਆਇਦ ਕੀਤਾ ਗਿਆ ਹੈ। ਚੇਤੇ ਰਹੇ ਕਿ ਹਰਦੀਪ ਸਿੰਘ ਨਿੱਝਰ (45) ਦੀ ਪਿਛਲੇ ਸਾਲ 18 ਜੂਨ ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰ੍ਹੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੀ ਜਾਂਚ ਟੀਮ ਨੇ ਕਿਹਾ ਕਿ ਤਾਜ਼ਾ ਕਾਰਵਾਈ ਅਤੇ ਪੜਤਾਲ ਉਪਰੰਤ ਅਮਰਦੀਪ ਸਿੰਘ ਨੂੰ ਨਿੱਝਰ ਕਤਲ ਮਾਮਲੇ ਵਿੱਚ ਉਸ ਦੀ ਸ਼ੱਕੀ ਭੂਮਿਕਾ ਲਈ ਗਿ੍ਰਫ਼ਤਾਰ ਕੀਤਾ ਗਿਆ ਹੈ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੀ ਸੂਚਨਾ ਮੁਤਾਬਕ ਅਮਰਦੀਪ ਸਿੰਘ ਹਥਿਆਰਾਂ ਨਾਲ ਜੁੜੇ ਇੱਕ ਮਾਮਲੇ ਵਿੱਚ ਪਹਿਲਾਂ ਹੀ ਪੀਲ ਰੀਜਨਲ ਪੁਲੀਸ ਦੀ ਹਿਰਾਸਤ ਵਿੱਚ ਸੀ।
ਬਹੁਚਰਚਿਤ ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਚੌਥਾ ਭਾਰਤੀ ਨਾਗਰਿਕ ਗਿ੍ਰਫਤਾਰ
Published: