ਸੈਨ ਫਰਂਸਿਸਕੋ/ਪੰਜਾਬ ਪੋਸਟ
ਤਬਲਾ ਵਾਦਕ ਜ਼ਾਕਿਰ ਹੁਸੈਨ ਦੀ ਦਿਲ ਨਾਲ ਸਬੰਧਤ ਪੇਚੀਦਗੀਆਂ ਕਾਰਨ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਪਰਿਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਹੁਸੈਨ ਦੀ ਮੌਤ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਹੋਈ ਸੀ। ਉਹ 73 ਸਾਲ ਦੇ ਸਨ। ਉਹ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿੱਚ ਲਿਜਾਇਆ ਗਿਆ ਸੀ। ਜ਼ਾਕਿਰ ਹੁਸੈਨ, ਨੂੰ ਇਸ ਪੀੜ੍ਹੀ ਦਾ ਸਭ ਤੋਂ ਮਹਾਨ ਤਬਲਾ ਵਾਦਕ ਮੰਨਿਆ ਜਾਂਦਾ ਹੈ ਅਤੇ ਆਪਣੇ ਪਿੱਛੇ ਉਹ ਪਤਨੀ, ਐਂਟੋਨੀਆ ਮਿਨੇਕੋਲਾ ਅਤੇ ਦੋ ਬੇਟੀਆਂ, ਅਨੀਸਾ ਕੁਰੈਸ਼ੀ ਅਤੇ ਇਜ਼ਾਬੇਲਾ ਕੁਰੈਸ਼ੀ ਨੂੰ ਛੱਡ ਗਏ ਹਨ। 9 ਮਾਰਚ, 1951 ਨੂੰ ਜਨਮੇ, ਜ਼ਾਕਿਰ ਹੁਸੈਨ ਪ੍ਰਸਿੱਧ ਤਬਲਾ ਮਾਸਟਰ ਉਸਤਾਦ ਅੱਲਾ ਰਾਖਾ ਦੇ ਪੁੱਤਰ ਸਨ। ਉਨਾਂ ਦੇ ਦਿਹਾਂਤ ਉੱਤੇ ਕਲਾ ਅਤੇ ਸੰਗੀਤ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।