ਨਵੀਂ ਦਿੱਲੀ/ਪੰਜਾਬ ਪੋਸਟ
ਕੇਂਦਰ ਸਰਕਾਰ ਦੇ ਮੂਹਰੇ ਵਿਰੋਧੀ ਧਿਰ ਵਜੋਂ ਵਿਚਰਦੇ ‘ਇੰਡੀਆ’ ਗੱਠਜੋੜ ਨੇ ਬੀਤੇ ਕੱਲ੍ਹ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਸੂਬਿਆਂ ਨਾਲ ‘ਪੱਖਪਾਤ’ ਕਰਨ ਦਾ ਦੋਸ਼ ਲਾਇਆ ਹੈ ਅਤੇ ਨਾਲ ਹੀ ਇਹ ਫ਼ੈਸਲਾ ਕੀਤਾ ਹੈ ਕਿ ਉਹ ਇਸ ਖ਼ਿਲਾਫ਼ ਅੱਜ 24 ਜੁਲਾਈ ਨੂੰ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ, ਦੁਹਾਂ ਥਾਵਾਂ ਉੱਤੇ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਫ਼ੈਸਲਾ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੀ 10 ਰਾਜਾਜੀ ਮਾਰਗ ਸਥਿਤ ਰਿਹਾਇਸ਼ ’ਤੇ ਸ਼ਾਮ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਬਹੁਤੇ ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਪੂਰੀ ਤਰ੍ਹਾਂ ਪੱਖਪਾਤੀ ਹੈ ਅਤੇ ਇਸ ਵਿੱਚ ਗੈਰ-ਭਾਜਪਾ ਸੂਬਿਆਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਮਲਿਕਰਜੁਨ ਖੜਗੇ, ਰਾਹੁਲ ਗਾਂਧੀ, ਕੇਸੀ ਵੇਣੂਗੋਪਾਲ ਤੋਂ ਇਲਾਵਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਮੋਦ ਤਿਵਾੜੀ, ਗੌਰਵ ਗੋਗੋਈ, ਐੱਨ. ਸੀ. ਪੀ. (ਐੱਸ. ਸੀ. ਪੀ.) ਮੁਖੀ ਸ਼ਰਦ ਯਾਦਵ, ਸ਼ਿਵ ਸੈਨਾ (ਯੂ. ਬੀ. ਟੀ.) ਆਗੂ ਸੰਜੈ ਰਾਊਤ, ਟੀ. ਐੱਮ. ਸੀ. ਦੇ ਆਗੂ ਡੈਰੇਕ ਓ’ਬਰਾਇਨ ਅਤੇ ਕਲਿਅਣ ਬੈਨਰਜੀ, ਡੀ. ਐੱਮ. ਕੇ. ਦੇ ਟੀਆਰ ਬਾਲੂ, ਜੇ. ਐੱਮ. ਐੱਮ. ਦੇ ਮਹੂਆ ਮਾਜੀ, ‘ਆਪ’ ਦੇ ਰਾਘਵ ਚੱਢਾ ਅਤੇ ਸੰਜੈ ਸਿੰਘ, ਸੀ. ਪੀ. ਆਈ.(ਐੱਮ) ਦੇ ਜੌਹਨ ਬ੍ਰਿਟਾਸ ਸਮੇਤ ਹੋਰ ਖੇਤਰੀ ਭਾਈਵਾਲ ਪਾਰਟੀਆਂ ਦੇ ਆਗੂ ਵੀ ਮੌਜੂਦ ਸਨ।






