ਦੇਸ਼ ਦੀ ਸੱਤਾ ’ਤੇ 10 ਸਾਲਾਂ ਤੋਂ ਕਾਬਜ਼ ਭਾਜਪਾ ਗੱਠਜੋੜ ਐੱਨ. ਡੀ. ਏ. ਨੂੰ ਲੋਕ ਸਭਾ ਚੋਣਾਂ ਵਿੱਚ ਖੇਤਰੀ ਧਿਰਾਂ ਨਾਲ ‘ਇੰਡੀਆ’ ਮੁਹਾਜ਼ ਬਣਾ ਕੇ ਇਕਜੁਟ ਹੋ ਕੇ ਟੱਕਰਨ ਦੀ ਕਾਂਗਰਸ ਦੀ ਰਣਨੀਤੀ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਖਾਸਕਰ ਹਾਲ ਹੀ ਵਿੱਚ ਹੋਈਆਂ ਸੂਬਾਈ ਚੋਣਾਂ ਵਿੱਚ ਕਾਂਗਰਸ ਦੇ ਭਾਜਪਾ ਤੋਂ ਪਸਤ ਹੋ ਜਾਣ ਬਾਅਦ ਗੱਠਜੋੜ ਵਿੱਚ ਸ਼ਾਮਲ ਖੇਤਰੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੇ ਸੁਰ ਬਦਲਣੇ ਸ਼ੁਰੂ ਕਰ ਦਿੱਤੇ ਹਨ। ਹੁਣ 28 ਪਾਰਟੀਆਂ ਦੇ ਏਕੇ ਨਾਲ ਬਣੇ ‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਤਿ੍ਰਣਾਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੱਛਮੀ ਬੰਗਾਲ ਅਤੇ ਪੰਜਾਬ ਵਿੱਚ ਕਾਂਗਰਸ ਤੋਂ ਵੱਖ ਹੋ ਕੇ ਚੋਣਾਂ ਲੜਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਗੱਠਜੋੜ ਅੰਦਰੋ ਕੰਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ। ਟੀ. ਐੱਮ. ਸੀ. ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਐਲਾਨ ਦੌਰਾਨ ਇੰਡੀਆ ਗੱਠਜੋੜ ਰਾਹੀਂ ਕਾਂਗਰਸ ਨਾਲ ਜੁੜੀਆਂ ਧਿਰਾਂ ਦੇ ਹੋਰ ਆਗੂ ਵੀ ਅੰਦਰੋਂ ਖੁਸ਼ ਨਜ਼ਰ ਨਹੀਂ ਆ ਰਹੇ, ਗੱਲ ਜੇ. ਡੀ. ਯੂ. ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐੱਨ. ਸੀ. ਪੀ. ਆਗੂ ਸ਼ਰਦ ਪਵਾਰ ਦੀ ਕਰੀਏ ਤਾਂ ਉਹ ਵੀ ਅਜੇ ਖੁੱਲ੍ਹ ਕੇ ਨਹੀਂ ਚੱਲ ਰਹੇ ਅਤੇ ਯੂ. ਪੀ. ਵਿੱਚ ਤਾਂ ਇੰਡੀਆ ਗੱਠਜੋੜ ਦੀਆਂ ਧਿਰਾਂ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦੇ ਆਗੂਆਂ ਕ੍ਰਮਵਾਰ ਅਖਿਲੇਸ਼ ਯਾਦਵ ਅਤੇ ਜੈਯੰਤ ਚੌਧਰੀ ਨੇ ਆਪਸ ਵਿੱਚ ਸੀਟਾਂ ਦੀ ਵੰਡ ਵੀ ਕਰ ਲਈ ਹੈ। ਇਸ ਲਈ ਕਾਂਗਰਸ ਖੇਤਰੀ ਤਾਕਤਾਂ ਨੂੰ ਨਾਲ ਲੈ ਕੇ ਭਾਜਪਾ ਵਿਰੁੱਧ ਦੇਸ਼ ਵਿਆਪੀ ਲੜਾਈ ਵਿੱਢਣ ਦੇ ਮਿਸ਼ਨ ਵਿੱਚ ਅਲੱਗ-ਥਲੱਗ ਜਿਹੀ ਪੈਂਦੀ ਨਜ਼ਰ ਆ ਰਹੀ ਹੈ।
ਕਾਂਗਰਸ ਨੂੰ ਬੀਤੇ ਸਾਲ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੀਤੀ ਭਾਰਤ ਜੋੜੋ ਯਾਤਰਾ ਅਤੇ ਹੁਣ ਮਨੀਪੁਰ ਤੋਂ ਆਰੰਭ ਕੀਤੀ ਦੂਜੇ ਪੜਾਅ ਦੀ ਜਨ ਸੰਪਰਕ ਮੁਹਿੰਮ ‘ਭਾਰਤ ਜੋੜੋ ਨਿਆਂ ਯਾਤਰਾ’ ’ਤੇ ਲੋੜ ਤੋਂ ਵੱਧ ਭਰੋਸਾ ਹੈ। ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਹਰ ਸੂਬੇ ਵਿੱਚ ਅਧਾਰ ਰੱਖਦੀ ਪਾਰਟੀ ਹੋਣ ਦਾ ਮਾਣ ਹੈ, ਇਸ ਲਈ ਕਾਂਗਰਸ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਲਈ ਸ਼ੇਰ ਦੇ ਹਿੱਸੇ ਵਾਂਗ ਵੱਡਾ ਹਿੱਸਾ ਅਤੇ ਅਗਵਾਈ ਵਾਲੀ ਭੂਮਿਕਾ ਚਾਹੁੰਦੀ ਹੈ ਜੋ ਗੱਠਜੋੜ ਦੇ ਸਥਾਪਤ ਖੇਤਰੀ ਆਗੂਆਂ ਮਮਤਾ, ਨਿਤੀਸ਼, ਅਖਿਲੇਸ਼ ਅਤੇ ਸ਼ਰਦ ਪਵਾਰ ਨੇ ਕਦੇ ਵੀ ਖੁੱਲ੍ਹ ਕੇ ਪ੍ਰਵਾਨ ਨਹੀਂ ਕੀਤੀ। ਇਸ ਲਈ ਉਕਤ ਆਗੂਆਂ ਦੀ ਆਪਣੇ ਆਪਣੇ ਸਿਆਸੀ ਮਹੱਤਵ ਨੂੰ ਲੈ ਕੇ ਵਿਚਰਨ ਦੀ ਰਣਨੀਤੀ ਕਾਂਗਰਸ ਲਈ ਬੋਝ ਬਣਦੀ ਜਾ ਰਹੀ ਹੈ। ਕਾਂਗਰਸ ਨੂੰ ਐਨੀਆਂ ਸਿਆਸੀ ਧਿਰਾਂ ਨੂੰ ਆਪਣੇ ਗੱਠਜੋੜੀ ਕਲਾਵੇ ਵਿੱਚ ਲੈ ਕੇ ਚੱਲਣਾ ਚੁਣੌਤੀਪੂਰਨ ਹੀ ਨਹੀਂ, ਸਗੋਂ ਅਸੰਭਵ ਵੀ ਲੱਗਣ ਲੱਗ ਪਿਆ ਹੈ।
ਦੂਜੇ ਪਾਸੇ ਇੰਡੀਆ ਗੱਠਜੋੜ ਦੀਆਂ ਧਿਰਾਂ ਕਾਂਗਰਸ ਨਾਲ ਸਿਆਸੀ ਮੇਲਜੋੜ ਰੱਖਣ ਤੋਂ ਇਸ ਕਰਕੇ ਵੀ ਪਾਸਾ ਵੱਟ ਰਹੀਆਂ ਕਿ ਉਨ੍ਹਾਂ ਦੇ ਕਈ ਆਗੂਆਂ ’ਤੇ ਮੋਦੀ ਸਰਕਾਰ ਦੀਆਂ ਜਾਂਚ ਏਜੰਸੀਆਂ ਵੱਲੋਂ ਭਿ੍ਰਸ਼ਟਾਚਾਰ ਦੇ ਅਨੇਕਾਂ ਕੇਸਾਂ ਕਰਕੇ ਦਬਾਅ ਬਣਾ ਕੇ ਰੱਖਿਆ ਹੋਇਆ ਹੈ। ਦੂਜਾ ਭਾਜਪਾ ਵੱਲੋਂ ਸੂਬਾਈ ਚੋਣਾਂ ਵਿੱਚ ਸਫਲ ਹੋਣ ਤੋਂ ਬਾਅਦ ਹੁਣ ਰਾਮ ਮੰਦਰ ਮੁਹਿੰਮ ਦੇ ਜਲਵਾਨੁਮਾ ਹੋਣ ਦੇ ਸਿਆਸੀ ਲਾਹੇ ’ਤੇ ਸਵਾਰ ਹੋਣ ਕਾਰਨ ਇੰਡੀਆ ਗੱਠਜੋੜ ਦੇ ਆਗੂ ਭਵਿੱਖ ਦੇ ਸੰਭਾਵੀ ਸਿਆਸੀ ਹਾਲਾਤਾਂ ਅਤੇ ਹਕੀਕਤਾਂ ਨੂੰ ਮੁੱਖ ਰੱਖ ਅੱਗੇ ਵਧ ਰਹੇ ਹਨ। ਇਸ ਲਈ ਜੋ ਪ੍ਰਭਾਵ ਇੰਡੀਆ ਗੱਠਜੋੜ ਨੇ ਆਪਣੀ ਕਾਇਮੀ ਮੌਕੇ ਸਿਰਜਿਆ ਸੀ ਉਹ ਹੁਣ ਫਿੱਕਾ ਅਤੇ ਬੇਅਸਰ ਹੁੰਦਾ ਨਜ਼ਰ ਆ ਰਿਹਾ ਹੈ।
ਜੇਕਰ ਤਿ੍ਰਣਾਮੂਲ ਕਾਂਗਰਸ ਵੱਲੋਂ ਪੱਛਮੀ ਬੰਗਾਲ (42 ਸੀਟਾਂ) ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ (13 ਸੀਟਾਂ) ਵਿੱਚ ਅਤੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਵਲੋਂ ਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ 65 ਸੀਟਾਂ ’ਤੇ ਆਪਸੀ ਸਹਿਮਤੀ ਐਲਾਨਣ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਗੱਠਜੋਣ ਤੋਂ ਬਾਹਰੇ ਹੋ ਕੇ ਲੜਨ ਦੇ ਐਲਾਨ ਦੀ ਸਮੀਖਿਆ ਕੀਤੀ ਜਾਵੇ ਤਾਂ 120 ਸੀਟਾਂ ’ਤੇ ਲੜਾਈ ਖਿੱਲਰ ਗਈ ਹੈ ਅਤੇ ਇਸਦੇ ਨਾਲ ਹੀ ਕਾਂਗਰਸ ਵਲੋਂ ਭਾਜਪਾ ਵਿਰੁੱਧ 543 ਲੋਕ ਸਭਾ ਸੀਟਾਂ ਵਿੱਚੋਂ ਘੱਟੋ ਘੱਟ 350 ਸੀਟਾਂ ’ਤੇ ਇੱਕ ਸਾਂਝਾ ਉਮੀਦਵਾਰ ਖੜ੍ਹਾ ਕਰਨ ਦੇ ਦਾਅਵਿਆਂ ਦੀ ਵੀ ਹਵਾ ਨਿੱਕਲ ਗਈ ਹੈ। ਹੁਣ ਗੱਠਜੋੜ ਵਿੱਚ ਤਾਜਾ ਮੱਤਭੇਦ ਸਾਹਮਣੇ ਆਉਣ ਨਾਲ ਕਾਂਗਰਸ ਦੀ ਭਾਜਪਾ ਵਿਰੁੱਧ ਲੜਾਈ ਛਿੱਥੀ ਪੈਂਦੀ ਨਜ਼ਰ ਆ ਰਹੀ ਹੈ ਕਿਉਂ ਕਿ ਜੇ ਇੰਡੀਆਂ ਗੱਠਜੋੜ ਕੁਝ ਸੂਬਿਆਂ ਵਿੱਚ ਇਕੱਠੇ ਹੋ ਕੇ ਭਾਜਪਾ ਵਿਰੁੱਧ ਲੜ ਵੀ ਲੈਂਦਾ ਹੈ ਤਾਂ ਤਾਜਾ ਬਣੇ ਹਾਲਾਤ ਅਨੁਸਾਰ 120 ਸੀਟਾਂ ’ਤੇ ਤਾਂ ਕਾਂਗਰਸ ਨੂੰ ਆਪਣੇ ਸਿਆਸੀ ਭਾਈਵਾਲਾਂ ਨਾਲ ਹੀ ਮੈਦਾਨ ਵਿੱਚ ਆਉਣਾ ਪਵੇਗਾ। ਅਜਿਹੇ ਦਿ੍ਰਸ਼ ਉਭਰਨ ਨਾਲ ਕਾਂਗਰਸ ਦੀ ਲੋਕ ਸਭਾ ਚੋਣਾਂ ਵਿੱਚ ਲੜਾਈ ਦੀ ਧਾਰ ਓਨੀ ਅਸਰਦਾਰ ਨਹੀਂ ਰਹੇਗੀ। ਜਿਸ ਤੇਜੀ ਨਾਲ ‘ਇੰਡੀਆ’ ਗੱਠਜੋੜ ਵਿੱਚ ਅਸੰਤੁਸ਼ਟ ਭਾਈਵਾਲਾਂ ਦਾ ਆਪਣੀ ਪਾੜਾ ਵਧਦਾ ਜਾ ਰਿਹਾ ਹੈ, ਲਗਦਾ ਨਹੀਂ ਕਿ ਕਾਂਗਰਸ ਇਸਨੂੰ ਸਮੇਂ ਸਿਰ ਸਮੇਟ ਲਏਗੀ। ਕਾਂਗਰਸ ਭਾਜਪਾ ਵਿਰੁੱਧ ਇੱਕ ਵੱਡੇ ਸਿਆਸੀ ਯੁੱਧ ਦੀਆਂ ਤਿਆਰੀਆਂ ਕਰਦੀ-ਕਰਦੀ ਕਿਤੇ ਭਾਜਪਾ ਅੱਗੇ ਖੇਤਰੀ ਅਤੇ ਕੰਮਜੋਰ ਲੜਾਈਆਂ ਤੱਕ ਹੀ ਸੀਮਤ ਹੋ ਕੇ ਨਾ ਰਹਿ ਜਾਵੇ। ਹਾਲਾਤ ਇਹ ਮੰਗ ਕਰ ਰਹੇ ਹਨ ਕਿ ਜੇਕਰ ‘ਇੰਡੀਆ’ ਗੱਠਜੋੜ ਨੇ ਆਪਣੀ ਭਾਜਪਾ ਨੂੰ ਟੱਕਰਨ ਅਤੇ ਸੱਤਾ ਤਬਦੀਲੀ ਦੀ ਲੜਾਈ ਨੂੰ ਹੋਰ ਪੁਖਤਾ ਅਤੇ ਦੇਸ਼ ਵਿਆਪੀ ਪ੍ਰਭਾਵੀ ਬਣਾਉਣਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਵੱਡੀ ਸਿਆਸੀ ਪਾਰਟੀ ਹੋਣ ਦਾ ਭਰਮ ਛੱਡ ਕੇ ਇਨ੍ਹਾਂ ਪ੍ਰਭਾਵਸ਼ਾਲੀ ਖੇਤਰੀ ਧਿਰਾਂ ਨੂੰ ਵਡੇਰੇ ਹਿੱਤ ਵਿੱਚ ਕਲਾਵੇ ਵਿੱਚ ਲੈਣ ਦੀਆਂ ਕੋਸ਼ਿਸਾਂ ਲਈ ਜਿਆਦਾ ਦੇਰੀ ਨਹੀਂ ਕਰਨੀ ਚਾਹੀਦੀ।
ਆਮੀਨ!