ਰਾਜਗੀਰੀ/ਪੰਜਾਬ ਪੋਸਟ
ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਬਿਹਾਰ ਸੂਬੇ ਦੇ ਰਾਜਗੀਰੀ ਵਿਖੇ ਹੋਏ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਬਰਕਰਾਰ ਰੱਖਿਆ। ਭਾਰਤ ਦੀ ਸਟਰਾਈਕਰ ਦੀਪਿਕਾ ਨੇ 31ਵੇਂ ਮਿੰਟ ’ਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਭਾਰਤ ਲਈ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕੀਤੇ। ਭਾਰਤ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਚੀਨ ਨੂੰ 3-0 ਨਾਲ ਹਰਾਇਆ ਸੀ। ਇਸ ਜਿੱਤ ਦੀ ਖਾਸ ਗੱਲ ਇਹ ਵੀ ਹੈ ਕਿ ਭਾਰਤ ਵੱਲੋਂ 2016 ਅਤੇ 2023 ਵਿੱਚ ਇਹੀ ਟੂਰਨਾਮੈਂਟ ਜਿੱਤਣ ਤੋਂ ਬਾਅਦ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਇਹ ਤੀਜਾ ਖਿਤਾਬ ਹੈ ਜਿਸ ਨਾਲ ਭਾਰਤੀ ਮਹਿਲਾ ਟੀਮ ਦਾ ਹੌਂਸਲਾ ਕਾਫੀ ਵਧੇਗਾ। ਪਿਛਲੇ ਸਾਲ ਰਾਂਚੀ ਅਤੇ 2016 ਵਿੱਚ ਸਿੰਗਾਪੁਰ ’ਚ ਇਹ ਖਿਤਾਬ ਜਿੱਤ ਚੁੱਕੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ। ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਦੀਪਿਕਾ ਨੇ ਦੂਜੇ ਅੱਧ ਦੇ ਪਹਿਲੇ ਹੀ ਮਿੰਟ ’ਚ ਗੋਲ ਕਰ ਦਿੱਤਾ। ਜਪਾਨ ਖ਼ਿਲਾਫ਼ ਸੈਮੀਫਾਈਨਲ ਵਿੱਚ 16 ਪੈਨਲਟੀ ਕਾਰਨਰਾਂ ’ਤੇ ਇੱਕ ਵੀ ਗੋਲ ਨਾਕਰ ਸਕੀ ਭਾਰਤੀ ਟੀਮ ਦੀ ਇਹ ਕਮਜ਼ੋਰੀ ਫਾਈਨਲ ਦੇ ਪਹਿਲੇ 30 ਮਿੰਟਾਂ ਵਿੱਚ ਵੀ ਦੇਖਣ ਨੂੰ ਮਿਲੀ। ਉਸ ਨੂੰ ਪਹਿਲੇ 30 ਮਿੰਟਾਂ ਵਿੱਚ ਚਾਰ ਪੈਨਲਟੀ ਕਾਰਨਰ ਮਿਲੇ ਪਰਸਾਰੇ ਬੇਕਾਰ ਗਏ ਸਨ।