ਬੇਰੂਤ/ਪੰਜਾਬ ਪੋਸਟ
ਇਜ਼ਰਾਈਲ ਵੱਲੋਂ ਲਿਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਉੱਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਹਮਲਿਆਂ ‘ਚ ਹੁਣ ਤੱਕ ਹਿਜ਼ਬੁੱਲਾ ਮੁਖੀ ਨਸਰੁੱਲਾ ਸਮੇਤ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 195 ਲੋਕ ਜ਼ਖਮੀ ਹੋਏ ਹਨ। ਨਾਲ ਹੀ ਅਮਰੀਕਾ ਨੇ ਵੀ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਣੀ ਏਅਰ ਫੋਰਸ ਨੂੰ ਮੈਦਾਨ ‘ਚ ਉਤਾਰਿਆ ਹੋਇਆ ਹੈ। ਦਰਅਸਲ ਇਜ਼ਰਾਇਲੀ ਫੌਜ ਨੇ ਅੱਜ ਸਵੇਰੇ ਪਹਿਲੀ ਵਾਰ ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਦਹਿਸ਼ਤ ਫੈਲਾਈ ਅਤੇ ਇਜ਼ਰਾਈਲੀ ਫੌਜ ਨੇ ਸ਼ਹਿਰ ਦੀ ਇੱਕ ਵੱਡੀ ਇਮਾਰਤ ਨੂੰ ਉਡਾ ਦਿੱਤਾ। ਇਸ ਹਮਲੇ ‘ਚ ਘੱਟੋ-ਘੱਟ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਫਲਸਤੀਨ ਪੱਖੀ ਸਮੂਹ ਪੀ. ਐਫ. ਐਲ. ਪੀ. ਦਾ ਕਹਿਣਾ ਹੈ ਕਿ ਹਮਲੇ ਵਿੱਚ ਉਸਦੇ ਤਿੰਨ ਨੇਤਾ ਮਾਰੇ ਗਏ ਸਨ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਵਧਦੇ ਸੰਘਰਸ਼ ‘ਚ ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਈਲ ਨੇ ਬੇਰੂਤ ਦੇ ਕਿਸੇ ਰਿਹਾਇਸ਼ੀ ਇਲਾਕੇ ‘ਤੇ ਹਮਲਾ ਕੀਤਾ ਹੈ।






