ਪਟਿਆਲਾ/ਪੰਜਾਬ ਪੋਸਟ
ਪੰਜਾਬ ਦੇ ਚੌਲਾਂ ਦੇ ਨਮੂਨੇ ਦੂਸਰੇ ਸੂਬਿਆਂ ਵਿੱਚ ਨਕਾਰੇ ਜਾਣ ਮਗਰੋਂ ਪੰਜਾਬ ਦੇ ਚੌਲ ਮਿੱਲ ਮਾਲਕਾਂ ਦੇ ਸਾਹ ਸੂਤੇ ਗਏ ਹਨ ਅਤੇ ਉਹ ਹੁਣ ਤੈਅ ਮਾਪਦੰਡਾਂ ਤੋਂ ਹੇਠਾਂ ਫ਼ਸਲ ਚੁੱਕਣ ਤੋਂ ਕਿਨਾਰਾ ਕਰਨ ਲੱਗੇ ਹਨ। ਇਸ ਦਰਮਿਆਨ, ਇਹ ਵੀ ਖਦਸ਼ਾ ਹੈ ਕਿ ਝੋਨੇ ਦੀ ਖ਼ਰੀਦ ਆਖ਼ਰੀ ਪੜਾਅ ‘ਤੇ ਵੀ ਹੁਣ ਪ੍ਰਭਾਵਿਤ ਹੋ ਸਕਦੀ ਹੈ। ਅਰੁਣਾਚਲ ਪ੍ਰਦੇਸ਼ ਅਤੇ ਕਰਨਾਟਕ ਵਿੱਚ ਗਏ ਪੰਜਾਬ ਦੇ ਚੌਲਾਂ ਦੀ ਨਮੂਨੇ ਫ਼ੇਲ ਹੋ ਗਏ ਹਨ ਜਿਸ ਦਾ ਸਿੱਧਾ ਅਸਰ ਹੁਣ ਖ਼ਰੀਦ ‘ਤੇ ਪੈਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਮਿੱਲਰਾਂ ‘ਤੇ ਵੱਧ ਨਮੀ ਦੀ ਮਾਤਰਾ ਵਾਲਾ ਝੋਨਾ ਚੁੱਕਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਦੋਂ ਕਿ ਮਿੱਲਰ ਅਜਿਹਾ ਕਰਨ ਨੂੰ ਤਿਆਰ ਨਹੀਂ। ਪੰਜਾਬ ਦੇ ਮਿੱਲਰਾਂ ਦਾ ਕਹਿਣਾ ਹੈ ਕਿ ਉਹ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਚੁੱਕਣਗੇ। ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨਾਂ ਵਿੱਚੋਂ ਕੁਝ ਫ਼ਰੀਦ ਕੋਟ ਜ਼ਿਲੇ ਵਿੱਚ ਮਿੱਲ ਮਾਲਕਾਂ ਨੂੰ ਝੋਨੇ ਦੇ ਭਰੇ ਟਰੱਕ ਮਿੱਲਾਂ ‘ਚ ਅਨਲੋਡ ਕਰਨ ਵਾਸਤੇ ਮਜਬੂਰ ਕਰਨ ਲਈ ਪੁਲੀਸ ਬੁਲਾਏ ਜਾਣ ਨਾਲ ਸਬੰਧਤ ਹਨ। ਮਮਦੋਟ ਅਤੇ ਮੱਖੂ ‘ਚ ਵੀ ਮਿੱਲ ਮਾਲਕ ਪ੍ਰਸ਼ਾਸਨ ‘ਤੇ ਉਨਾਂ ਨੂੰ ਨਿਰਧਾਰਤ ਨਮੀ ਤੋਂ ਵੱਧ ਮਾਤਰਾ ਵਾਲਾ ਝੋਨਾ ਲੈਣ ਲਈ ਮਜਬੂਰ ਕਰਨ ਦਾ ਦੋਸ਼ ਲਾ ਰਹੇ ਹਨ। ਦੂਜੇ ਬੰਨੇ, ਪੰਜਾਬ ਦੀਆਂ ਮੰਡੀਆਂ ਵਿੱਚ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਝੋਨੇ ਦੀ ਆਮਦ ਜ਼ੋਰਾਂ ‘ਤੇ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵੀ ਝੋਨੇ ਦੀ ਖਰੀਦ ਅਤੇ ਲਿਫ਼ਟਿੰਗ ਦੇ ਕੰਮ ਨੂੰ ਤੇਜ਼ ਕਰ ਦਿੱਤਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਸਵਾ ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 95 ਫ਼ੀਸਦ ਤੋਂ ਵੱਧ ਝੋਨਾ ਖਰੀਦਿਆ ਵੀ ਜਾ ਚੁੱਕਿਆ ਹੈ ਹਾਲਾਂਕਿ ਹਾਲੇ ਤੱਕ ਪੰਜਾਬ ਦੀਆਂ ਮੰਡੀਆਂ ਵਿੱਚੋਂ ਕੁੱਲ ਝੋਨੇ ਦਾ 60 ਤੋਂ 65 ਫ਼ੀਸਦ ਹਿੱਸਾ ਹੀ ਪਹੁੰਚਿਆ ਹੈ, ਜਦੋਂ ਕਿ 35 ਤੋਂ 40 ਫ਼ੀਸਦ ਫ਼ਸਲ ਆਉਣੀ ਬਾਕੀ ਹੈ।