ਢਾਕਾ/ਪੰਜਾਬ ਪੋਸਟ
ਗੁਆਂਢੀ ਦੇਸ਼ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਤਲਬ ਕਰਕੇ ਉੱਤਰ ਪੂਰਬੀ ਸੂਬੇ ਤਰਿਪੁਰਾ ਦੇ ਅਗਰਤਲਾ ਵਿਚ ਆਪਣੇ ਮਿਸ਼ਨ ’ਚ ਭੰਨਤੋੜ ਦੀ ਘਟਨਾ ਖਿਲਾਫ਼ ਸਖ਼ਤ ਰੋਸ ਜਤਾਇਆ ਹੈ। ਇਹੀ ਨਹੀਂ ਬੰਗਲਾਦੇਸ਼ ਨੇ ‘ਸੁਰੱਖਿਆ ਕਾਰਨਾਂ’ ਦੇ ਹਵਾਲੇ ਨਾਲ ਅਗਰਤਲਾ ਸਥਿਤ ਆਪਣੇ ਸਹਾਇਕ ਹਾਈ ਕਮਿਸ਼ਨ ਵਿਚ ਸਾਰੀਆਂ ਕੌਂਸਲਰ ਸੇਵਾਵਾਂ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, ‘‘ਵਰਮਾ ਨੂੰ ਸੱਦਿਆ ਗਿਆ ਸੀ ਤੇ ਅਸੀਂ ਆਪਣੇ ਫ਼ਿਕਰਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾ ਦਿੱਤਾ ਹੈ।’’ ਇਸ ਤੋਂ ਪਹਿਲਾਂ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਤੌਹੀਦ ਹੁਸੈਨ ਨੇ ਕਿਹਾ ਸੀ ਕਿ ਅਗਰਤਲਾ ਘਟਨਾ ਮਗਰੋਂ ਭਾਰਤੀ ਸਫ਼ੀਰ ਨੂੰ ਵਿਦੇਸ਼ ਦਫ਼ਤਰ ਵਿਚ ਆਉਣ ਲਈ ਕਿਹਾ ਗਿਆ ਹੈ। ਉਧਰ ਵਰਮਾ ਨੇ ਕਿਹਾ ਕਿ ਦਿੱਲੀ ਬੰਗਲਾਦੇਸ਼ ਨਾਲ ‘ਲਗਾਤਾਰ ਸਥਿਰ ਤੇ ਉਸਾਰੂ ਸਬੰਧ’ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਕਹਿਰੀ ਘਟਨਾ/ਮਸਲਾ ਦੁਵੱਲੇ ਸਬੰਧਾਂ ਵਿਚ ਅੜਿੱਕਾ ਨਹੀਂ ਬਣ ਸਕਦਾ।







