ਮਾਲੇਰਕੋਟਲਾ/ਪੰਜਾਬ ਪੋਸਟ
ਮਲੇਰਕੋਟਲਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵਸਦੇ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫ਼ਿਤਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਥਾਨਕ ਵੱਡੀ ਈਦਗਾਹ ਅਤੇ ਸ਼ਹਿਰ ਦੀਆਂ ਹੋਰਨਾਂ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ। ਵੱਡੀ ਈਦਗਾਹ ਵਿੱਚ ਮੁਫ਼ਤੀ-ਏ-ਆਜ਼ਮ ਪੰਜਾਬ ਜਨਾਬ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਈਦ ਉਲ ਫ਼ਿਤਰ ਦੀ ਨਮਾਜ਼ ਅਦਾ ਕਰਵਾਈ।
ਨਮਾਜ਼ ਅਦਾ ਕਰਾਉਣ ਤੋਂ ਪਹਿਲਾਂ ਈਦਗਾਹ ਇਕੱਤਰ ਹੋ ਰਹੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਜਮਹੂਰੀਅਤ ਵਿੱਚ ਆਪਣੀ ਭਰਵੀਂ ਭਾਗੀਦਾਰੀ ਦਰਜ ਕਰਵਾਏ ਅਤੇ ਮੁਸਲਿਮ ਭਾਈਚਾਰੇ ਦੇ ਮਰਦ, ਔਰਤਾਂ ਅਤੇ ਨੌਜਵਾਨ ਚੋਣਾਂ ਦੌਰਾਨ ਬਗ਼ੈਰ ਕਿਸੇ ਲਾਲਚ, ਡਰ ਅਤੇ ਦਬਾਅ ਦੇ ਵੋਟ ਦੀ ਵਰਤੋਂ ਕਰਨ। ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਫਲਸਤੀਨੀਆਂ ਨਾਲ ਵੀ ਇੱਕਜੁਟਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿੱਚ ਜਲਦੀ ਹੀ ਮੈਡੀਕਲ ਕਾਲਜ ਅਤੇ ਲੜਕੀਆਂ ਦਾ ਕਾਲਜ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ। ਖੇਡ ਮੰਤਰੀ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਵੀ ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਦਿੱਤੀ।