ਕਰਨਾਲ/ਬਿਓਰੋ
ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ਮੌਕੇ ’ਤੇ ਸੂਬੇ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਵਿਸ਼ੇਸ਼ ਛੋਟ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਦੋਸ਼ੀਆਂ ਨੂੰ 10 ਸਾਲ ਜਾਂ ਇਸ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ।
ਇਸ ਫੈਸਲੇ ਦੇ ਮੱਦੇਨਜ਼ਰ ਹੀ ਬਲਾਤਕਾਰ ਕੇਸ ’ਚ ਸਜ਼ਾਯਾਫਤਾ ਸੌਦਾ ਸਾਧ ਨੂੰ ਵੀ ਫਾਇਦਾ ਹੋਵੇਗਾ। ਸਰਕਾਰ ਦੇ ਇਸ ਫ਼ੈਸਲੇ ਕਾਰਨ ਸੌਦਾ ਸਾਧ 10 ਦਿਨ ਹੋਰ ਜੇਲ੍ਹ ਤੋਂ ਬਾਹਰ ਰਹੇਗਾ। ਸੌਦਾ ਸਾਧ 20 ਜਨਵਰੀ ਨੂੰ ਹੀ 50 ਦਿਨਾਂ ਲਈ ਪੈਰੋਲ ’ਤੇ ਬਾਹਰ ਆਇਆ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ 9ਵੀਂ ਵਾਰ ਪੈਰੋਲ ਮਿਲੀ ਹੈ ਤੇ ਹੁਣ 10 ਦਿਨ ਹੋਰ ਪੈਰੋਲ ਵਧਣ ਕਰ ਕੇ ਉਹ 60 ਦਿਨਾਂ ਲਈ ਬਾਹਰ ਰਹੇਗਾ।
ਸੌਦਾ ਸਾਧ ਨੂੰ ਜਿਨਸੀ ਸ਼ੋਸ਼ਣ ਅਤੇ ਨਨਾਂ ਦੀ ਹੱਤਿਆ ਦੇ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਸਰਕਾਰ ਦੇ ਫ਼ੌਸਲੇ ਅਨੁਸਾਰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 45 ਦਿਨਾਂ ਦੀ ਛੋਟ ਦਿੱਤੀ ਗਈ ਹੈ।
ਇਸੇ ਤਰ੍ਹਾਂ 5 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 30 ਦਿਨਾਂ ਦੀ ਛੋਟ ਦਿੱਤੀ ਗਈ ਹੈ। ਇਹ ਛੋਟ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਵੀ ਦਿੱਤੀ ਜਾਵੇਗੀ ਜੋ ਗਣਤੰਤਰ ਦਿਵਸ ਯਾਨੀ 26 ਜਨਵਰੀ ਨੂੰ ਜੇਲ ਤੋਂ ਪੈਰੋਲ ਜਾਂ ਫਰਲੋ ’ਤੇ ਹਨ, ਬਸ਼ਰਤੇ ਉਹ ਨਿਰਧਾਰਤ ਮਿਤੀ ’ਤੇ ਸਬੰਧਤ ਜੇਲ੍ਹਾਂ ਵਿਚ ਸਮਰਪਣ ਕਰ ਦੇਣ। ਇਹ ਛੋਟ ਉਨ੍ਹਾਂ ਦੀ ਪੈਰੋਲ ਜਾਂ ਛੁੱਟੀ ਦੀ ਮਿਆਦ ਪੁੱਗਣ ਦੀ ਸੂਰਤ ਵਿੱਚ ਕੈਦ ਦੀ ਬਾਕੀ ਮਿਆਦ ਵਿੱਚ ਦਿੱਤੀ ਜਾਵੇਗੀ। ਇਹ ਛੋਟ ਉਨ੍ਹਾਂ ਦੋਸ਼ੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਜੁਰਮਾਨਾ ਅਦਾ ਨਾ ਕਰਨ ਕਾਰਨ ਸਜ਼ਾ ਕੱਟ ਚੁੱਕੇ ਹਨ।