*ਹਾਈਵੇਅ ਉੱਤੇ ਇੱਕ ਬੱਸ ਨੂੰ ਲੁੱਟੇ ਜਾਣ ਦੀ ਆਪਣੀ ਕਿਸਮ ਦੀ ਪਹਿਲੀ ਵਾਰਦਾਤ
(ਲਾਲੜੂ/ਪੰਜਾਬ ਪੋਸਟ)
ਹਾਈਵੇਅ ਉੱਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਾਂ ਅਕਸਰ ਹੁੰਦਿਆਂ ਹਨ ਪਰ ਹੁਣ ਹਾਈਵੇਅ ਉੱਤੇ ਬੱਸ ਲੁੱਟਣ ਦਾ ਆਪਣੀ ਕਿਸਮ ਦਾ ਪਹਿਲਾ ਮਾਮਲਾ ਆਇਆ ਹੈ। ਬੀਤੀ ਰਾਤ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਲਾਲੜੂ ਆਈ.ਟੀ.ਆਈ. ਚੌਕ ‘ਤੇ ਪਹਿਲੀ ਵਾਰ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਲਾਲ ਬੱਤੀ ‘ਤੇ ਰੁਕੀ ਬੱਸ ਦੀ ਭੰਨਤੋੜ ਕੀਤੀ, ਤਲਵਾਰ ਦੀ ਨੋਕ ‘ਤੇ ਧਮਕੀਆਂ ਦਿੱਤੀਆਂ, ਕੰਡਕਟਰ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਸਰਵਿਸ ਰੋਡ ‘ਤੇ ਖੜ੍ਹੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਇਸ ਦਰਮਿਆਨ, ਕੰਡਕਟਰ ਨੇ ਭੱਜ ਕੇ ਟ੍ਰੈਫਿਕ ਪੁਲਿਸ ਤੋਂ ਬਾਈਕ ਸਵਾਰਾਂ ਨੂੰ ਫੜਨ ਲਈ ਮਦਦ ਮੰਗੀ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕੇ ਸਨ। ਇਸ ਉਪਰੰਤ ਰੋਡਵੇਜ਼ ਦੇ ਬੱਸ ਚਾਲਕਾਂ ਨੇ ਰੋਸ ਵਜੋਂ ਕਾਫੀ ਦੇਰ ਤੱਕ ਚੌਕ ’ਤੇ ਜਾਮ ਵੀ ਲਾਇਆ। ਜਿਸ ਵੀ ਇਹ ਘਟਨਾ ਵਾਪਰੀ ਤਾਂ ਓਸ ਵੇਲੇ ਅੰਬਾਲਾ ਡਿਪੂ ਦੀ ਇਹ ਲੋਕਲ ਬੱਸ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।