ਰਾਜਾਸਾਂਸੀ,ਅੰਮ੍ਰਿਤਸਰ/ਪੰਜਾਬ ਪੋਸਟ
ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦਾ ਸੈਨਿਕ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲੈਂਡ ਕਰ ਚੁੱਕਾ ਹੈ। ਹਵਾਈ ਅੱਡੇ ਉਤੇ ਜਹਾਜ਼ ਰਾਹੀਂ ਪੁੱਜੇ ਭਾਰਤੀ ਨਾਗਰਿਕਾਂ ਨੂੰ ਪ੍ਰਸ਼ਾਸਨ ਵਲੋਂ ਖਾਣਾ ਖਵਾਇਆ ਜਾਵੇਗਾ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨਾਲ ਪੰਜਾਬ ਸਰਕਾਰ ਤੇ ਪੁਲੀਸ ਨਰਮੀ ਨਾਲ ਪੇਸ਼ ਆਵੇਗੀ ਤੇ ਦੋਸਤਾਨਾ ਰਵੱਈਆ ਰੱਖੇਗੀ ਪਰ ਪੁਲੀਸ ਵਲੋਂ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਜਾਂਚਿਆ ਜਾਵੇਗਾ ਤੇ ਉਸ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਡਿਪੋਰਟ ਕੀਤੇ ਗਏ ਪਰਵਾਸੀ ਤੋਂ ਉਨ੍ਹਾਂ ਦੇ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਪਿਛੋਕੜ ਦੇ ਵੇਰਵੇ ਹਾਸਲ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਇਹ ਵਿਅਕਤੀ ਗੈਰਕਾਨੂੰਨੀ ਇਮੀਗ੍ਰੇਸ਼ਨ ਬਾਰੇ ਅਸਲ ਜਾਣਕਾਰੀ ਪ੍ਰਦਾਨ ਕਰ ਸਕਦੇ ਨੇ ਜਿਸ ਰਾਹੀਂ ਪਤਾ ਲੱਗੇਗਾ ਕਿ ਡੰਕੀ ਰੂਟ ਜ਼ਰੀਏ ਟਰੈਵਲ ਏਜੰਟ ਲੋਕਾਂ ਨੂੰ ਕਿਵੇਂ ਲੁੱਟਦੇ ਹਨ।