ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ‘ਚ ਸਰਪੰਚੀ ਦੇ ਅਹੁਦੇ ਦੀ ਨਿਲਾਮੀ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਤਲਬ ਕਰ ਲਈ ਹੈ। ਪੰਜਾਬ ਵਿੱਚ ਕੁਝ ਦਿਨਾਂ ਦੌਰਾਨ ਸਰਪੰਚੀ ਦੇ ਅਹੁਦੇ ਦੀ ਸ਼ਰ੍ਹੇਆਮ ਬੋਲੀ ਲੱਗਣ ਦੀਆਂ ਵੀਡੀਓਜ਼ ਨਸ਼ਰ ਹੋਈਆਂ ਹਨ, ਜਿਨ੍ਹਾਂ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਕਲਾਂ ਦੀ ਸਰਪੰਚੀ ਦੀ ਬੋਲੀ ਦੋ ਕਰੋੜ ਰੁਪਏ ਪੁੱਜਣ ਦੀਆਂ ਖ਼ਬਰਾਂ ਵੀ ਸ਼ਾਮਲ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਨੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਸਨ। ਇਸੇ ਤਰ੍ਹਾਂ ਮੁਕਤਸਰ ਇੱਕ ਪਿੰਡ ਵਿੱਚ ਸਰਪੰਚੀ ਦੀ ਬੋਲੀ ਲੱਗੀ ਸੀ, ਜਿਸ ਦੀ ਜਾਂਚ ਐੱਸਡੀਐੱਮ ਕਰ ਰਹੇ ਹਨ। ਇਵੇਂ ਹੀ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿੱਚ ਬੋਲੀ 60 ਲੱਖ ਰੁਪਏ ਤੱਕ ਪੁੱਜਣ ਦੀ ਵੀਡੀਓ ਵੀ ਸਾਹਮਣੇ ਆਈ ਸੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਸਾਹਮਣੇ ਆਈਆਂ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਸਬੰਧਤ ਪੰਚਾਇਤਾਂ ਵੱਲੋਂ ਸਰਪੰਚ ਦਾ ਅਹੁਦਾ ਨਿਲਾਮ ਕੀਤਾ ਜਾ ਰਿਹਾ ਹੈ ਅਤੇ ਵੱਧ ਬੋਲੀ ਲਾਉਣ ਵਾਲੇ ਨੂੰ ‘ਸਰਬਸੰਮਤੀ ਨਾਲ ਸਰਪੰਚ’ ਚੁਣ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹੇ ਵਿੱਚ ਅਜਿਹੀ ਕਿਸੇ ਵੀ ਵਿਸ਼ੇਸ਼ ਘਟਨਾ ਦੀ ਪੂਰੀ ਬਾਰੀਕੀ ਨਾਲ ਨਿਗਰਾਨੀ ਕਰਨ ਅਤੇ 24 ਘੰਟਿਆਂ ਦੇ ਅੰਦਰ ਕਮਿਸ਼ਨ ਨੂੰ ਆਪਣੀਆਂ ਟਿੱਪਣੀਆਂ ਸਮੇਤ ਵਿਸਥਾਰਿਤ ਰਿਪੋਰਟ ਪੇਸ਼ ਕਰਨ।