ਖਨੌਰੀ/ਪੰਜਾਬ ਪੋਸਟ
ਮੌਜੂਦਾ ਸਮੇਂ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤੋਂ ਤਿੰਨ ਰੋਜ਼ਾ ਕਿਸਾਨ ਮਹਾਂਪੰਚਾਇਤਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਆਉਂਦੀ 13 ਫਰਵਰੀ ਨੂੰ ਮੌਜੂਦਾ ਕਿਸਾਨ ਅੰਦੋਲਨ ਦਾ ਇੱਕ ਵਰ੍ਹਾ ਮੁਕੰਮਲ ਹੋਣ ਨੂੰ ਲੈ ਕੇ 11, 12 ਅਤੇ 13 ਫਰਵਰੀ ਨੂੰ ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨਾਂ ਦੀ ਸ਼ੁਰੂਆਤ ਅੱਜ ਰਾਜਸਥਾਨ ਦੇ ਰਤਨਾਪੁਰ ਵਿਖੇ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਤੋਂ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਕਿਸਾਨ ਪਹੁੰਚ ਰਹੇ ਹਨ। ਸ਼ੰਭੂ ਬਾਰਡਰ ਮੋਰਚੇ ’ਤੇ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਮੇਂ ਵਿਚ ਚਲ ਰਹੇ ਖੇਤੀ ਸੈਕਟਰ ਦੇ ਸੰਕਟਾਂ ਨੂੰ ਹੱਲ ਕਰਨ ਲਈ ਜਾਰੀ ਸੰਘਰਸ਼ ਨੂੰ ਹੋਰ ਵਿਆਪਕ ਪੱਧਰ ਉਤੇ ਲਿਜਾਣ ਲਈ ਭਰਾਤਰੀ ਜਥੇਬੰਦੀਆਂ ਨਾਲ ਏਕਤਾ ਲਈ ਜਾਰੀ ਯਤਨਾਂ ਨੂੰ ਅੱਗੇ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਭਲਕੇ 12 ਫ਼ਰਵਰੀ ਨੂੰ ਮੀਟਿੰਗ ਵੀ ਰੱਖੀ ਗਈ ਹੈ ਅਤੇ ਮੀਟਿੰਗ ਵਿਚ ਹਿੱਸਾ ਲੈਣ ਲਈ ਆਗੂਆਂ ਦਾ ਵਫ਼ਦ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਜਾ ਰਿਹਾ ਹੈ।