*5 ਨਵੰਬਰ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼
ਪਹਿਲੀ ਪਾਤਸ਼ਾਹੀ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦਾ ਸਮਾਂ ਓਹ ਸਮਾਂ ਸੀ ਜਦੋਂ ਦੁਨੀਆਂ ‘ਤੇ ਅਗਿਆਨਤਾ ਦੀ ਧੁੰਦ ਅਤੇ ਵਹਿਮਾਂ ਭਰਮਾਂ ਅਤੇ ਕਰਮ ਕਾਂਡਾਂ ਦਾ ਹਨੇਰਾ ਛਾਇਆ ਹੋਇਆ। ਸੀ ਗੁਰੂ ਨਾਨਕ ਦੇਵ ਜੀ ਇੱਕ ਪ੍ਰਕਾਸ਼ਮਾਨ ਹਸਤੀ ਵਜੋਂ ਉਭਰੇ ਜਿਨ੍ਹਾਂ ਦੇ ਜੀਵਨ ਰੂਪੀ ਚਾਨਣ ਨੇ ਹਨੇਰਾ ਦੂਰ ਕੀਤਾ ਅਤੇ ਦੁਨੀਆਂ ‘ਤੇ ਧਰਮ, ਜਾਤ ਅਤੇ ਪਰੰਪਰਾ ਦੀਆਂ ਵੰਡੀਆਂ ਨੂੰ ਚੁਣੌਤੀ ਦਿੱਤੀ। ਆਪਣੇ ਮੁੱਢਲੇ ਜੀਵਨ ਤੋਂ ਹੀ, ਉਨ੍ਹਾਂ ਨੇ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਕਿ ਅਧਿਆਤਮਿਕਤਾ ਨੂੰ ਰਸਮਾਂ ਜਾਂ ਸਮਾਜਿਕ ਦਰਜਾਬੰਦੀ ਤੱਕ ਸੀਮਤ ਕੀਤਾ ਜਾ ਸਕਦਾ ਹੈ, ਇਸ ਦੀ ਬਜਾਏ ਇਹ ਕਿਹਾ ਕਿ ਅਕਾਲ ਪੁਰਖ ਹਰ ਮਨੁੱਖ ਲਈ ਬਰਾਬਰ ਪਹੁੰਚਣਯੋਗ ਹੈ। ਦੂਰ-ਦੂਰ ਤੱਕ ਯਾਤਰਾ ਕਰਦੇ ਹੋਏ, ਉਨ੍ਹਾਂ ਨੇ ਏਕਤਾ ਦਾ ਸੰਦੇਸ਼ ਦਿੱਤਾ ਕਿ ‘ਨਾ ਕੋਈ ਹਿੰਦੂ, ਨਾ ਮੁਸਲਮਾਨ’ – ਅਤੇ ਪਰਿਵਰਤਨਸ਼ੀਲ ਸਿਧਾਂਤਾਂ ਵਿੱਚ ਮਜ਼ਬੂਤ ਜੜ੍ਹਾਂ ਵਾਲੇ ਵਿਸ਼ਵਾਸ ਦੀ ਨੀਂਹ ਰੱਖੀ। ‘ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ’- ਉਨ੍ਹਾਂ ਦੇ ਇਹ ਬਚਨ, ਉਨ੍ਹਾਂ ਦੀ ਸਾਂਝੀ ਰਸੋਈ (ਲੰਗਰ) ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨਾਲ ਉਨ੍ਹਾਂ ਦੇ ਸੰਵਾਦ ਰਾਹੀਂ, ਉਨ੍ਹਾਂ ਦਾ ਪ੍ਰਭਾਵ ਸਿਰਫ਼ ਵਿਸ਼ਵਾਸ ਕਰਨ ਲਈ ਹੀ ਨਹੀਂ, ਸਗੋਂ ਦਇਆ, ਨਿਆਂ ਅਤੇ ਸਮਾਨਤਾ ਵਿੱਚ ਰਹਿਣ ਲਈ ਇੱਕ ਬਖ਼ਸ਼ਿਸ਼ ਵਜੋਂ ਰੂਪਮਾਨ ਹੁੰਦੇ ਹਨ।
ਇਤਿਹਾਸਕਾਰਾਂ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼, ਕੱਤਕ ਮਹੀਨੇ ਦੀ ਪੁੰਨਿਆ ਵਾਲੇ ਦਿਨ ਹੋਇਆ। ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਰਾਇ-ਭੋਇ ਦੀ ਤਲਵੰਡੀ ਵਿਖੇ ਹੋਇਆ ਜੋ ਕਿ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ ਅਤੇ ਇਸ ਥਾਂ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਜੀ ਦੇ ਪਿਤਾ ਦਾ ਨਾਂਅ ਮਹਿਤਾ ਕਾਲੂ ਅਤੇ ਮਾਤਾ ਦਾ ਨਾਂਅ ਤਿ੍ਰਪਤਾ ਦੇਵੀ ਸੀ। ਆਪ ਜੀ ਦੀ ਵੱਡੀ ਭੈਣ ਦਾ ਨਾਂਅ ਬੇਬੇ ਨਾਨਕੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬ੍ਰਹਮ ਸਰੂਪ ਵਿੱਚ ਸਨ ਅਤੇ ਉਨ੍ਹਾਂ ਨੇ ਆਪਣੀ ਭੈਣ ਬੇਬੇ ਨਾਨਕੀ ਤੋਂ ਬਹੁਤ ਕੁੱਝ ਸਿੱਖਿਆ। ਜਦੋਂ ਉਹ ਵੱਡੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਭੱੁਖੇ ਸਾਧੂਆਂ ਨੂੰ ਭੋਜਨ ਛਕਾ ਘਰ ਪਰਤ ਆਏ ਸਨ। ਜਦੋਂ ਪਿਤਾ ਜੀ ਨੇ ਉਹਨਾਂ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭੁੱਖਿਆਂ ਨੂੰ ਭੋਜਨ ਛਕਾਉਣ ਤੋਂ ਵੱਡਾ ਕੋਈ ਕੰਮ ਨਹੀਂ ਹੈ। ਗੁਰੂ ਸਾਹਿਬ ਵੱਲੋਂ ਸਹਿਜ ਸੁਭਾਅ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅੱਜ ਵੀ ਬਾਦਸਤੂਰ ਕਾਇਮ ਹੈ ਅਤੇ ਸਿੱਖ ਕੌਮ ਸਮੁੱਚੀ ਦੁਨੀਆਂ ਵਿੱਚ ਲੋੜਵੰਦਾਂ ਦੇ ਨਾਲ ਨਾਲ ਸਮੁੱਚੀ ਲੋਕਾਈ ਵਾਸਤੇ ਲੰਗਰ ਦੀ ਸੇਵਾ ਨਿਭਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ ਅਤੇ ਉਨਾਂ ਦੇ ਘਰ ਦੋ ਪੁੱਤਰਾਂ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਨੇ ਜਨਮ ਲਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਲੰਮੀਆਂ ਯਾਤਰਾਵਾਂ ’ਤੇ ਗਏ, ਇਸ ਦੌਰਾਨ ਭਾਈ ਮਰਦਾਨਾ ਜੀ ਉਨਾਂ ਦੇ ਸਾਥੀ ਵਜੋਂ ਵਿਚਰੇ। ਸੰਨ 1521 ਤੱਕ ਉਨ੍ਹਾਂ ਨੇ ਯਾਤਰਾਵਾਂ ਕੀਤੀਆਂ ਅਤੇ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਉਪਦੇਸ਼ ਦਿੱਤਾ ਅਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਮਹਾਨ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ, ਅਫਗਾਨਿਸਤਾਨ ਅਤੇ ਅਰਬ ਦੇਸ਼ਾਂ ਵਿੱਚ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ ਜਿਨਾਂ ਨੂੰ ਉਦਾਸੀਆਂ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ‘ਉਦਾਸੀਆਂ’ ਦੌਰਾਨ ਆਪ ਨੇ ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ-ਕਰਮ ਕਾਡਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੌਡੇ ਰਾਕਸ਼, ਮਲਿਕ ਭਾਗੋ, ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਇਆ। ਗੁਰੂ ਸਾਹਿਬ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ। ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ ’ਚ ਆਪ ਜੀ ਨੇ ਸਮੂਹ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋ ਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ, ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਨਜ਼ਰ ਆਉਂਦੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ ਵੱਖ-ਵੱਖ ਚੀਜ਼ਾਂ ਨਹੀਂ ਸਗੋਂ ਤਿੰਨੋਂ ਇਕੱਠੀਆਂ ਅਤੇ ਨਾਮ ਜਪਣ ਦੀ ਅਵਸਥਾ ਦਾ ਹੀ ਅਗੰਮੀ ਰੂਪ ਹਨ।
ਖ਼ੁਦ ਖੇਤੀਬਾੜੀ ਦਾ ਕਾਰਜ ਕਰਕੇ ਗੁਰੂ ਸਾਹਿਬ ਨੇ ‘ਕਿਰਤ’ ਦੀ ਮਹੱਤਤਾ ਨੂੰ ਬਾਖ਼ੂਬੀ ਦਰਸਾਇਆ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ ਸਗੋਂ ਸਮਾਜ ਦੇ ਸਦੀਵੀਂ ਵਿਕਾਸ ਲਈ ਉਪਕਾਰ ਭਰੇ ਕਾਰਜ ਕਰਨੇ ਚਾਹੀਦੇ ਹਨ। ਗੁਰੂ ਸਾਹਿਬ ਅਨੁਸਾਰ ਮਨੁੱਖ ਆਪਣੇ ਨਿੱਤ ਦੇ ਕਾਰ ਵਿਹਾਰ ਦੌਰਾਨ ਸੱਚੀ ਕਿਰਤ ਕਰਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਅਸਲ ਅਤੇ ਉੱਤਮ ਕਰਮ ਸੱਚੀ ਕਿਰਤ ਅਤੇ ਪ੍ਰਭੂ-ਭਗਤੀ ਹੈ, ਜੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ, ਬੁਨਿਆਦ ਅਤੇ ਮਾਰਗ ਹੈ। ਕਿਰਤ ਕਰਨ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਦੇ ਸੰਕਲਪ ਨੂੰ ਵੀ ਵਿਸਥਾਰਮਈ ਰੂਪ ’ਚ ਪ੍ਰਗਟਾਉਂਦੇ ਹਨ ਕਿ ਕਿਰਤ ਦਾ ਆਦਰਸ਼ ਰੂਪ ਨਾਮ ਦੀ ਕਿਰਤ ਕਰਨਾ ਹੈ। ਧਰਤੀ ਤੋਂ ਇਲਾਵਾ ਹੋਰਨਾਂ ਗ੍ਰਹਿਆਂ ਉੱਤੇ ਮਨੁੱਖੀ ਜੀਵਨ ਦੀ ਸੰਭਾਵਨਾ ਨੂੰ ਤਲਾਸ਼ਣ ਦੀ ਜੋ ਮੁਹਿੰਮ ਵਿਗਿਆਨ ਨੇ ਅੱਜ ਚਲਾਈ ਹੈ, ਉਸ ਬਾਰੇ ਗੁਰੂ ਸਾਹਿਬ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਹੀ ਦੱਸ ਗਏ ਸਨ। ਗੁਰੂ ਸਾਹਿਬ ਨੇ ਅਜੋਕੀ ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਦੀ ਵੀ ਨੀਂਹ ਰੱਖੀ ਅਤੇ ਨਾਲ ਦੀ ਨਾਲ ਉਨਾਂ ਨੇ ਭਾਈ ਲਾਲੋ ਵਾਲੇ ਘਟਨਾਕ੍ਰਮ ਜ਼ਰੀਏ ਸਾਦਗੀ ਵਾਲੇ ਸੱਚੇ ਸੁੱਚੇ ਜੀਵਨ ਦਾ ਇੱਕ ਬੇਸ਼ਕੀਮਤੀ ਸੁਨੇਹਾ ਵੀ ਦਿੱਤਾ।
ਸੰਸਾਰ ਦੇ ਲੋਕਾਂ ਨੂੰ ਦਰਪੇਸ਼ ਰੋਗਾਂ ਨੂੰ ਗੁਰੂ ਸਾਹਿਬ ਨੇ ਨੇੜਿਓਂ ਸਮਝਿਆ ਅਤੇ ਉਨ੍ਹਾਂ ਲਈ ਨਾਮ ਰਸ ਪ੍ਰਦਾਨ ਕੀਤਾ। ਉਨ੍ਹਾਂ ਦੇ ਪ੍ਰਕਾਸ਼ ਤੋਂ ਪਹਿਲਾਂ ਸਮਾਜ ਦਾ ਸਿਆਸੀ, ਸਮਾਜਕ ਅਤੇ ਆਰਥਕ ਪ੍ਰਬੰਧ ਅਜਿਹਾ ਸੀ, ਜਿਸ ਦਾ ਮਾਰੂ ਪ੍ਰਛਾਵਾਂ ਜ਼ਿੰਦਗੀ ਦੇ ਹਰ ਪਹਿਲੂ ਲਈ ਮਾਯੂਸੀ ਅਤੇ ਬੇਰਸੀ ਪੈਦਾ ਕਰਦਾ ਸੀ, ਪਰ ਜਿਵੇਂ ਹਰ ਕਰਮ ਦਾ ਪ੍ਰਤੀਕਰਮ ਹੁੰਦਾ ਹੈ, ਹਰ ਧੁੱਪ, ਪਰਛਾਵੇਂ ਪੈਦਾ ਕਰਦੀ ਹੈ; ਹਰ ਰਾਤ ਪਿੱਛੇ ਸੁਨਿਹਰੀ ਕਦਮਾਂ ਦੀ ਪ੍ਰਭਾਤ ਹੁੰਦੀ ਹੈ- ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਮਾਜਕ ਰੋਗਾਂ ਨਾਲ ਲਿੱਬੜੀ ਹੋਈ ਜੰਤਾ ਅਰੋਗ ਹੋ ਕੇ ਧਰਤੀ ’ਤੇ ਉੱਠ ਖੜ੍ਹੀ ਹੋਈ। ਗੁਰੂ ਸਾਹਿਬ ਨੇ ਲੁਕਾਈ ਵਿੱਚ ਪਸਰੇ ਹੋਏ ਕੂੜ, ਅੰਧ ਵਿਸ਼ਵਾਸਾਂ ਅਤੇ ਕਰਮਕਾਂਡਾਂ ਨੂੰ ਵੇਖਿਆ। ਦੇਸ਼ ਦੀ ਹਰ ਨੁਕਰੇ ਪਸਰੀ ਹੋਈ ਬੇਚੈਨੀ ਅਤੇ ਘਬਰਾਹਟ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ। ਇਨਸਾਨੀ ਜ਼ਿੰਦਗੀ ਵਿੱਚ ਧੋਖਾ, ਫ਼ਰੇਬ, ਠੱਗੀ ਅਤੇ ਚਲਾਕੀ ਨੂੰ ਰਚਿਆ ਹੋਇਆ ਵੇਖ ਕੇ ਆਪ ਨੇ ਮਹਿਸੂਸ ਕੀਤਾ ਕਿ ਸੱਚ ਦਾ ਸੂਰਜ ਹਨੇਰੇ ਹੇਠ ਡੁੱਬ ਚੁੱਕਾ ਹੈ। ਰਾਜੇ ਜ਼ੁਲਮੀ ਸ਼ੇਰ ਬਣੇ ਹੋਏ ਸਨ ਅਤੇ ਉਨ੍ਹਾਂ ਦੀ ਮਦਦ ਲਈ ਅਹਿਲਕਾਰ, ਮਾਸ ਨੂੰ ਨੋਚਣ ਵਾਲ਼ੀਆਂ ਨਹੁੰਦਰਾਂ ਦਾ ਰੂਪ ਧਾਰਨ ਕਰ ਚੁੱਕੇ ਸਨ। ਜਿਨ੍ਹਾਂ ਦਾ ਕੰਮ ਪਰਜਾ ਦੀ ਰਾਖੀ ਕਰਨਾ ਸੀ ਉਹ ਖ਼ੁਦ ਪਰਜਾ ਦੇ ਘਾਤਕ ਬਣ ਚੁੱਕੇ ਸਨ। ਗੁਰੂ ਸਾਹਿਬ ਨੇ ਅਜਿਹੇ ਮਾਹੌਲ ਵਿੱਚ ਬਾਬਰ ਵਰਗੇ ਸ਼ਾਸਕ ਨੂੰ ‘ਜਾਬਰ’ ਕਹਿ ਕੇ ਵੰਗਾਰਿਆ, ਸਮਾਜ ਨੂੰ ਕਰਮ ਕਾਂਡਾਂ ਤੋਂ ਜਾਗਰੂਕ ਕੀਤਾ, ਔਰਤ ਦੇ ਹੱਕ ਅਤੇ ਸਨਮਾਨ ਲਈ ਆਵਾਜ਼ ਬੁਲੰਦ ਕੀਤੀ ਜਿਸ ਬਾਰੇ ਉਸ ਸਮੇਂ ਤੱਕ ਕਿਸੇ ਨੇ ਵੀ ਨਾ ਹਿੰਮਤ ਕੀਤੀ ਸੀ ਅਤੇ ਨਾ ਹੀ ਸੋਚਿਆ ਸੀ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਇਨਕਲਾਬੀ ਸੰਦੇਸ਼ ਹਨ ਜਿਸ ਮੁਤਾਬਕ ਅਕਾਲ ਪੁਰਖ਼ ਸਾਡਾ ਸਭਨਾ ਦਾ ਮਾਲਕ ਹੈ। ਇਹ ਸ਼ਿ੍ਰਸ਼ਟੀ ਉਸ ਨੇ ਹੀ ਸਾਜੀ ਹੈ ਅਤੇ ਉਹ ਆਪ ਹੀ ਸਭ ਦਾ ਰਿਜ਼ਕਦਾਤਾ ਹੈ। ਸਮਰੱਥ ਅਤੇ ਪੂਰੇ ਪ੍ਰਭੂ ਪਰਮੇਸ਼ਵਰ ਦੀ ਸਿਫਤ ਸਲਾਹ, ਵਡਿਆਈ ਅਤੇ ਉਪਮਾ ਹੋਰਨਾਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟਾਂ ਵਾਂਗ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਵਿੱਚ ਵੀ ਵਾਰ ਵਾਰ ਆਉਂਦੀ ਹੈ। ਅਸਲ ਵਿੱਚ ਸੰਸਾਰ ਦਾ ਸਾਰਾ ਧਾਰਮਿਕ ਸਾਹਿਤ ਪ੍ਰਭੂ ਦੀ ਵਡਿਆਈ ਅਤੇ ਉਪਮਾ ਨਾਲ ਹੀ ਭਰਪੂਰ ਹੈ। ਕੋਈ ਉਸ ਦੀ ਉਪਮਾ ਵਿੱਚ ਲਿਖ ਰਿਹਾ ਹੈ ਅਤੇ ਕੋਈ ਗਾ ਰਿਹਾ ਹੈ, ਪਰ ਫਿਰ ਵੀ ਉਸ ਦੀ ਉਪਮਾ ਨੂੰ ਪੂਰੇ ਤੌਰ ਉੱਤੇ ਬਿਆਨ ਨਹੀਂ ਕੀਤਾ ਜਾ ਸਕਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਵਿੱਚ ਅਕਾਲ ਪੁਰਖ ਦੀ ਉਸਤਤ ਕਰਦਿਆਂ ਫੁਰਮਾਉਂਦੇ ਹਨ ਕਿ ਸ਼ਿ੍ਰਸ਼ਟੀ ਵਿਚ ਹਰ ਕੋਈ ਅਕਾਲ ਪੁਰਖ ਦੀ ਹੀ ਕੀਰਤੀ ਗਾ ਰਿਹਾ ਹੈ। ਗੁਰੂ ਜੀ ਨੇ ਆਪਣਾ ਸੰਦੇਸ਼ ਦੇਣ ਲਈ ਜੋ ਪ੍ਰਤੀਕ, ਰੂਪਕ, ਬਿੰਬ ਅਤੇ ਅਲੰਕਾਰ ਵਰਤੇ ਹਨ ਉਹ ਸਮਾਜ ਅਤੇ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਹਨ। ਗੁਰੂ ਸਾਹਿਬ ਸਾਡੇ ਨਾਲ ਪੰਜਾਬੀ ਵਿਚ ਗੱਲ ਕਰਦੇ ਹਨ। ਉਨ੍ਹਾਂ ਦੀ ਬਾਣੀ ਪੰਜਾਬ ਤੋਂ ਬਾਹਰ ਵੀ ਸਮਝੀ ਜਾਵੇ ਇਸ ਲਈ ਉਹ ਨਜ਼ਦੀਕ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਵਰਤਦੇ ਹਨ। ਗੁਰੂ ਸਾਹਿਬ ਸਮਾਜਿਕ ਤੇ ਘਰੋਗੀ ਜੀਵਨ ਨਾਲ ਜੁੜੇ ‘ਦਇਆ ਦੀ ਕਪਾਹ’, ‘ਸੰਤੋਖ ਦਾ ਸੂਤ’ ਪ੍ਰਤੀਕ ਵਰਤਦੇ ਹਨ।
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਸਾਰੀ ਕਾਇਨਾਤ ਦਾ ਕਰਤਾ, ਭਰਤਾ ਅਤੇ ਹਰਤਾ ਹੈ। ਸਾਰੀ ਸਿ੍ਰਸ਼ਟੀ ਦਾ ਰਚਨਹਾਰਾ ਹੋਣ ਕਰ ਕੇ ਉਹ ਸਾਰੇ ਕਾਰਜਾਂ ਨੂੰ ਵੀ ਆਪ ਹੀ ਕਰਦਾ ਹੈ। ਉਸ ਦੀ ਬੰਦਗੀ ਕਰਨ ’ਚ ਹੀ ਸਭ ਦਾ ਭਲਾ ਹੈ। ਗੁਰੂ ਸਾਹਿਬ ਦੀ ਪਾਵਨ ਬਾਣੀ ਉਸੇ ਨਾਲ ਜੁੜਨ ਦਾ ਸੰਦੇਸ਼ ਅਤੇ ਪ੍ਰੇਰਨਾ ਦਿੰਦੀ ਹੈ। ਉਹ ਮਾਲਕ ਪ੍ਰਭੂ ਸਰਬ-ਸ਼ਕਤੀਮਾਨ, ਸਰਬ-ਗਿਆਤਾ ਤੇ ਸਰਬ-ਵਿਆਪਕ ਵੀ ਹੈ। ਉਸ ਦੀ ਜੋਤ ਨਾਲ ਹੀ ਸੰਸਾਰ ਦੇ ਸਰਬ ਜੀਵਾਂ ਦਾ ਆਉਣ-ਜਾਣ ਚਲ ਰਿਹਾ ਹੈ। ਸਭ ਜੀਵਾਂ ’ਚ ਹੀ ਉਸ ਦੇ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਗੁਰੂ ਸਾਹਿਬ ਵਲੋਂ ਉਚਾਰਨ ਕੀਤੀ ‘ਧੁਰ ਕੀ ਬਾਣੀ’ ਵੀ ਉਨ੍ਹਾਂ ਦੇ ਦੈਵੀ ਹੋਣ ਦਾ ਪ੍ਰਗਟਾਵਾ ਕਰਦੀ ਹੈ। ਉਨ੍ਹਾਂ ਦੀ ਅਕਾਲ ਪੁਰਖ ਨਾਲ ਦੈਵੀ ਸਾਂਝ ਦਾ ਪ੍ਰਗਟਾਵਾ ਵੀ ਪਾਵਨ ਬਾਣੀ ਹੀ ਕਰਦੀ ਹੈ। ਅਸਲ ’ਚ ਗੁਰੂ ਸਾਹਿਬ ਨੇ ਆਤਮਾ-ਪ੍ਰਮਾਤਮਾ ਦੇ ਮੇਲ ਦੀ ਵਿਧੀ ਆਪਣੀ ਪਾਵਨ ਬਾਣੀ ’ਚ ਦਰਸਾਈ ਹੈ। ਇਹੋ ਪਾਵਨ ਬਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਸ਼ਬਦ-ਗੁਰੂ ਦੀ ਪ੍ਰਾਪਤੀ ਦਾ ਮਾਰਗ ਧੰਨ ਗੁਰੂ ਨਾਨਕ ਦੇਵ ਜੀ ਦੇ ਦੈਵੀ ਗੁਣਾਂ ਦੀ ਮਹਿਮਾ ਉਸਤਤ, ਵਡਿਆਈ ’ਚੋਂ ਹੀ ਪ੍ਰਗਟ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਵਿੱਚ ਅਕਾਲ ਪੁਰਖ ਦੀ ਉਸਤਤ ਕਰਦਿਆਂ ਫੁਰਮਾਉਂਦੇ ਹਨ ਕਿ ਸ਼ਿ੍ਰਸ਼ਟੀ ਵਿਚ ਹਰ ਕੋਈ ਅਕਾਲ ਪੁਰਖ ਦੀ ਹੀ ਕੀਰਤੀ ਗਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਸ ਨੂੰ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਫਲਸਫਾ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਸਹਿਜ, ਸੰਜਮ, ਨਿਮਰਤਾ, ਆਤਮ-ਨਿਰਮਲ ਅਤੇ ਸਵੈਮਾਣ ਵਾਲਾ ਜੀਵਨ ਜਿਊਣ ਦੇ ਯੋਗ ਬਣਾਇਆ ਅਤੇ ਉਨ੍ਹਾਂ ਦੀ ਵਿਚਾਰਧਾਰਾ ਮਨੁੱਖ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲੀ ਬਣੀ। ਧਾਰਮਕ, ਸਮਾਜਕ, ਸਿਆਸੀ, ਆਰਥਕ, ਵਿਗਿਆਨਕ ਆਦਿ ਬਾਰੇ ਬਹੁਮੁਖੀ ਸੇਧਾਂ ਉਨ੍ਹਾਂ ਦੀ ਪਾਵਨ ਗੁਰਬਾਣੀ ਵਿਚੋਂ ਮਿਲਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਨੇ ਸਮਾਨਤਾ, ਦੂਜਿਆਂ ਦੀ ਸੇਵਾ ਅਤੇ ਸਮਾਜਿਕ ਨਿਆਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਧਾਰਮਿਕ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕਾਂ ਲਈ ਪਿਆਰ, ਦਇਆ ਅਤੇ ਸਹਿਣਸ਼ੀਲਤਾ ਨੂੰ ਵੀ ਉਤਸ਼ਾਹਿਤ ਕੀਤਾ।
ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਾਰੀ ਮਨੁੱਖ ਜਾਤੀ ਦੇ ਸੱਚੇ ਮਾਰਗ ਦਰਸ਼ਕ ਹਨ, ਜਿਨ੍ਹਾਂ ਨੇ ਭਰਮ ਭੁਲੇਖਿਆਂ ਵਿਚ ਭਟਕ ਰਹੀ ਜਨਤਾ ਦਾ ਸਹੀ ਮਾਰਗ ਦਰਸ਼ਨ ਕੀਤਾ ਅਤੇ ਮੌਜੂਦਾ ਸਮੇਂ ਜਦੋਂ ਦੁਨੀਆਂ ਫੇਰ ਉਲਝਣਾਂ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਤਾਂ ਅਜਿਹੇ ਸਮੇਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮਹੱਤਵ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਧਾਰਮਿਕ ਪੱਖ ਤੋਂ ਸਚਿਆਰ, ਸਮਾਜਿਕ ਪੱਖ ਤੋਂ ਬਰਾਬਰ ਅਤੇ ਆਰਥਿਕ ਪੱਖ ਤੋਂ ਆਪਣੀ ਸੱਚੀ-ਸੁੱਚੀ ਕਿਰਤ ਰਾਹੀਂ ਸੰਤੁਸ਼ਟ ਰਹਿਣਾ ਸਿਖਾਇਆ। ਉਨ੍ਹਾਂ ਦੀ ਇਹ ਵਿਚਾਰਧਾਰਾ ਅੱਜ ਵੀ ਨਵੀਂ ਨਰੋਈ ਲੱਗਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਕਰਤਾ ਪੁਰਖ ਨਾਲ ਮਾਨਵਤਾ ਨੂੰ ਜੋੜਨ ਲਈ ਸਰਲ ਜੀਵਨ ਮਾਰਗ ਦਿਖਾਇਆ ਅਤੇ ਧਾਰਮਿਕ ਖੇਤਰ ਅੰਦਰ ਫੈਲੀਆਂ ਕੁਰੀਤੀਆਂ ਦਾ ਖੰਡਨ ਕਰਦੇ ਹੋਏ ਸਾਰੇ ਪਾਸੇ ਚਾਨਣ ਦਾ ਪਸਾਰਾ ਕੀਤਾ। ਸੋ, ਲੋੜ ਹੈ ਗੁਰੂ ਸਾਹਿਬ ਦਾ ਮਹਾਨ ਸੰਦੇਸ਼ ਅਤੇ ਫਲਸਫਾ ਖੁਦ ਸਮਝਣ ਅਤੇ ਲਾਗੂ ਕਰਨ ਦੀ ਅਤੇ ਨਾਲ ਹੀ ਸਮੁੱਚੀ ਦੁਨੀਆਂ ਤੱਕ ਵੀ ਪਹੁੰਚਾਏ ਜਾਣ ਦੀ ਵੀ।






