ਦਿੱਲੀ/ਪੰਜਾਬ ਪੋਸਟ
ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਲਗਾਤਾਰ ਸੱਤਵਾਂ ਬਜਟ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਲਗਪਗ ਡੇਢ ਘੰਟਾ ਭਾਸ਼ਣ ਦਿੱਤਾ। ਉਨ੍ਹਾਂ ਇਸ ਬਜਟ ਵਿੱਚ ਮੁਲਾਜ਼ਮ ਵਰਗ ਨੂੰ ਕੁਝ ਰਾਹਤ ਦਿੱਤੀ। ਹੁਣ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲਿਆਂ ਲਈ ਪੌਣੇ 8 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋ ਗਈ ਹੈ ਅਤੇ ਇਸ ਵਰਗ ਨੂੰ ਇਸ ਬਜਟ ਤੋਂ ਸਾਢੇ ਸਤਾਰਾਂ ਹਜ਼ਾਰ ਰੁਪਏ ਦਾ ਫਾਇਦਾ ਹੋਇਆ ਹੈ। ਕੇਂਦਰੀ ਖਜ਼ਾਨਾ ਮੰਤਰੀ ਨੇ ਨਿੱਜੀ ਆਮਦਨ ਟੈਕਸ ਲਈ ਟੈਕਸ ਸਲੈਬਾਂ ਨੂੰ ਵਧਾ ਕੇ ਟੈਕਸ ਦੇਣ ਵਾਲਿਆਂ ਨੂੰ ਕੁਝ ਰਾਹਤ ਦਿੱਤੀ ਹੈ। ਨਵੀਂ ਟੈਕਸ ਸਲੈਬ ਵਿੱਚ ਹੁਣ ਪਿਛਲੇ ਸਾਲ ਦੀ ਤਰ੍ਹਾਂ 3 ਲੱਖ ਰੁਪਏ ਦੀ ਆਮਦਨ ਤੱਕ ਕੋਈ ਟੈਕਸ ਨਹੀਂ ਹੋਵੇਗਾ ਪਰ ਹੁਣ 3 ਤੋਂ 7 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਟੈਕਸ ਲੱਗੇਗਾ, ਪਹਿਲਾਂ 3 ਤੋਂ 6 ਲੱਖ ਰੁਪਏ ਦੀ ਆਮਦਨ ’ਤੇ 5 ਫੀਸਦੀ ਟੈਕਸ ਲਗਾਇਆ ਜਾਂਦਾ ਸੀ। 7-10 ਲੱਖ ਰੁਪਏ ਦੀ ਆਮਦਨ ’ਤੇ ਹੁਣ 10 ਫੀਸਦੀ ਟੈਕਸ ਲੱਗੇਗਾ, ਪਹਿਲਾਂ ਇਹ 6-9 ਲੱਖ ਰੁਪਏ ਦੀ ਆਮਦਨ ’ਤੇ ਸੀ। ਖਜ਼ਾਨਾ ਮੰਤਰੀ ਨੇ ਮੁਲਾਜ਼ਮਾਂ ਨੂੰ ਵਿੱਤੀ ਸਾਲ ਵਿਚ ਕੁੱਲ ਮਿਲਣ ਵਾਲੀ ਤਨਖਾਹ ’ਤੇ ਕੀਤੀ ਜਾਣ ਵਾਲੀ ਕਟੌਤੀ ’ਤੇ ਵੀ ਰਾਹਤ ਦਿੱਤੀ ਹੈ ਜਿਸ ਵਿੱਚ ਮੌਜੂਦਾ 50,000 ਰੁਪਏ ਵਿੱਚ ਹੋਰ 25,000 ਰੁਪਏ ਜੋੜ ਦਿੱਤੇ ਗਏ ਹਨ। ਨਵੀਂ ਟੈਕਸ ਪ੍ਰਣਾਲੀ ਤਹਿਤ 15,000 ਰੁਪਏ ਦੀ ਪਰਿਵਾਰਕ ਪੈਨਸ਼ਨ ਤੋਂ ਕਟੌਤੀ ਨੂੰ ਵਧਾ ਕੇ 25,000 ਰੁਪਏ ਕਰ ਦਿੱਤਾ ਗਿਆ ਹੈ।