ਪੰਜਾਬ ਪੋਸਟ/ਬਿਓਰੋ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਰਤ ਉਸ ਪ੍ਰਸਤਾਵ ’ਤੇ ਹੋਈ ਤਾਜ਼ਾ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿੱਚ ਰੂਸ ਕੋਲੋਂ ਯੂਕਰੇਨ ਖ਼ਿਲਾਫ਼ ਹਮਲੇ ਤੁਰੰਤ ਰੋਕਣ ਅਤੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ’ਚੋਂ ਰੂਸੀ ਸੈਨਿਕਾਂ ਅਤੇ ਹੋਰ ਅਣਅਧਿਕਾਰਤ ਕਰਮਚਾਰੀਆਂ ਨੂੰ ਤੁਰੰਤ ਵਾਪਸ ਸੱਦਣ ਦੀ ਮੰਗ ਕੀਤੀ ਗਈ ਹੈ। ਕੁੱਲ 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ 99 ਦੇਸ਼ਾਂ ਨੇ ਇਸ ਪ੍ਰਸਤਾਵ ਦੇ ਪੱਖ ਵਿੱਚ ਵੋਟ ਪਾਈ ਜਦਕਿ ਬੇਲਾਰੂਸ, ਕਿਊਬਾ, ਉੱਤਰ ਕੋਰੀਆ, ਰੂਸ ਅਤੇ ਸੀਰੀਆ ਸਣੇ ਨੌਂ ਦੇਸ਼ਾਂ ਨੇ ਇਸ ਪ੍ਰਸਤਾਵ ਦੇ ਖ਼ਿਲਾਫ਼ ਵੋਟਿੰਗ ਕੀਤੀ। ਇਸ ਦਰਮਿਆਨ ਭਾਰਤ, ਬੰਗਲਾਦੇਸ਼, ਭੂਟਾਨ, ਚੀਨ, ਮਿਸਰ, ਨੇਪਾਲ, ਪਾਕਿਸਤਾਨ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਸਣੇ 60 ਦੇਸ਼ ਵੋਟਿੰਗ ਤੋਂ ਦੂਰ ਰਹੇ। ਇਸ ਵੇਲੇ ਰੂਸ ਯੂਕਰੇਨ ਦਾ ਮਸਲਾ ਇੱਕ ਵਾਰ ਫਿਰ ਕੌਮਾਂਤਰੀ ਪੱਧਰ ਉੱਪਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਪਰ ਤਮਾਮ ਵੋਟਿੰਗ ਅਤੇ ਗੱਲਬਾਤ ਦੇ ਬਾਵਜੂਦ ਕੋਈ ਹੱਲ ਨਿਕਲਦਾ ਫਿਲਹਾਲ ਵਿਖਾਈ ਨਹੀਂ ਦੇ ਰਿਹਾ।