ਦਿੱਲੀ/ਪੰਜਾਬ ਪੋਸਟ
ਪਾਰਲੀਮੈਂਟ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੇ ਹੰਗਾਮਾਖੇਜ਼ ਰਹਿਣ ਦੇ ਪੂਰੇ ਆਸਾਰ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਸਦਨਾਂ ਦੀਆਂ ਕੰਮਕਾਰ ਬਾਰੇ ਕਮੇਟੀਆਂ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੀ ਸਹਿਮਤੀ ਨਾਲ ਚਰਚਾ ਲਈ ਮਾਮਲਿਆਂ ਬਾਰੇ ਫ਼ੈਸਲਾ ਲੈਣਗੀਆਂ। ਸਰਦ ਰੁੱਤ ਇਜਲਾਸ 25 ਨਵੰਬਰ ਤੋਂ 20 ਦਸੰਬਰ ਤੱਕ ਜਾਰੀ ਰਹੇਗਾ ਅਤੇ ਇਸ ਦੌਰਾਨ ਸਰਕਾਰ ਵੱਲੋਂ 16 ਬਿੱਲ ਪੇਸ਼ ਕੀਤੇ ਜਾ ਸਕਦੇ ਹਨ। ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ’ਤੇ ਅਮਰੀਕੀ ਅਦਾਲਤ ’ਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਤਣਾਅਪੂਰਨ ਹਾਲਾਤ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ’ਚ ਚਰਚਾ ਕਰਾਉਣ ਲਈ ਕਿਹਾ ਹੈ। ਲੰਘੇ ਕੱਲ, ਸਰਦ ਰੁੱਤ ਸੈਸ਼ਨ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਸਰਕਾਰ ਵੱਲੋਂ ਸੱਦੀ ਗਈ ਰਵਾਇਤੀ ਸਰਬ ਪਾਰਟੀ ਮੀਟਿੰਗ ਵਿੱਚ ਕਾਂਗਰਸ ਨੇ ਅਡਾਨੀ ਸਮੂਹ ’ਤੇ ਰਿਸ਼ਵਤਖੋਰੀ ’ਤੇ ਲੱਗੇ ਦੋਸ਼ਾਂ ’ਤੇ ਚਰਚਾ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਿਰੋਧੀ ਪਾਰਟੀ ਨੇ ਮਨੀਪੁਰ ਮੁੱਦੇ, ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਅਤੇ ਰੇਲ ਹਾਦਸਿਆਂ ’ਤੇ ਵੀ ਚਰਚਾ ਦੀ ਮੰਗ ਕੀਤੀ ਹੈ।