ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਓਸ ਖਰੜੇ ਅਤੇ ਮਤੇ ਦੇ ਹੱਕ ਵਿੱਚ ਵੋਟ ਦਿੱਤੀ ਹੈ, ਜੋ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੀ ਪੂਰੀ ਮੈਂਬਰਸ਼ਿਪ ਦੀ ਮੰਗ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ 193 ਮੈਂਬਰਾਂ ਨਾਲ ਹੰਗਾਮੀ ਬੈਠਕ ਲਈ ਚਰਚਾ ਕੀਤੀ। ਸੰਯੁਕਤ ਅਰਬ ਅਮੀਰਾਤ ਨੇ ਅਰਬ ਦੇਸ਼ਾਂ ਦੇ ਸਮੂਹ ਦੇ ਮੁਖੀ ਵਜੋਂ, ਸੰਯੁਕਤ ਰਾਸ਼ਟਰ ਵਿੱਚ ਨਵੇਂ ਮੈਂਬਰਾਂ ਦੇ ਦਾਖਲੇ ਲਈ ਅਰਬ ਸਮੂਹ ਮਤਾ ਪੇਸ਼ ਕੀਤਾ। ਇਸ ਮਤੇ ਦੇ ਹੱਕ ਵਿੱਚ ਭਾਰਤ ਸਮੇਤ 143 ਵੋਟਾਂ ਪਈਆਂ, ਨੌਂ ਵੋਟਾਂ ਵਿਰੋਧ ਵਿੱਚ ਅਤੇ 25 ਮੈਂਬਰ ਵੋਟ ਪਾਉਣ ਤੋਂ ਗੈਰ-ਹਾਜ਼ਰ ਰਹੇ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸੰਗਠਨ ਦੇ ਅੰਦਰ ਫਲਸਤੀਨ ਦੇ ਅਧਿਕਾਰਾਂ ਨੂੰ ਵਧਾਇਆ ਹੈ ਅਤੇ ਭਖਵੀਂ ਬਹਿਸ ਤੋਂ ਬਾਅਦ ਇਸ ਨੂੰ ਮੈਂਬਰ ਵਜੋਂ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਫਲਸਤੀਨ ਕੋਲ ਸਾਲ 2012 ਤੋਂ ਗੈਰ-ਮੈਂਬਰ ਆਬਜ਼ਰਵਰ ਰਾਜ ਦਾ ਦਰਜਾ ਹੈ, ਜੋ ਪੂਰੇ ਮੈਂਬਰ ਦੇ ਕੁਝ ਅਧਿਕਾਰਾਂ ਨਾਲੋ ਘੱਟ ਦੀ ਆਗਿਆ ਦਿੰਦਾ ਹੈ। ਨੇਮ ਮੁਤਾਬਕ, ਮੁਕੰਮਲ ਮੈਂਬਰਸ਼ਿਪ ਦਾ ਫੈਸਲਾ ਸਿਰਫ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਤਾਜ਼ਾ ਕਾਰਵਾਈ ਨੂੰ, ਇਜ਼ਰਾਈਲ ਦੇ ਸਖ਼ਤ ਵਿਰੋਧ ਦੇ ਬਾਵਜੂਦ ਸੰਯੁਕਤ ਰਾਸ਼ਟਰ ਦੀ ਪੂਰੀ ਸੰਸਥਾ ਦੁਆਰਾ ਫਲਸਤੀਨੀਆਂ ਲਈ ਸਮਰਥਨ ਦੇ ਸੰਕੇਤ ਵਜੋਂ ਦੇਖਿਆ ਜਾ ਸਕਦਾ ਹੈ।
ਸੰਯੁਕਤ ਰਾਸ਼ਟਰ ’ਚ ਫਲਸਤੀਨ ਦੇ ਅਧਿਕਾਰਾਂ ਦੀ ਹੋਈ ਗੱਲ; ਭਾਰਤ ਸਮੇਤ 143 ਦੇਸ਼ਾਂ ਦੀ ਹੱਕ ’ਚ ਪਈ ਵੋਟ

Published: