ਕਟਿਹਾਰ/ਪੰਜਾਬ ਪੋਸਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗੱਠਜੋੜ ’ਤੇ ਅਤਿਵਾਦ ਦੇ ਮੁੱਦੇ ’ਤੇ ਨਰਮ ਰਵੱਈਆ ਅਪਣਾਉਣ ਅਤੇ ਸਾਧਨਹੀਣ ਜਾਤੀਆਂ ਦੇ ਵਿਕਾਸ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਅਤੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਸੱਤਾ ’ਚ ਵਾਪਸੀ ਨਾਲ ਦੇਸ਼ ’ਚ ਗਰੀਬੀ, ਦੰਗੇ, ਅੱਤਿਆਚਾਰ ਅਤੇ ਹਿੰਸਾ ਵਧੇਗੀ।
ਬਿਹਾਰ ਦੇ ਕਟਿਹਾਰ ਲੋਕ ਸਭਾ ਹਲਕੇ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਨੇ ਨਰਿੰਦਰ ਮੋਦੀ ਦੇ ਰੂਪ ’ਚ ਦੇਸ਼ ਨੂੰ ਪਹਿਲਾ ਓ.ਬੀ.ਸੀ. ਪ੍ਰਧਾਨ ਮੰਤਰੀ ਦੇਣ ਦਾ ਸਿਹਰਾ ਅਪਣੀ ਪਾਰਟੀ ਨੂੰ ਦਿੱਤਾ, ਜਿਨ੍ਹਾਂ ਨੇ ਪਰਿਵਾਰਵਾਦ, ਜਾਤੀਵਾਦ ਅਤੇ ਤੁਸ਼ਟੀਕਰਨ ਦੀ ਸਿਆਸਤ ਨੂੰ ਖਤਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ, ‘‘ਮੋਦੀ ਨੇ ਨਕਸਲਵਾਦ ਦਾ ਖਾਤਮਾ ਕੀਤਾ ਹੈ ਅਤੇ ਅਤਿਵਾਦ ’ਤੇ ਰੋਕ ਲਗਾਈ ਹੈ। ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਅਤਿਵਾਦੀ ਅਪਣੀ ਮਰਜ਼ੀ ਨਾਲ ਹਮਲਾ ਕਰਦੇ ਸਨ ਅਤੇ ਕਿਸੇ ਨੇ ਵੀ ਜਵਾਬੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਕੀਤੀ। ਇਸ ਦੇ ਉਲਟ ਉੜੀ ਅਤੇ ਪੁਲਵਾਮਾ ’ਚ ਹਮਲੇ ਤੋਂ ਤੁਰਤ ਬਾਅਦ ਸਰਜੀਕਲ ਸਟਰਾਈਕ ਅਤੇ ਬਾਲਾਕੋਟ ਏਅਰ ਸਟਰਾਈਕ ਕੀਤੀ ਗਈ।’’