*ਤਿੰਨੋ ਵਿਅਕਤੀ ਇਰਾਨ ਦੇਸ਼ ਨਾਲ ਸਬੰਧਤ ਦੱਸੇ ਜਾਂਦੇ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਨਿਆਂ ਵਿਭਾਗ ਨੇ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਨੂੰ ਕਥਿਤ ਤੌਰ ’ਤੇ ਹੈਕ ਕਰਨ ਅਤੇ ਮੀਡੀਆ ਜੱਥੇਬੰਦੀਆਂ ਨੂੰ ਚੋਰੀ ਕੀਤੀ ਗਈ ਜਾਣਕਾਰੀ ਪ੍ਰਸਾਰਿਤ ਕਰਨ ਦੇ ਸ਼ੱਕ ’ਤੇ ਇਰਾਨ ਦੇ ਤਿੰਨ ਲੋਕਾਂ ਖ਼ਿਲਾਫ਼ ਅਪਰਾਧਿਕ ਦੋਸ਼ ਤੈਅ ਕੀਤੇ ਹਨ। ਨਿਆਂ ਵਿਭਾਗ ਨੇ ਕਿਹਾ ਕਿ ਤਿੰਨੋਂ ਮੁਲਜ਼ਮ ਹੈਕਰ ਇਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਵਿੱਚ ਤਾਇਨਾਤ ਸਨ ਅਤੇ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿੱਚ ਸਰਕਾਰੀ ਅਧਿਕਾਰੀਆਂ, ਮੀਡੀਆ ਦੇ ਮੈਂਬਰਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਸਣੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੇ 10 ਅਗਸਤ ਨੂੰ ਖੁਲਾਸਾ ਕੀਤਾ ਸੀ ਕਿ ਇਸ ਨੂੰ ਹੈਕ ਕਰ ਲਿਆ ਗਿਆ ਸੀ ਅਤੇ ਕਿਹਾ ਕਿ ਇਰਾਨ ਦੇ ਤਿੰਨੋਂ ਮੁਲਜ਼ਾਂ ਨੇ ਸੰਵੇਦਨਸ਼ੀਲ ਅੰਦਰੂਨੀ ਦਸਤਾਵੇਜ਼ਾਂ ਨੂੰ ਚੋਰੀ ਤੇ ਪ੍ਰਸਾਰਿਤ ਕੀਤਾ। ਅਮਰੀਕੀ ਖ਼ੁਫੀਆ ਅਧਿਕਾਰੀਆਂ ਨੇ ਬਾਅਦ ਵਿੱਚ ਇਰਾਨ ਨੂੰ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੈਕ ਕਰਨ ਅਤੇ ਜੋਅ ਬਾਇਡਨ-ਕਮਲਾ ਹੈਰਿਸ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਨਾਲ ਜੋੜਿਆ।