- ਦਿਲ ਦਾ ਬਾਦਸ਼ਾਹ ਸੀ ਆਈਸ ਹਾਕੀ ਸਟਾਰ ‘ਟਿਮ ਹੌਰਟਨ’
ਟਿਮ ਹੌਰਟਨ ਦਾ ਜਨਮ 12 ਜਨਵਰੀ 1930 ਨੂੰ ਕੋਚਰੇਨ, ਓਂਟਾਰੀਓ ਕੈਨੇਡਾ ਵਿਖੇ ਹੋਇਆ। ਉਸਨੂੰ 1949 ਵਿੱਚ ਟੋਰਾਂਟੋ ਮੈਪਲ ਲੀਫ ਹਾਕੀ ਕਲੱਬ ਨੇ ਸਾਈਨ ਕੀਤਾ। ਉਹ ਕੈਨੇਡਾ ਦੀ ਰਾਸ਼ਟਰੀ ਹਾਕੀ ਲੀਗ ਵਿੱਚ ਪੂਰੇ 22 ਸਾਲ ਡਿਫੈਂਸ ਖੇਤਰ ਵਿੱਚ ਮਜ਼ਬੂਤ ਕੰਧ ਵਜੋਂ ਵਿਚਰਿਆ। ਟਿਮ ਨੇ 1446 ਨਿਰੰਤਰ ਸੀਜ਼ਨ ਗੇਮਜ਼ ਖੇਡੀਆਂ। ਇਸ ਦੌਰਾਨ ਉਸਨੇ 115 ਗੋਲ ਕੀਤੇ ਜਦਕਿ 403 ਵਾਰ ਗੋਲ ਲਈ ਸਹਾਇਕ ਵਜੋਂ ਅੱਗੇ ਆਇਆ। ਭਾਵ 518 ਅੰਕ ਉਸਨੇ ਜ਼ਿੰਦਗੀ ਭਰ ਦੇ ਖੇਡ ਜੀਵਨ ਵਿੱਚ ਪ੍ਰਾਪਤ ਕੀਤੇ। ਟਿਮ ਨੇ 17 ਪੂਰਨ ਅਤੇ 3 ਅੰਸ਼ਕ ਸੀਜ਼ਨ ਟੋਰਾਂਟੋ ਮੈਪਲ ਲੀਫਜ਼ ਲਈ ਖੇਡੇ। ਉਹ ਪਿਟਸਬਰਗ ਪੈਂਗੁਇਨ ’ਚ ਜਾਣ ਤੋਂ ਪਹਿਲਾਂ ਥੋੜੇ ਸਮੇਂ ਲਈ ਨਿਊਯਾਰਕ ਰੇਂਜਰ ਲਈ ਵੀ ਖੇਡਿਆ। ਪਰ ਆਪਣੇ ਖੇਡ ਜੀਵਨ ਦੇ ਆਖਰੀ ਵਰਿਆਂ ਵਿੱਚ ਟਿਮ ਨਿਊਯਾਰਕ ਅਧਾਰਿਤ ਬਫੈਲੋ ਸੇਵਰਜ਼ ਲਈ ਵੀ ਖੇਡਿਆ। ਜਿਥੇ ਉਸਨੇ ਟੀਮ ਦੇ ਉੱਭਰਦੇ ਖਿਡਾਰੀਆਂ ਲਈ ਵੱਡੀ ਭੂਮਿਕਾ ਨਿਭਾਈ।
ਟਿਮ ਹੌਰਟਨ ਚਾਰ ਸਟੈਨਲੀ ਕੱਪ ਟੀਮਾਂ ਲਈ ਖੇਡਿਆ ਅਤੇ ਛੇ ਵਾਰ ਆਲ ਸਟਾਰ ਪਲੇਅਰ ਰਿਹਾ ਅਤੇ ਟੋਰਾਂਟੋ ਮੈਪਲ ਲੀਫਜ਼ ਹਾਕੀ ਕਲੱਬ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਉਸਨੂੰ 1969 ਵਿੱਚ ਜੇ. ਪੀ. ਬਿੱਕਲ ਮੈਮੋਰੀਅਲ ਕੱਪ ਨਾਲ ਸਨਮਾਨਿਤ ਕੀਤਾ ਗਿਆ। ਟਿਮ ਬਾਰੇ ਜਾਰਜ ਆਰਮਸਟਰਾਂਗ ਨੇ ਕਿਹਾ ਉਸ ਵਰਗਾ ਚੰਗਾ ਖਿਡਾਰੀ, ਟੀਮ ਮੈਂਬਰ ਅਤੇ ਹਾਕੀ ਖਿਡਾਰੀ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਬੌਬੀ ਹੁਲ ਦੇ ਸ਼ਬਦਾਂ ਵਿੱਚ ਖੇਡ ਲਈ ਸਮਰਪਣ ਅਤੇ ਮਾਣ ਲਿਆਉਣ ਵਾਲੇ ਚੰਦ ਖਿਡਾਰੀ ਹੀ ਹੁੰਦੇ ਹਨ।
ਟਿਮ ਨੂੰ ਦਿਲ ਦੀਆਂ ਗਹਿਰਾਈਆਂ ’ਚੋਂ ਸ਼ਰਧਾਂਜਲੀ ਪੰਚ ਇਸਲਾਚ ਅਤੇ ਫਿਰ ਬਫੈਲੋ ਸੇਵਰਜ਼ ਨੇ ਦਿੱਤੀ। ਟਿਮ ਆਪਣੇ ਸ਼ਾਨਦਾਰ ਖੇਡ ਦੇ ਦਿਨਾਂ ਵਿੱਚ 1960 ਵਿੱਚ ਇਮਲਾਚ ਲਈ ਟੋਰਾਂਟੋ ’ਚ ਖੇਡਿਆ ਅਤੇ ਜਦੋਂ ਬਫੈਲੋ ਟੀਮ ਕੋਲ ਉਸਨੂੰ ਟੀਮ ਖਿਡਾਉਣ ਦਾ ਮੌਕਾ ਸੀ ਤਾਂ ਇਮਲਾਚ ਝਿਜਕੇ ਨਹੀਂ। ਇਮਲਾਚ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਬਫੈਲੋ ਟੀਮ ਦੀ ਰੀੜ ਦੀ ਹੱਡੀ ਸੀ। ਉਸਦੀ ਮੌਤ ਬੜਾ ਦੁਖਦਾਈ ਘਾਟਾ ਹੈ ਨਾ ਸਿਰਫ ਉਸਦੇ ਪਰਿਵਾਰ ਅਤੇ ਟੀਮ ਲਈ ਬਲਕਿ ਹਾਕੀ ਖੇਡ ਲਈ ਵੀ।
ਗੋਰਡੀ ਹੋਵ ਨੇ ਟਿਮ ਹੋਰਟਨ ਨੂੰ ਹਾਕੀ ਦਾ ਥੰਮ ਕਿਹਾ ਹੈ। ਮੈਦਾਨ ’ਤੇ ਲੜਾਈ ਮੌਕੇ ਉਹ ਸਾਥੀ ਖਿਡਾਰੀਆਂ ਨਾਲ ਮਿਲਕੇ ਮਹੌਲ ਸ਼ਾਂਤ ਕਰ ਲਿਆ ਕਰਦਾ ਸੀ, ਪਰ ਉਸਦੀ ਹਾਕੀ ਮੈਦਾਨ ’ਚ ਕਦੇ ਵੀ ਹਿੰਸਾ ਦੇ ਹੱਕ ’ਚ ਨਹੀਂ ਸੀ। ਕੁਝ ਲੋਕ ਕਹਿੰਦੇ ਹਨ ਕਿ ਆਈਸ ਹਾਕੀ ਵਿੱਚ ਸਲੈਪ ਸ਼ਾਟ ਹੈਡਜ਼ ਅਪ ਸਕੇਟਿੰਗ ਸਟਾਇਲ ਟਿਮ ਦੀ ਕਾਢ ਹਨ।
ਆਈਸ ਰਿੰਗ ਤੋਂ ਬਾਹਰ ਵੀ ਟਿਮ ਉਨਾ ਹੀ ਫੁਰਤੀਲਾ ਸੀ। ਉਸਨੂੰ ਸਮਝ ਲੱਗ ਗਿਆ ਸੀ ਕਿ ਉਸਦਾ ਹਾਕੀ ’ਚ ਭਵਿੱਖ ਬਹੁਤੀ ਦੇਰ ਤੱਕ ਨਹੀਂ ਅਤੇ ਆਪਣੀ ਹਾਕੀ ਤੋਂ ਕਮਾਈ ਵਿੱਚ ਕੁਝ ਹੋਰ ਵਾਧੂ ਜੋੜਨਾ ਚਾਹੁੰਦਾ ਸੀ। ਕਈ ਗਰਮੀਆਂ ਬੀਤਣ ਤੋਂ ਬਾਅਦ ਉਸਨੇ ਆਫ ਸੀਜ਼ਨ ਸਮੇਂ ਲਈ ਸੋਚਣਾਂ ਸ਼ੁਰੂ ਕੀਤਾ। ਟਿਮ ਨੇ ਕੌਫੀ ਅਤੇ ਡੋਨਟ ਕਾਰੋਬਾਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਪਹਿਲੀ ਟਿਮ ਹੋਰਟਨ ਫਰੈਂਚਾਈਜ਼ 1964 ਵਿੱਚ ਹੈਮਿਲਟਨ, ਓਂਟਾਰੀਓ (ਕੈਨੇਡਾ) ਵਿਖੇ ਖੋਲੀ ਗਈ। 1967 ਤੱਕ 3 ਰੈਸਟੋਰੈਂਟ ਬਣ ਗਏ। ਟਿਮ ਇੱਕ ਸਾਬਕਾ ਪੁਲਿਸ ਅਫਸਰ ਨਾਲ ਪੂਰਨ ਹਿੱਸੇਦਾਰ ਬਣ ਗਿਆ। ਇਸ ਹੋਰਟਨ ਦੇ ਫਰੈਂਚਾਈਜ਼ ਰੈਸਟੋਰੈਂਟ ਉਸਦੇ ਹਸਤਾਖਰ ਨਾਲ ਪੈਰੇ ਕੈਨੇਡਾ ਵਿੱਚ ਸਥਾਪਤ ਹੋ ਗਏ ’ਤੇ ਅਮਰੀਕਾ ਵਿੱਚ ਇਹ ਆਮ ਦੇਖੇ ਜਾਣ ਲੱਗੇ।
ਪਰ ਦੁੱਖ ਦੀ ਗੱਲ ਹੈ ਕਿ ਆਪਣੇ ਕਾਰੋਬਾਰ ਦੀ ਲੜੀ ਨੂੰ ਵੇਖਣ ਲਈ ਟੌਮ ਜਿੰਦਾ ਨਾ ਰਿਹਾ। 21 ਫਰਵਰੀ 1974 ਨੂੰ ਜਦੋਂ ਉਹ ਮੈਪਲ ਲੀਫ ਗਾਰਡਨ ਵਿੱਚ ਖੇਡ ਕੇ ਵਾਪਿਸ ਪਰਤ ਰਿਹਾ ਸੀ ਤਾਂ ਇੱਕ ਆਟੋਮੋਬਾਈਲ ਨਾਲ ਟੱਕਰ ਹੋਣ ਕਾਰਨ ਹੋਏ ਹਾਦਸੇ ਵਿੱਚ ਉਹ ਹਲਾਕ ਹੋ ਗਿਆ। ਬਫੈਲੋ ਸੇਵਰਸ ਨੇ ਟਿਮ ਨੂੰ ਸ਼ਰਧਾਂਜਲੀ ਦਿੰਦਿਆਂ ਉਸਦੀ ਜਰਸੀ ਨੰਬਰ ਦੋ ਨੂੰ ਰਿਟਾਇਰ ਕਰ ਦਿੱਤਾ। ਟਿਮ ਦੀ ਮੌਤ ਤੱਕ 40 ਟਿਮ ਹੋਰਟਨ ਰੈਸਟੋਰੈਂਟ ਬਣ ਚੁੱਕੇ ਸਨ।
ਹੈਮਿਲਟਨ, ਓਨਟਾਰੀਓ ਵਿੱਚ ਮਈ 17, 1964 ਨੂੰ ਹੋਂਦ ਵਿੱਚ ਆਏ ਟਿਮ ਹੌਰਟਨਸ ਦਾ ਮੁੱਖ ਦਫਤਰ ਇਸ ਵੇਲੇ ਓਕਵਿਲੇ, ਓਂਟਾਰੀਓ ਵਿੱਚ ਹੈ। ਹੁਣ ਤੱਕ ਇਸਦੀਆਂ 4590 ਬਰਾਂਚਾਂ ਕਾਰਜਸ਼ੀਲ ਹਨ ਜੋ ਕਿ ਕੈਨੇਡਾ, ਆਇਰਲੈਂਡ, ਸਲਤਨੇਤ ਆਫ ਓਮਾਨ, ਯੂਨਾਈਟਡ ਅਰਬ ਇੰਮੀਰੇਟਸ, ਇੰਗਲੈਂਡ ਅਤੇ ਅਮਰੀਕਾ ਵਿੱਚ ਸਥਿਤ ਹਨ। ਇਸਦਾ ਮੌਜੂਦਾ ਰੈਵਨਿਊ 3.225 (2013) ਬਿਲੀਅਨ ਕੈਨੇਡੀਅਨ ਡਾਲਰ ਹੈ ਜਦਕਿ ਸ਼ੁੱਧ ਬਚਤ 424.4 (2013) ਬਿਲੀਅਨ ਕੈਨੇਡੀਅਨ ਡਾਲਰ ਹੈ। ਇਸ ਦੀਆਂ ਵੱਖ-ਵੱਖ ਬਰਾਂਚਾਂ ਵਿੱਚ ਲਗਭਗ ਇੱਕ ਲੱਖ ਕਰਮਚਾਰੀ ਕੰਮ ਕਰਦੇ ਹਨ। ਟਿਮ ਹਾਰਟਨਸ ਇੰਕ ਨੂੰ ‘ਟਿਮ ਹਾਰਟਨ ਕੈਫੇ ਐਂਡ ਬੇਕ ਸ਼ੌਪ’ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਕੈਨੇਡੀਅਨ ਮਲਟੀਨੈਸ਼ਨਲ ਫਾਸਟ ਕੈਜ਼ੂਅਲ ਰੈਸਟੋਰੈਂਟ ਵਜੋਂ ਪ੍ਰਸਿੱਧ ਹੋ ਚੁੱਕਾ ਹੈ ਜੋ ਕਿ ਆਪਣੀ ਕਾਫੀ ਅਤੇ ਡੋਨਟ ਦੇ ਕਰਕੇ ਵੀ ਜਾਣਿਆ ਜਾਂਦਾ ਹੈ।
2014 ਤੱਕ ਇਸ ਦੇ ਕੈਨੇਡਾ ਵਿੱਚ 3,665, ਅਮਰੀਕਾ ਵਿੱਚ 869, ਅਤੇ ਅਰਬ ਵਿੱਚ 56 ਰੈਸਟੋਰੈਂਟ ਬਣ ਚੱੁਕੇ ਹਨ। ਇਸ ਦੀ ਫਰੈਂਚਾਈਜ਼ ਦਾ ਮੁੱਲ ਇਸ ਵੇਲੇ ਮਲਟੀ ਮਿਲੀਅਨ ਡਾਲਰਾਂ ਵਿੱਚ ਹੈ।
ਟਿਮ ਹੋਰਟਨ ਹਮੇਸ਼ਾ ਭਵਿੱਖ ਵਿੱਚ ਆਪਣੀ ਚੰਗੀ ਕਿਸਮਤ ਹੀ ਵੇਖਦਾ ਸੀ। ਉਸਨੂੰ ਆਪਣੀਆਂ ਯੋਗਤਾਵਾਂ ਕਰਕੇ ਪੂਰਨ ਵਿਸ਼ਵਾਸ ਸੀ। ਉਹ ਮਿਲਣਸਾਰ, ਸਮਝਦਾਰ ਅਤੇ ਹਰੇਕ ਦੀ ਪਹੁੰਚ ਵਿੱਚ ਸੀ। ਆਪਣੇ ਪਰਿਵਾਰ, ਮਿੱਤਰਾਂ ਅਤੇ ਕਾਰੋਬਾਰੀ ਸਹਾਇਕਾਂ ਲਈ ਇੱਕ ਅਭੁੱਲ ਯਾਦਗਾਰੀ ਬਣਿਆ ਰਹੇਗਾ।