*ਅਸੈਂਬਲੀ ਚੋਣਾਂ ਅਤੇ ਪੰਜਾਬ ਦੀਆਂ 4 ਸੀਟਾਂ ਦਾ ਵੀ ਹੋਵੇਗਾ ਫ਼ੈਸਲਾ
ਚੰਡੀਗੜ੍ਹ/ਪੰਜਾਬ ਪੋਸਟ
ਦੇਸ਼ ਦੇ 13 ਰਾਜਾਂ ਦੀਆਂ 46 ਵਿਧਾਨ ਸਭਾ ਸੀਟਾਂ ਅਤੇ ਮਹਾਰਾਸ਼ਟਰ ਦੀ ਨਾਂਦੇੜ ਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਭਾਰਤੀ ਸਮੇਂ ਮੁਤਾਬਕ, 23 ਨਵੰਬਰ ਨੂੰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਨੌਂ, ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਪੰਜਾਬ ਤੇ ਬਿਹਾਰ ਦੀਆਂ ਚਾਰ-ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਤੇ ਕੇਰਲ ਦੀਆਂ ਦੋ-ਦੋ ਅਤੇ ਗੁਜਰਾਤ, ਛੱਤੀਸਗੜ੍ਹ, ਉੱਤਰਾਖੰਡ ਤੇ ਮੇਘਾਲਿਆ ਦੀ ਇੱਕ-ਇੱਕ ਵਿਧਾਨ ਸਭਾ ਸੀਟ ’ਤੇ ਪਈਆਂ ਵੋਟਾਂ ਦੀ ਗਿਣਤੀ ਵੀ ਅੱਜ 23 ਨਵੰਬਰ ਨੂੰ ਹੋਵੇਗੀ। ਪੰਜਾਬ ਦੀਆਂ ਚਾਰ ਸੀਟਾਂ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲੇ ਦੀ ਸੀਟ ਉੱਤੇ ‘ਆਪ’, ਕਾਂਗਰਸ ਅਤੇ ਭਾਜਪਾ ਦਰਮਿਆਨ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਰੁਝਾਨ 8.30 ਵਜੇ ਅਤੇ ਪਹਿਲਾ ਨਤੀਜਾ 9.30 ਵਜੇ ਆ ਸਕਦਾ ਹੈ। ਸਖ਼ਤ ਸੁਰੱਖਿਆ ਤਹਿਤ ਗਿਣਤੀ ਕੇਂਦਰਾਂ ਵਿਚ ਪੈਰਾ ਮਿਲਟਰੀ ਫ਼ੋਰਸ ਅਤੇ ਕੇਂਦਰਾਂ ਦੇ ਆਲੇ-ਦੁਆਲੇ ਸੂਬਾ ਪੁਲਿਸ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਚੋਣਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀ ਫ਼ਾਈਨਲ ਵੀ ਮੰਨਿਆ ਜਾ ਰਿਹਾ ਹੈ।